ਕੋਟੂ ਚੌਕ ''ਚ ਕੂੜੇ ਕਾਰਨ ਅਦਾਲਤ ਨੇ ਨਗਰ ਕੌਂਸਲ ਨੂੰ ਕੀਤਾ ਜੁਰਮਾਨਾ

02/08/2018 6:32:21 AM

ਕਪੂਰਥਲਾ, (ਗੁਰਵਿੰਦਰ ਕੌਰ)- ਸਥਾਈ ਲੋਕ ਅਦਾਲਤ 'ਚ ਕੋਟੂ ਚੌਕ 'ਚ ਕੂੜੇ ਦੇ ਡੰਪ ਨੂੰ ਲੈ ਕੇ ਚੱਲ ਰਹੇ ਮਾਮਲੇ 'ਚ ਅੱਜ ਨਗਰ ਕੌਂਸਲ ਕਪੂਰਥਲਾ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ ਤੇ ਨਾਲ ਹੀ ਨਗਰ ਕੌਂਸਲ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ 1 ਮਾਰਚ 2018 ਤਕ ਕੋਟੂ ਚੌਕ 'ਚ ਸਾਰੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹ ਕੇ ਰਿਪੋਰਟ ਕੀਤੀ ਜਾਵੇ ਤੇ ਕੋਰਟ ਦੇ ਹੁਕਮ ਨਾ ਮੰਨਣ ਦੀ ਸੂਰਤ 'ਚ ਸਾਰਾ ਮਾਮਲਾ ਹਾਈਕੋਰਟ ਦੇ ਧਿਆਨ 'ਚ ਲਿਆਂਦਾ ਜਾਵੇਗਾ। 
ਵਰਣਨਯੋਗ ਹੈ ਕਿ ਕੋਟੂ ਚੌਕ ਕਪੂਰਥਲਾ 'ਚ ਨਗਰ ਕੌਂਸਲ ਦਾ ਦੂਸਰਾ ਵੱਡਾ ਕੂੜੇ ਦਾ ਡੰਪ ਸੀ, ਜਿਸ ਨੂੰ ਕੁਝ ਮਹੀਨੇ ਪਹਿਲਾਂ ਕੁਝ ਲੋਕਾਂ ਵਲੋਂ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਾਰਾ ਕੂੜਾ ਪਿੱਪਲ ਵਾਲਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੁੱਟਣਾ ਸ਼ੁਰੂ ਹੋ ਗਿਆ, ਜਿਸ ਕਾਰਨ ਗੁਰਦੁਆਰਾ ਸਾਹਿਬ 'ਚ ਆਉਣ ਵਾਲੀ ਸੰਗਤ ਨੇ ਕੋਟੂ ਚੌਕ ਦਾ ਡੰਪ ਦੁਬਾਰਾ ਚਲਾਉਣ ਦੇ ਲਈ ਸਥਾਈ ਲੋਕ ਅਦਾਲਤ 'ਚ ਕੇਸ ਲਾਇਆ ਸੀ, ਜਿਸ ਤੋਂ ਬਾਅਦ ਮਾਣਯੋਗ ਜੱਜ ਮੈਡਮ ਮੰਜੂ ਰਾਣਾ ਨੇ ਖੁਦ ਮੌਕਾ ਦੇਖਿਆ ਤੇ ਕੋਟੂ ਚੌਕ ਨਾਲ ਲੱਗਦੇ ਨਾਜਾਇਜ਼ ਖੋਖੇ, ਥੜ੍ਹੇ ਆਦਿ ਢਾਹੁਣ ਲਈ ਹੁਕਮ ਜਾਰੀ ਕੀਤੇ ਸਨ। ਨਗਰ ਕੌਂਸਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੇ ਜਾਣ ਕਾਰਨ ਸ਼ਿਕਾਇਤਕਰਤਾ ਵੱਲੋਂ ਵਕੀਲ ਪੂਜਾ ਨੇਗੀ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਨਗਰ ਕੌਂਸਲ ਜਾਣਬੁੱਝ ਕੇ ਕੁਝ ਨਹੀਂ ਕਰ ਰਹੀ ਹੈ, ਜਿਸ 'ਤੇ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਨੇ 5 ਫਰਵਰੀ ਨੂੰ ਕੋਰਟ ਤੋਂ ਇਕ ਦਿਨ ਦਾ ਸਮਾਂ ਮੰਗਿਆ ਸੀ ਤੇ ਹੁਕਮਾਂ ਦੀ ਪਾਲਣਾ ਕਰ ਕੇ 7 ਫਰਵਰੀ ਨੂੰ ਰਿਪੋਰਟ ਦੇਣ ਲਈ ਕਿਹਾ ਸੀ। ਅੱਜ ਕੋਰਟ 'ਚ ਕਾਰਜਸਾਧਕ ਅਧਿਕਾਰੀ ਵੱਲੋਂ ਕਲਰਕ ਕੁਲਵੰਤ ਸਿੰਘ ਹਾਜ਼ਰ ਹੋਏ, ਜਿਨ੍ਹਾਂ ਨੇ ਪੁਲਸ ਨਾ ਮਿਲਣ ਦੇ ਕਾਰਨ ਨਗਰ ਕੌਂਸਲ ਵੱਲੋਂ ਕੋਈ ਕਾਰਵਾਈ ਨਾ ਹੋਣ ਬਾਰੇ ਦੱਸਿਆ। ਜਿਸ ਤੋਂ ਬਾਅਦ ਮਾਣਯੋਗ ਜੱਜ ਮੈਡਮ ਮੰਜੂ ਰਾਣਾ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਨਗਰ ਕੌਂਸਲ ਕਪੂਰਥਲਾ ਨੂੰ 5 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ ਤੇ ਨਾਲ ਹੀ ਨਗਰ ਕੌਂਸਲ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ 1 ਮਾਰਚ ਤਕ ਕੋਟੂ ਚੌਕ ਦੇ ਸਾਰੇ ਨਾਜਾਇਜ਼ ਉਸਾਰੀ ਨੂੰ ਢਾਹ ਕੇ ਰਿਪੋਰਟ ਦਿੱਤੀ ਜਾਵੇ। ਉਥੇ ਹੀ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੀ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸਾਰੇ ਡਰੇਨਜ਼ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਤੇ 1 ਮਾਰਚ ਤਕ ਰਿਪੋਰਟ ਦੇਣ ਲਈ ਕਿਹਾ ਗਿਆ ਹੈ।


Related News