ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਲਈ ਲੋਕ ਵਾਰ-ਵਾਰ ਲਗਾ ਰਹੇ ਸਰਕਾਰੀ ਹੈਲਥ ਸੈਂਟਰਾਂ ਦੇ ਚੱਕਰ

Saturday, May 15, 2021 - 05:37 PM (IST)

ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਲਈ ਲੋਕ ਵਾਰ-ਵਾਰ ਲਗਾ ਰਹੇ ਸਰਕਾਰੀ ਹੈਲਥ ਸੈਂਟਰਾਂ ਦੇ ਚੱਕਰ

ਅੰਮ੍ਰਿਤਸਰ (ਅਨਜਾਣ) : ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਭਾਰਤ ਅਤੇ ਸੂਬਾ ਸਰਕਾਰ ਵੱਲੋਂ ਕੋਵਿਡ ਵੈਕਸੀਨ ਲਗਵਾਉਣ ਦੀ ਲੋਕਾਂ ਅੱਗੇ ਅਪੀਲ ਤਾਂ ਕੀਤੀ ਜਾ ਰਹੀ ਹੈ ਪਰ ਵੈਕਸੀਨ ਦੀ ਕਮੀ ਅਤੇ ਆਨਲਾਈਨ ਅਪਾਇੰਟਮੈਂਟਾਂ ਦਾ ਲਗਾਤਾਰ ਬੁੱਕ ਹੁੰਦੇ ਜਾਣਾ ਸਰਕਾਰੀ ਹੈਲਥ ਸੈਂਟਰਾਂ ’ਤੇ ਲੋਕਾਂ ਦੀ ਭੀੜ ਇਕੱਠੀ ਹੋਣ ਕਾਰਣ ਲਾਗ ਦਾ ਖ਼ਤਰਾ ਵੀ ਵੱਧਦਾ ਜਾ ਰਿਹਾ ਹੈ। ਅਜਿਹੀ ਸਥਿਤੀ ਪੈਦਾ ਹੋਣ ਕਰਕੇ ਸਰਕਾਰ ਅਤੇ ਸਿਹਤ ਪ੍ਰਸ਼ਾਸਨ ਦੀ ਕੋਰੋਨਾ ਨਾਲ ਲੜਾਈ ਦੀ ਪੋਲ ਦਿਨ-ਬ-ਦਿਨ ਖੁੱਲ੍ਹਦੀ ਜਾ ਰਹੀ ਹੈ। ਅਜਿਹੀ ਹੀ ਸਥਿਤੀ ਅੰਮ੍ਰਿਤਸਰ ਦੇ ਭਾਈ ਮੋਹਕਮ ਸਿੰਘ ਸ਼ਹਿਰੀ ਪ੍ਰਾਈਮਰੀ ਸਿਹਤ ਕੇਂਦਰ (ਸਕੱਤਰੀ ਬਾਗ) ਵਿਖੇ ਦੇਖਣ ਨੂੰ ਮਿਲੀ। ਜਿੱਥੇ ਕੋਰੋਨਾ ਦੇ ਟੀਕੇ ਦੀ ਦੂਜੀ ਡੋਜ਼ ਲੈਣ ਲਈ ਕੁੱਝ ਵਿਅਕਤੀ ਆਨਲਾਈਨ ਅਪਾਇੰਟਮੈਂਟ ਬੁੱਕ ਕਰਕੇ ਇਥੇ ਲਗਾਤਾਰ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਨੂੰ ਟੀਕੇ ਦੀ ਕਮੀ ਦੱਸਦਿਆਂ ਇਥੋਂ ਦੇ ਕਰਮਚਾਰੀ ਵਾਰ-ਵਾਰ ਵਾਪਸ ਮੋੜ ਰਹੇ ਹਨ।

ਇਸੇ ਸਬੰਧੀ ਉਕਤ ਸਿਹਤ ਕੇਂਦਰ ਪਹੁੰਚੇ ਕੁਝ ਵਿਅਕਤੀਆਂ ਨੇ ਜਗਬਾਣੀ/ਪੰਜਾਬ ਕੇਸਰੀ ਨਾਲ ਸੰਪਰਕ ਕਰਦਿਆਂ ਇਸ ਸਮੱਸਿਆ ਨੂੰ ਲੋਕਾਂ, ਸਿਹਤ ਵਿਭਾਗ ਅਤੇ ਸਰਕਾਰ ਅੱਗੇ ਉਜਾਗਰ ਕਰਨ ਦੀ ਮੰਗ ਕੀਤੀ। ਹਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ 75 ਸਾਲਾਂ ਦੀ ਬਜ਼ੁਰਗ ਮਾਤਾ ਨੂੰ ਜਦ ਵੀ ਵੈਕਸੀਨ ਲਗਵਾਉਣ ਲਈ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਇਕ ਟੋਕਨ ਬਣਾ ਕੇ ਦੇ ਦਿੱਤਾ ਜਾਂਦਾ ਹੈ ਪਰ ਜਦ ਉਹ ਇਥੇ ਵੈਕਸੀਨ ਲਗਵਾਉਣ ਲਈ ਪਹੁੰਚਦੇ ਹਨ ਤਾਂ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕਿ ਵੈਕਸੀਨ ਮੁੱਕੀ ਹੋਈ ਹੈ। ਤਰਸੇਮ ਸਿੰਘ ਤੇ ਕੁਝ ਹੋਰ ਲੋਕਾਂ ਨੇ ਕਿਹਾ ਕਿ ਜੇਕਰ ਸਿਹਤ ਕੇਂਦਰਾਂ ਕੋਲ ਵੈਕਸੀਨ ਨਹੀਂ ਹਨ ਤਾਂ ਆਨਲਾਈਨ ਅਪਾਇੰਟਮੈਂਟ ਕਿਉਂ ਬੁੱਕ ਕੀਤੀ ਜਾ ਰਹੀ ਹੈ।

ਕੁਝ ਹੋਰ ਲੋਕਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਇਥੇ ਇਕ ਇਕੱਲੀ ਬਜ਼ੁਰਗ ਮਾਤਾ ਵਾਰ-ਵਾਰ ਚੱਕਰ ਕੱਟਣ ਕਰਕੇ ਪਰੇਸ਼ਾਨੀ ਦੀ ਹਾਲਤ ਵਿਚ ਰੋ ਰਹੀ ਸੀ ਤਾਂ ਸੈਂਟਰ ਦੀ ਇਕ ਮਹਿਲਾ ਕਰਮਚਾਰੀ ਨੇ ਮਾਤਾ ਨੂੰ ਕਿਹਾ ਕਿ ਉਹ ਸਾਡੇ ਕੇਂਦਰ ਵਿਚ ਨਾ ਰੋਵੇ ਅਗਰ ਰੋਣਾ ਹੀ ਹੈ ਤਾਂ ਉਨ੍ਹਾਂ ਅੱਗੇ ਰੋਵੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਸਨ। ਹਰਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਉਹ ਇਥੇ ਤਕਰੀਬਨ ਡੇਢ ਮਹੀਨੇ ਤੋਂ ਵੈਕਸੀਨ ਦੀ ਦੂਜੀ ਡੋਜ਼ ਲੈਣ ਲਈ ਪਹੁੰਚ ਰਹੇ ਸਨ ਪਰ ਵੈਕਸੀਨ ਨਾ ਹੋਣ ਕਰਕੇ ਉਨ੍ਹਾਂ ਨੇ ਹੁਣ ਬਾਹਰੋਂ 250 ਰੁਪਏ ਦੇ ਕੇ ਵੈਕਸੀਨ ਦੀ ਦੂਜੀ ਡੋਜ਼ ਲਈ ਹੈ। ਅਜਿਹੇ ਵਿਚ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਨਿੱਜੀ ਕੇਂਦਰਾਂ ਕੋਲ ਵੈਕਸੀਨ ਹੈ ਤਾਂ ਫਿਰ ਸਰਾਕਰੀ ਕੇਂਦਰਾਂ ਕੋਲ ਕਿਉਂ ਨਹੀਂ?

ਕੀ ਕਹਿਣਾ ਹੈ ਸਿਹਤ ਕੇਂਦਰ ਅਧਿਕਾਰੀ ਦਾ
ਇਸ ਬਾਬਤ ਜਦੋਂ ਉਕਤ ਸਿਹਤ ਕੇਂਦਰ ਦੀ ਇੰਚਾਰਜ ਡਾਕਟਰ ਰਿਤਿਕਾ ਸੋਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨ ਦੀ ਕਮੀ ਬਾਰੇ ਉਹ ਵਿਭਾਗ ਨੂੰ ਸੂਚਿਤ ਕਰ ਚੁੱਕੇ ਹਨ ਅਤੇ ਨਾਲ ਹੀ ਉਹ ਖੁਦ ਵੱਲੋਂ ਇਥੇ ਆਉਣ ਵਾਲੇ ਵਿਅਕਤੀਆਂ ਨੂੰ ਟੋਕਨ ਦੇ ਰਹੇ ਹਨ ਤਾਂ ਕਿ ਜਦੋਂ ਵੈਕਸੀਨ ਆਉਂਦੀ ਹੈ ਤਾਂ ਪਹਿਲਾਂ ਟੋਕਨ ਵਾਲਿਆਂ ਨੂੰ ਵੈਕਸੀਨ ਲਗਾ ਦਿੱਤਾ ਜਾਵੇ।


author

Gurminder Singh

Content Editor

Related News