ਕਰਾਫ਼ਟ ਮੇਲਾ ਭਲਕ ਤੋਂ, ਤਿਆਰੀਆਂ ਮੁਕੰਮਲ

Friday, Feb 21, 2020 - 10:05 AM (IST)

ਕਰਾਫ਼ਟ ਮੇਲਾ ਭਲਕ ਤੋਂ, ਤਿਆਰੀਆਂ ਮੁਕੰਮਲ

ਪਟਿਆਲਾ (ਜੋਸਨ): 22 ਫਰਵਰੀ ਤੋਂ ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ 'ਚ ਸ਼ੁਰੂ ਹੋਣ ਜਾ ਰਹੇ ਕਰਾਫ਼ਟ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ 5 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੀਆਂ ਤਿਆਰੀਆਂ ਮੁਕੰਮਲ ਹਨ। ਸ਼ੀਸ਼ ਮਹਿਲ ਲਗਾਤਾਰ ਤੀਜੇ ਸਾਲ ਕਰਾਫ਼ਟ ਮੇਲੇ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ।ਡੀ. ਸੀ. ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਲੱਗੇ ਮੇਲਿਆਂ 'ਚ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰ ਕੇ ਮੇਲੇ ਨੂੰ ਭਰਵਾਂ ਹੁੰਗਾਰਾ ਦਿੱਤਾ ਸੀ। ਹੁਣ ਲਗਾਤਾਰ ਤੀਸਰੇ ਸਾਲ ਹੋ ਰਹੇ ਕਰਾਫ਼ਟ ਮੇਲੇ ਲਈ ਵੀ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਤਿਆਰੀਆਂ ਕੀਤੀਆਂ ਗਈਆਂ ਹਨ।

ਵਧੀਕ ਡਿਪਟੀ ਕਮਿਸ਼ਨਰ–ਕਮ-ਕਰਾਫ਼ਟ ਮੇਲੇ ਦੇ ਨੋਡਲ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਮੇਲੇ 'ਚ ਆਉਣ ਵਾਲੇ ਲੋਕ ਜਿਥੇ ਦੇਸ਼-ਵਿਦੇਸ਼ ਦੇ ਸ਼ਿਲਪਕਾਰਾਂ ਦੀਆਂ ਬਣੀਆਂ ਚੀਜ਼ਾਂ ਇਕੋ ਛੱਤ ਥੱਲੇ ਖਰੀਦ ਸਕਣਗੇ, ਉਥੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ-ਨਾਚਾਂ ਦਾ ਅਨੰਦ ਵੀ ਮਾਣ ਸਕਣਗੇ। ਵੱਖ-ਵੱਖ ਪਕਵਾਨਾਂ ਦਾ ਸਵਾਦ ਨੂੰ ਵੀ ਚੱਖ ਸਕਣਗੇ। ਮੇਲੇ 'ਚ ਉੱਤਰੀ ਖੇਤਰੀ ਸੱਭਿਆਚਾਰਕ ਕੇਂਦਰ ਵੱਲੋਂ ਇਕ ਦਰਜਨ ਰਾਜਾਂ ਦੇ 200 ਤੋਂ ਵੱਧ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ।


author

Shyna

Content Editor

Related News