ਸੰਗਰੂਰ ਵਿਖੇ ਭਾਜਪਾ ਦਫਤਰ ''ਤੇ ਹੋਏ ਹਮਲੇ ਦੀ ਰਵਨੀਤ ਬਿੱਟੂ ਵੱਲੋਂ ਨਿਖੇਧੀ

Monday, Jul 27, 2026 - 07:09 PM (IST)

ਸੰਗਰੂਰ ਵਿਖੇ ਭਾਜਪਾ ਦਫਤਰ ''ਤੇ ਹੋਏ ਹਮਲੇ ਦੀ ਰਵਨੀਤ ਬਿੱਟੂ ਵੱਲੋਂ ਨਿਖੇਧੀ

ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਸੰਗਰੂਰ ਵਿਖੇ ਭਾਜਪਾ ਦਫ਼ਤਰ 'ਤੇ ਪੈਟਰੋਲ ਬੰਬ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਅੱਜ ਸੰਗਰੂਰ ਵਿਖੇ ਪੁੱਜੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਨਿਕੰਮੀ ਸਰਕਾਰ ਹੈ। ਪੰਜਾਬ ਦੇ ਵਿਚ ਅੱਜ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਵਿਚ ਭਾਰਤੀ ਜਨਤਾ ਪਾਰਟੀ ਦੇ ਦਫਤਰ ਤੇ ਪੈਟਰੋਲ ਬੰਬ ਨਾਲ ਕੀਤਾ ਗਿਆ ਹਮਲਾ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ। ਉਹ ਇਸ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਅਤੇ ਪੰਜਾਬ ਪੁਲਸ ਪ੍ਰਸ਼ਾਸਨ ਅਤੇ ਡੀ.ਜੀ.ਪੀ. ਪੰਜਾਬ ਤੋਂ ਇਸ ਘਟਨਾ ਦੀ ਪੂਰੀ ਜਾਂਚ ਦੀ ਮੰਗ ਕਰਦੇ ਹਨ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਪੰਜਾਬ ਪੁਲਸ ਨੂੰ ਬਹਾਦਰ ਦੱਸਦਿਆਂ ਕਿਹਾ ਕਿ ਸਮੱਸਿਆ ਪੁਲਸ ਵਿਚ ਨਹੀਂ, ਬਲਕਿ ਮੌਜੂਦਾ ਸਰਕਾਰ ਦੀ ਨੀਤੀ ਵਿਚ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਨਤਾ ਇਸ ਦਾ ਜਵਾਬ ਦੇਵੇਗੀ ਅਤੇ ਭਾਜਪਾ ਦੀ ਪੰਜਾਬ ਅੰਦਰ ਸਰਕਾਰ ਆਉਣ ਤੇ ਪੰਜਾਬ ਨੂੰ ਗੈਂਗਸਟਰਾਂ ਅਤੇ ਨਸ਼ਾ ਮੁਕਤ ਬਣਾਇਆ ਜਾਵੇਗਾ।  ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਦਫਤਰਾਂ ਅਤੇ ਭਾਜਪਾ ਦੇ ਆਗੂਆਂ ਤੇ ਹੋ ਰਹੇ ਬਾਰ-ਬਾਰ ਹਮਲਿਆਂ ਨੂੰ ਲੈ ਕੇ ਪੰਜਾਬ ਪ੍ਰਧਾਨ ਸਮੇਤ ਵੱਖ-ਵੱਖ ਭਾਜਪਾ ਆਗੂਆਂ ਵੱਲੋਂ ਪੰਜਾਬ ਪੁਲਸ ਦੇ ਅਧਿਕਾਰੀਆਂ ਨੂੰ ਭਾਜਪਾ ਦੇ ਦਫਤਰਾਂ ਵਿਚ ਸੁਰੱਖਿਆ ਕਰਮੀ ਤਾਇਨਾਤ ਕਰਨ ਸਬੰਧੀ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। 

ਬਿੱਟੂ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਮਾਮਲੇ ਦੀ FIR ਦਰਜ ਕਰਕੇ ਜਾਂਚ ਲਈ ਟੀਮਾਂ ਗਠਿਤ ਕਰ ਦਿੱਤੀਆਂ ਹਨ, ਪਰ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇਕ ਵਾਰ ਫਿਰ ਵੱਡਾ ਸਵਾਲ ਹੈ। ਇਸ ਮੌਕੇ ਮਨਿੰਦਰ ਸਿੰਘ ਕਪਿਆਲ ਜ਼ਿਲ੍ਹਾ ਪ੍ਰਧਾਨ ਭਾਜਪਾ ਸੰਗਰੂਰ-1 ਅਤੇ ਦਮਨ ਥਿੰਦ ਬਾਜਵਾ ਸੂਬਾ ਜਨਰਲ ਸੈਕਟਰੀ ਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ-2 ਤੋਂ ਇਲਾਵਾ ਭਾਜਪਾ ਦੇ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।


author

Anmol Tagra

Content Editor

Related News