ਸੀ. ਪੀ. ਐੱਫ. ਕਰਮਚਾਰੀਆਂ ਨੇ ਸਿੱਖਿਆ ਮੰਤਰੀ ਨਾਲ ਕੀਤੀ ਬੈਠਕ, ਮੰਗਾਂ ਪੂਰੀਆਂ ਨਾ ਹੋਣ ''ਤੇ ਦਿੱਤੀ ਇਹ ਚੇਤਾਵਨੀ
Thursday, Oct 20, 2022 - 05:03 PM (IST)

ਜਲੰਧਰ (ਚੋਪੜਾ) : ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਹਿਮਾਚਲ ਪ੍ਰਦੇਸ਼ ਦੀ ਆਮ ਆਦਮੀ ਪਾਰਟੀ ਦੇ ਇੰਚਾਰਜ ਹਰਜੋਤ ਬੈਂਸ ਨਾਲ ਬੈਠਕ ਕੀਤੀ ਗਈ, ਜਿਸ 'ਚ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਅਤੇ ਹੋਰ ਮੰਗਾਂ ਨੂੰ ਪੂਰਾ ਨਾ ਕਰਨ ਦੇ ਵਿਰੋਧ ਵਿਚ ਸਰਕਾਰ ਦੇ ਖਿਲਾਫ ਕਰਮਚਾਰੀਆਂ ਦੇ ਰੋਸ ਤਹਿਤ ਆਮ ਆਦਮੀ ਪਾਰਟੀ ਖਿਲਾਫ ਸ਼ਿਮਲਾ 'ਚ 29 ਅਕਤੂਬਰ ਤੋਂ ਕੀਤੀ ਜਾਣ ਵਾਲੀ ਰੈਲੀ ਨੂੰ ਲੈ ਕੇ ਚਰਚਾ ਕੀਤੀ ਗਈ।
ਬੈਠਕ 'ਚ ਸੂਬਾ ਪ੍ਰਧਾਨ ਸੁਖਜੀਤ ਸਿੰਘ, ਕੈਸ਼ੀਅਰ ਅਮਨਦੀਪ ਸਿੰਘ ਅਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਗਤ ਰਾਮ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦੋਹਰਾ ਮਾਪਦੰਡ ਅਪਣਾਇਆ ਹੈ। 'ਆਪ' ਸਰਕਾਰ ਨੂੰ ਪੰਜਾਬ 'ਚ ਸੱਤਾ 'ਚ ਆਏ 7 ਮਹੀਨੇ ਹੋ ਚੁੱਕੇ ਹਨ ਅਤੇ ਸਰਕਾਰ ਨੇ ਅੱਜ ਤਕ ਸੂਬੇ 'ਚ ਪੁਰਾਣੀ ਪੈਨਸ਼ਨ ਯੋਜਨਾ ਨੂੰ ਬਹਾਲ ਨਹੀਂ ਕੀਤਾ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਇਸ ਦੀ ਗਾਰੰਟੀ ਦੇ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਅਤੇ ਕਰਮਚਾਰੀਆਂ ਦੀ ਲੜਾਈ ’ਚ ਪਿਸ ਰਹੀ ਆਮ ਜਨਤਾ, ਕਰਮਚਾਰੀਆਂ ਦੀ ਹੜਤਾਲ 26 ਤਕ ਵਧੀ
ਸੁਖਜੀਤ ਸਿੰਘ ਨੇ ਦੱਸਿਆ ਕਿ ਹਰਜੋਤ ਬੈਂਸ ਨਾਲ ਲਗਭਗ ਡੇਢ ਘੰਟੇ ਤਕ ਚੱਲੀ ਬੈਠਕ 'ਚ ਪੁਰਾਣੀ ਪੈਨਸ਼ਨ ਦੇ ਸਾਰੇ ਪਹਿਲੂਆਂ 'ਤੇ ਚਰਚਾ ਹੋਈ। ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਕੁੱਝ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ 'ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਜਲਦ ਹੀ ਇਸ ਮੁੱਦੇ ਨੂੰ ਸੁਲਝਾ ਲਿਆ ਜਾਵੇਗਾ। ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਹਿਮਾਚਲ ਪ੍ਰਦੇਸ਼ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁਰਜੀਤ ਠਾਕੁਰ ਦੇ ਸਾਹਮਣੇ ਆਪਣਾ ਸਪੱਸ਼ਟ ਰੁਖ਼ ਰੱਖਿਆ ਕਿ ਜੇਕਰ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਨਾ ਕੀਤੀ ਗਈ ਤਾਂ ਯੂਨੀਅਨ 'ਆਪ' ਦੇ ਸ਼ਿਮਲਾ ਦਫਤਰ ਦੇ ਸਾਹਮਣੇ ਪੋਲ ਖੋਲ੍ਹ ਰੈਲੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਰਹੇਗੀ।