ਮੋਹਾਲੀ ''ਚ ਵੀ ਲਾਇਆ ਜਾਵੇਗਾ ''ਗਊ ਮੂਤਰ ਪਿਓਰੀਫਾਈ''

Wednesday, Mar 07, 2018 - 04:30 PM (IST)

ਮੋਹਾਲੀ (ਕੁਲਦੀਪ) : ਹੁਣ ਚੰਡੀਗੜ੍ਹ ਸਥਿਤ ਗਊਸ਼ਾਲਾ ਦੀ ਤਰਜ਼ 'ਤੇ ਮੋਹਾਲੀ ਗਊਸ਼ਾਲਾ ਵਿਚ ਵੀ ਗਊ ਮੂਤਰ ਪਿਓਰੀਫਾਈ ਪ੍ਰਾਜੈਕਟ ਲਾਇਆ ਜਾਵੇਗਾ ਤੇ ਲੋਕਾਂ ਨੂੰ ਪਿਓਰੀਫਾਈਡ ਗਊ ਮੂਤਰ ਬਿਲਕੁਲ ਮੁਫਤ ਵੰਡਿਆ ਜਾਇਆ ਕਰੇਗਾ । ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਤੇ ਗਣਪਤੀ ਮਹਾਉਤਸਵ ਕਮੇਟੀ ਦੇ ਚੇਅਰਮੈਨ ਰੋਮੇਸ਼ ਦੱਤ ਨੇ ਫੇਜ਼-6 ਸਥਿਤ ਗਊਸ਼ਾਲਾ ਦਾ ਦੌਰਾ ਕਰਨ ਮੌਕੇ ਦੱਸਿਆ ਕਿ ਇਹ ਪ੍ਰਾਜੈਕਟ ਇਕ ਮਹੀਨੇ ਦੇ ਅੰਦਰ-ਅੰਦਰ ਲਾ ਲਿਆ ਜਾਵੇਗਾ ।  
ਦੱਤ ਨੇ ਕਿਹਾ ਕਿ ਹਿੰਦੂ ਧਰਮ ਵਿਚ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਇਸ ਲਈ ਇਸ ਦੇ ਗੋਬਰ ਤੇ ਮੂਤਰ ਨੂੰ ਵੀ ਪਵਿੱਤਰਤਾ ਦੀ ਨਜ਼ਰ ਨਾਲ ਵੇਖਿਆ ਗਿਆ ਹੈ। ਗਾਂ ਦਾ ਮੂਤਰ ਸਵਾਦ ਵਿਚ ਗਰਮ ਤੇ ਕਸੈਲਾ ਲਗਦਾ ਹੈ ਪਰ ਇਹ ਬਹੁਤ ਜਲਦੀ ਪਚਣ ਵਾਲਾ ਹੁੰਦਾ ਹੈ । ਇਸ ਵਿਚ ਨਾਈਟਰੋਜਨ, ਫਾਸਫੇਟ, ਯੂਰਿਕ ਐਸਿਡ, ਪੋਟਾਸ਼ੀਅਮ, ਕਲੋਰਾਈਡ ਤੇ ਸੋਡੀਅਮ ਹੁੰਦਾ ਹੈ । ਗਊ ਮੂਤਰ ਨਾਲ 108 ਰੋਗ ਠੀਕ ਹੁੰਦੇ ਹਨ । ਆਯੁਰਵੈਦ ਵਿਚ ਗਊ ਮੂਤਰ ਦੇ ਕਾਫੀ ਫਾਇਦੇ ਦੱਸੇ ਗਏ ਹਨ । ਗਊ ਮੂਤਰ ਦਾ ਰਸਾਇਣਿਕ ਵਿਸ਼ਲੇਸ਼ਣ ਕਰਨ 'ਤੇ ਵਿਗਿਆਨੀਆਂ ਨੇ ਜਾਣਿਆ ਕਿ ਇਸ ਵਿਚ 24 ਅਜਿਹੇ ਤੱਤ ਹਨ, ਜੋ ਸਰੀਰ ਦੇ ਵੱਖ-ਵੱਖ ਰੋਗਾਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦੇ ਹਨ । ਆਯੂਰਵੈਦ ਅਨੁਸਾਰ ਗਊ ਮੂਤਰ ਦਾ ਸੇਵਨ ਕਰਨ ਨਾਲ ਕਈ ਬੀਮਾਰੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ । ਦੱਤ ਨੇ ਕਿਹਾ ਕਿ ਗਊਸ਼ਾਲਾ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ਗੌਰੀ ਸ਼ੰਕਰ ਸੇਵਾ ਦਲ ਨਾਲ ਵੀ ਇਸ ਸਬੰਧੀ ਗੱਲਬਾਤ ਹੋ ਚੁੱਕੀ ਹੈ । ਗਊ ਮੂਤਰ ਦੀ ਮੋਹਾਲੀ ਵਿਚ ਕਾਫੀ ਮੰਗ ਹੈ, ਜਿਸ ਨੂੰ ਬਹੁਤ ਜਲਦ ਪੂਰਾ ਕੀਤਾ ਜਾਵੇਗਾ । ਇਸ ਮੌਕੇ ਵਿਨੋਦ ਕੁਮਾਰ, ਸੁਮਿਤ, ਸੁਸ਼ੀਲ ਆਦਿ ਵਲੋਂ ਰੋਮੇਸ਼ ਦੱਤ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।
 


Related News