ਕਾਂਗਰਸੀ ਸਰਪੰਚ ''ਤੇ ਤਿੰਨ ਮੁਕੱਦਮੇ ਦਰਜ

Friday, Jun 30, 2017 - 04:05 AM (IST)

ਕਾਂਗਰਸੀ ਸਰਪੰਚ ''ਤੇ ਤਿੰਨ ਮੁਕੱਦਮੇ ਦਰਜ

ਸਰਪੰਚ ਨੇ ਕਾਂਗਰਸੀ ਵਿਧਾਇਕ 'ਤੇ ਹੀ ਲਾਏ ਧੱਕੇਸ਼ਾਹੀ ਦੇ ਦੋਸ਼
ਲੁਧਿਆਣਾ(ਰਾਮ)-ਪਿੰਡ ਬੁੱਢੇਵਾਲ ਦੇ ਲਗਾਤਾਰ ਤਿੰਨ ਵਾਰ ਕਾਂਗਰਸੀ ਸਰਪੰਚ ਰਹਿ ਚੁੱਕੇ ਬਲਵੀਰ ਸਿੰਘ 'ਤੇ ਕਾਂਗਰਸ ਪਾਰਟੀ ਦੇ ਰਾਜ 'ਚ ਹੀ ਤਿੰਨ ਪਰਚੇ ਦਰਜ ਹੋਏ ਹਨ। ਇਸ ਮਾਮਲੇ ਨੂੰ ਲੈ ਕੇ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਸਰਪੰਚ ਬਲਵੀਰ ਸਿੰਘ ਬੁੱਢੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਟਕਸਾਲੀ ਕਾਂਗਰਸੀ ਹੈ ਅਤੇ ਉਨ੍ਹਾਂ ਨੇ ਹੁਣ ਤੱਕ ਕਦੇ ਵੀ ਕਿਸੇ ਚੋਣ ਦੌਰਾਨ ਕਾਂਗਰਸ ਪਾਰਟੀ ਨੂੰ ਪਿੰਡ 'ਚੋਂ ਹਾਰਨ ਨਹੀਂ ਦਿੱਤਾ, ਜੋ ਕਿ ਹਲਕਾ ਸਾਹਨੇਵਾਲ 'ਚ ਇਕ ਰਿਕਾਰਡ ਮੰਨਿਆ ਜਾਂਦਾ ਹੈ। ਇਥੋਂ ਤੱਕ ਕਿ ਇਸ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਹ ਕਾਂਗਰਸ ਪਾਰਟੀ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਸਨ ਪਰ ਪੰਜਾਬ 'ਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇਖਣ ਦੀ ਇੱਛਾ ਕਾਰਨ ਉਨ੍ਹਾਂ ਨੇ ਆਪਣੀ ਇੱਛਾ ਨੂੰ ਕੁਰਬਾਨ ਕਰ ਦਿੱਤਾ, ਜਿਸ ਦਾ ਸਿਲ੍ਹਾ ਉਨ੍ਹਾਂ ਨੂੰ ਇਹ ਮਿਲਿਆ ਕਿ ਪੰਜਾਬ ਕਾਂਗਰਸ ਨਾਲ ਸਬੰਧਿਤ ਇਕ ਯੂਥ ਦੇ ਵਿਧਾਇਕ ਨੇ ਉਨ੍ਹਾਂ ਖਿਲਾਫ ਹੀ ਉਨ੍ਹਾਂ ਦੇ ਹਲਕਾ ਸਾਹਨੇਵਾਲ 'ਚ ਹੀ ਮਾਈਨਿੰਗ ਦੇ ਤਿੰਨ ਨਾਜਾਇਜ਼ ਮੁਕੱਦਮੇ ਦਰਜ ਕਰਵਾ ਦਿੱਤੇ, ਜਦਕਿ ਜਿਸ ਜ਼ਮੀਨ ਦਾ ਵੇਰਵਾ ਦੇ ਕੇ ਇਹ ਪਰਚੇ ਕਰਵਾਏ ਗਏ ਹਨ, ਉਨ੍ਹਾਂ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਮਾਈਨਿੰਗ ਹੋਈ ਹੀ ਨਹੀਂ ਹੈ। ਸਰਪੰਚ ਬੁੱਢੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ 2015 'ਚ ਪਰਲਜ਼ ਕੰਪਨੀ ਦੀ ਜ਼ਮੀਨ ਠੇਕੇ 'ਤੇ ਲਈ ਸੀ, ਜਿਸ ਉੱਪਰ ਉਹ ਖੇਤੀ ਕਰਦੇ ਆ ਰਹੇ ਸਨ ਪਰ ਉਕਤ ਨੌਜਵਾਨ ਵਿਧਾਇਕ ਨੇ ਉਕਤ ਜ਼ਮੀਨ ਨੂੰ ਕਥਿਤ ਹਥਿਆਉਣ ਦੇ ਮਕਸਦ ਨਾਲ ਉਨ੍ਹਾਂ ਖਿਲਾਫ ਇਸ ਜ਼ਮੀਨ 'ਤੇ ਮਾਈਨਿੰਗ ਕਰਨ ਦੇ ਦੋਸ਼ਾਂ ਤਹਿਤ ਹੀ ਮੁਕੱਦਮਾ ਦਰਜ ਕਰਵਾ ਦਿੱਤਾ, ਜਦਕਿ ਉਕਤ ਜ਼ਮੀਨ 'ਤੇ ਫਸਲ ਖੜ੍ਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਇਕ ਵਿਅਕਤੀ ਨੇ ਉਕਤ ਜ਼ਮੀਨ ਤੋਂ ਕਬਜ਼ਾ ਛੱਡਣ ਲਈ ਕਥਿਤ ਧਮਕਾਇਆ ਸੀ ਪਰ ਕੋਰਟ ਦਾ ਸਟੇਅ ਵਿਖਾਉਣ ਦੇ ਬਾਅਦ ਉਕਤ ਵਿਅਕਤੀ ਵਾਪਸ ਨਹੀਂ ਆਇਆ ਪਰ ਫਿਰ 4 ਜੂਨ ਨੂੰ ਇਕ ਵਿਅਕਤੀ ਜੋ ਖੁਦ ਨੂੰ ਮਾਣਯੋਗ ਹਾਈਕੋਰਟ ਦਾ ਵਕੀਲ ਹੋਣ ਦੇ ਨਾਲ ਹੀ ਪਰਲਜ਼ ਕੰਪਨੀ ਦਾ ਨੁਮਾਇੰਦਾ ਦੱਸ ਰਿਹਾ ਸੀ ਨੇ ਕਬਜ਼ਾ ਛੱਡਣ ਲਈ ਧਮਕਾਇਆ, ਜਿਸ ਵੱਲੋਂ 5 ਜੂਨ ਨੂੰ ਮੁੱਖ ਮੰਤਰੀ ਦਫ਼ਤਰ 'ਚ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਵੀ ਦਿੱਤੀ ਗਈ, ਜੋ ਕਾਰਵਾਈ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਭੇਜੀ ਗਈ। ਜਿਸਦੇ ਬਾਬਤ ਉਹ ਖੁਦ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਸੰਜੇ ਤਲਵਾੜ ਵੱਲੋਂ ਡੀ. ਸੀ. ਅਤੇ ਸੀ. ਪੀ. ਸਾਹਿਬ ਨੂੰ ਬਿਨਾਂ ਪੱਖ ਸੁਣੇ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਗਈ ਸੀ। ਇਹ ਜ਼ਮੀਨ ਜਦੋਂ ਉਨ੍ਹਾਂ ਨੇ ਠੇਕੇ 'ਤੇ ਲਈ ਸੀ ਤਾਂ ਇਸ ਤਰ੍ਹਾਂ ਹੀ ਸੀ। ਪੁਲਸ ਨੇ ਬਗੈਰ ਉਨ੍ਹਾਂ ਦਾ ਪੱਖ ਸੁਣਨ ਤੋਂ ਹੀ ਥਾਣਾ ਸਾਹਨੇਵਾਲ 'ਚ 27 ਜੂਨ ਨੂੰ ਮਾਈਨਿੰਗ ਐਕਟ ਤਹਿਤ ਦੋ ਮੁਕੱਦਮੇ ਦਰਜ ਕਰ ਦਿੱਤੇ ਅਤੇ ਇਕ ਮੁਕੱਦਮਾ 28 ਜੂਨ ਨੂੰ ਥਾਣਾ ਜਮਾਲਪੁਰ 'ਚ ਦਰਜ ਕਰ ਦਿੱਤਾ ਗਿਆ। ਸਰਪੰਚ ਬੁੱਢੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ, ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਉਕਤ ਵਿਧਾਇਕ ਸਮੇਤ ਉਸ ਦੇ ਧਮਕਾਉਣ ਵਾਲੇ ਦੋਵਾਂ ਸਾਥੀਆਂ ਤੋਂ ਜਾਨ ਦਾ ਖ਼ਤਰਾ ਜ਼ਾਹਿਰ ਕਰਕੇ ਚਿੱਠੀਆਂ ਮੇਲ ਕੀਤੀਆਂ ਗਈਆਂ ਹਨ। ਉਨ੍ਹਾਂ ਇਸ ਪੂਰੇ ਮਾਮਲੇ ਦੀ ਜਾਂਚ ਕਿਸੇ ਉੱਚ ਅਧਿਕਾਰੀ ਪਾਸੋਂ ਕਰਵਾਉਣ ਦੀ ਮੰਗ ਵੀ ਕੀਤੀ।
ਲੋਡਾ ਕਮੇਟੀ ਦੀਆਂ ਸਿਫਾਰਿਸ਼ਾਂ 'ਤੇ ਹੋਈ ਕਾਰਵਾਈ  
ਇਸ ਸਬੰਧੀ ਜਦੋਂ ਉਕਤ ਮਾਣਯੋਗ ਹਾਈਕੋਰਟ ਦੇ ਵਕੀਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਰਲਜ਼ ਕੰਪਨੀ ਦੇ ਨੁਮਾਇੰਦੇ ਹਨ। ਮਾਣਯੋਗ ਸੁਪਰੀਮ ਕੋਰਟ ਨੇ ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਦੇ ਕੇਸ 'ਤੇ ਕਾਰਵਾਈ ਕਰਦਿਆਂ ਇਕ ਲੋਡਾ ਕਮੇਟੀ ਦਾ ਗਠਨ ਕੀਤਾ ਸੀ, ਜਿਸ 'ਚ ਹਲਕਾ ਸਾਹਨੇਵਾਲ ਦੀ ਜ਼ਮੀਨ ਸਬੰਧੀ ਡੀ. ਸੀ. ਲੁਧਿਆਣਾ, ਐੱਸ. ਡੀ. ਐੱਮ. ਪੂਰਬੀ, ਜ਼ਿਲਾ ਮਾਈਨਿੰਗ ਅਧਿਕਾਰੀ, ਡੀ. ਐੱਸ. ਪੀ. ਸਾਹਨੇਵਾਲ ਅਤੇ ਨਾਇਬ ਤਹਿਸੀਲਦਾਰ 'ਤੇ ਆਧਾਰਤ ਪੰਜ ਮੈਂਬਰੀ ਕਮੇਟੀ ਬਣੀ ਸੀ। ਇਸ ਕਮੇਟੀ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਸਾਰੇ ਤੱਥਾਂ ਨੂੰ ਕੈਮਰੇ 'ਚ ਕੈਦ ਕੀਤਾ।
ਪਰਲਜ਼ ਦੀ ਜ਼ਮੀਨ 'ਤੇ ਮਾਈਨਿੰਗ ਹੋਣ ਨਾਲ ਜ਼ਮੀਨ ਦੀ ਕੀਮਤ ਘੱਟ ਹੋਈ ਹੈ, ਜਿਸ ਦੇ ਆਧਾਰ 'ਤੇ ਹੀ ਉਨ੍ਹਾਂ ਦੀ ਸ਼ਿਕਾਇਤ 'ਤੇ ਮਾਈਨਿੰਗ ਵਿਭਾਗ ਨੇ ਮੁਕੱਦਮੇ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਾਂਗਰਸ ਪਾਰਟੀ ਦੇ ਨੌਜਵਾਨ ਵਿਧਾਇਕ ਦੀ ਕੋਈ ਭੂਮਿਕਾ ਨਹੀਂ ਹੈ।


Related News