ਦਿੱਲੀ ਕਮੇਟੀ ਚੋਣਾਂ : ਸਿਰਸਾ ਵੱਲੋਂ ਦਾਇਰ ਕੇਸ ’ਚ ਅਦਾਲਤ ਵੱਲੋਂ ਸਮੁੱਚਾ ਰਿਕਾਰਡ ਤਲਬ
Tuesday, Sep 21, 2021 - 12:38 PM (IST)
ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਡਾਇਰੈਕਟਰ ਗੁਰਦੁਆਰਾ ਚੋਣਾਂ ਨਰਿੰਦਰ ਸਿੰਘ ਵੱਲੋਂ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ਨਾਲ ਰਲ ਕੇ ਗਲਤ ਢੰਗ ਨਾਲ ਵਾਰਡਾਂ ਦੀ ਹੱਦਬੰਦੀ ਕੀਤੀ ਗਈ ਤੇ ਜਾਅਲੀ ਵੋਟਾਂ ਬਣਾਈਆਂ ਗਈਆਂ। ਜਿਸ ਲਈ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਾਇਰ ਕੇਸ ਵਿਚ ਦਿੱਲੀ ਦੀ ਇਕ ਅਦਾਲਤ ਨੇ ਸਮੁੱਚਾ ਰਿਕਾਰਡ ਅਦਾਲਤ ਵਿਚ ਤਲਬ ਕਰ ਲਿਆ ਹੈ। ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਾਏ ਕੇਸ ਦੀ ਸੁਣਵਾਈ ਐਡੀਸ਼ਨਲ ਜ਼ਿਲ੍ਹਾ ਜੱਜ 4 ਸੈਂਟਰਲ ਤੀਸ ਹਜ਼ਾਰੀ ਕੋਰਟ ਅਜੈ ਸਿੰਘ ਸ਼ੇਖਾਵਤ ਦੀ ਅਦਾਲਤ ਵਿਚ ਹੋਈ। ਉਨ੍ਹਾਂ ਵੱਲੋਂ ਸੀਨੀਅਰ ਵਕੀਲ ਜੇ. ਐੱਸ. ਬਖਸ਼ੀ ਤੇ ਅਮਿਤੇਸ਼ ਸਿੰਘ ਬਖਸ਼ੀ ਪੇਸ਼ ਹੋਏ। ਉਨ੍ਹਾਂ ਨੇ ਮਾਣਯੋਗ ਜੱਜ ਨੁੰ ਦੱਸਿਆ ਕਿ ਕਿਵੇਂ ਡਾਇਰੈਕਟਰ ਗੁਰਦੁਆਰਾ ਚੋਣਾਂ ਨਰਿੰਦਰ ਸਿੰਘ ਨੇ ਅਕਾਲੀ ਦਲ ਦੇ ਵਿਰੋਧੀਆਂ ਨਾਲ ਰਲ ਕੇ ਗਲਤ ਹੱਦਬੰਦੀ ਕੀਤੀ ਤੇ ਜਾਅਲੀ ਵੋਟਾਂ ਬਣਾਈਆਂ। ਉਨ੍ਹਾਂ ਕਿਹਾ ਕਿ ਸਿਰਸਾ ਦੇ ਵਾਰਡ ਵਿਚ ਅਨੇਕਾਂ ਅਜਿਹੀਆਂ ਸੜਕਾਂ ਤੇ ਘਰ ਵਿਖਾਏ ਗਏ, ਜੋ ਅਸਲ ਵਿਚ ਉਥੇ ਮੌਜੂਦ ਹੀ ਨਹੀਂ ਹਨ। ਇਨ੍ਹਾਂ ਥਾਵਾਂ ’ਤੇ ਵੋਟਰਾਂ ਦੀ ਰਜਿਸਟਰੇਸ਼ਨ ਗਲਤ ਢੰਗ ਨਾਲ ਕੀਤੀ ਗਈ।
ਇਹ ਵੀ ਪੜ੍ਹੋ : ‘ਸਵਾ 3 ਘੰਟੇ ਮੰਥਨ, ਚੰਨੀ ਨੇ ਮੰਤਰੀ ਮੰਡਲ ’ਚ ਕਈ ਫੈਸਲੇ ਅਗਲੀ ਬੈਠਕ ’ਤੇ ਛੱਡੇ’
ਸਿਰਸਾ ਨੇ ਦੱਸਿਆ ਕਿ ਅਦਾਲਤ ਨੇ ਇਸ ਸਾਰੇ ਮਾਮਲੇ ਨੁੰ ਗੰਭੀਰਤਾ ਨਾਲ ਲੈਂਦਿਆਂ ਸਾਰਾ ਰਿਕਾਰਡ ਸੁਰੱਖਿਅਤ ਰੱਖਣ ਅਤੇ ਇਹ ਅਗਲੀ ਪੇਸ਼ੀ 28 ਸਤੰਬਰ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਨਾਂ ਧੜੇ ਨੇ ਪਹਿਲਾਂ ਜਿਸ ਢੰਗ ਨਾਲ ਡਾਇਰੈਕਟਰ ਨਾਲ ਰਲ ਕੇ ਨਕਲੀ ਵੋਟਾਂ ਬਣਾਈਆਂ ਤੇ ਗਲਤ ਹੱਦਬੰਦੀ ਕਰਵਾਈ, ਉਸੇ ਤਰੀਕੇ ਸਰਨਾ ਧੜਾ ਸ਼੍ਰੋਮਣੀ ਕਮੇਟੀ ਵੱਲੋਂ ਮੈਂਬਰ ਕੋਆਪਟ ਕਰਨ ਦੀ ਪ੍ਰਕਿਰਿਆ ਨੁੰ ਝੂਠ ਤੇ ਕੁਫਰ ਦੇ ਸਹਾਰੇ ਖਰਾਬ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਤੇ ਸੰਗਤ ਦੇ ਸਹਿਯੋਗ ਸਦਕਾ ਉਹ ਨਾ ਸਿਰਫ ਅਦਾਲਤ ਵਿਚ ਇਹ ਗਲਤ ਵੋਟਾਂ ਬਣਾਉਣ ਦਾ ਕੇਸ ਜਿੱਤਣਗੇ ਸਗੋਂ ਸ਼੍ਰੋਮਣੀ ਕਮੇਟੀ ਵੱਲੋਂ ਕੋਆਪਟ ਹੋ ਕੇ ਗੁਰੂਘਰ ਦੀ ਸੇਵਾ ਵੀ ਕਰਨਗੇ। ਵਿਰੋਧੀ ਭਾਵੇਂ ਜਿੰਨੀਆਂ ਮਰਜ਼ੀਆਂ ਸਾਜ਼ਿਸ਼ਾਂ ਲੈਣ ਪਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਤੇ ਹੁਣ ਵੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ਦਲਿਤ, ਜਾਟ ਤੇ ਹਿੰਦੂ ’ਚ ਬਣਾਇਆ ਗਿਆ ਸੰਤੁਲਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ