ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕੁੜੀ ਨੂੰ ਵਰਗਲਾ ਕੇ ਲਿਜਾਣ ਵਾਲਾ ਭਗੌੜਾ ਕਰਾਰ
Monday, Oct 18, 2021 - 03:09 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਦੀ ਅਦਾਲਤ ਵੱਲੋਂ ਵਿਆਹ ਕਰਾਉਣ ਦਾ ਝਾਂਸ ਦੇ ਕੇ ਕੁੜੀ ਨੂੰ ਵਰਗਲਾ ਕੇ ਲਿਜਾਣ ਵਾਲੇ ਵਿਅਕਤੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਥਾਣਾ ਬਜਾਖਾਨਾ ਦੇ ਮੁਲਜ਼ਮ ਭਿੰਡਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਮਾਹਣਾ ਪੱਤੀ ਕੋਠੇ ਨੇਹੀਆਂ ਵਾਲਾ (ਬਠਿੰਡਾ) ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਮੁਲਜ਼ਮ ਖ਼ਿਲਾਫ਼ ਵੱਖਰਾ ਮੁਕੱਦਮਾ ਨੰਬਰ 97 ਬਾਜਾਖਾਨਾ ਵਿਖੇ ਦਰਜ ਕਰ ਲਿਆ ਗਿਆ ਹੈ। ਇਹ ਜ਼ਿਕਰਯੋਗ ਹੈ ਕਿ ਇਸ ਦੋਸ਼ੀ ਖ਼ਿਲਾਫ਼ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਨਿਵਾਸੀ ਇੱਕ ਪਰਿਵਾਰਕ ਮੁਖੀ ਨੇ ਮੁਕੱਦਮਾ ਦਰਜ ਕਰਵਾਇਆ ਸੀ।
ਇਸ ਵਿੱਚ ਸ਼ਿਕਾਇਤ ਕਰਤਾ ਨੇ ਬਿਆਨ ਕੀਤਾ ਸੀ ਕਿ ਉਸ ਦੇ ਘਰ ਧੀ ਪੈਦਾ ਹੋਣ ’ਤੇ ਉਸਦੀ ਮਾਸੀ ਜੋ ਪਿੰਡ ਨੇਹੀਆਂਵਾਲਾ ਵਿਖੇ ਰਹਿੰਦੀ ਹੈ, ਦੀ ਧੀ ਬੁਰਜ ਜਵਾਹਰ ਵਾਲਾ ਵਿਖੇ ਉਸਦੇ ਘਰ ਆਈ ਸੀ। ਬਿਆਨ ਕਰਤਾ ਅਨੁਸਾਰ 29 ਅਗਸਤ, 2020 ਨੂੰ ਉਸਦੀ ਮਾਸੀ ਦੀ ਧੀ ਬਿਆਨ ਕਰਤਾ ਦੀ ਘਰ ਵਾਲੀ ਅਤੇ ਉਸਦੀ ਮਾਤਾ ਕੋਲ ਚੁਬਾਰੇ ਵਿੱਚ ਸੁੱਤੀ ਪਈ ਸੀ ਪਰ ਸਵੇਰੇ ਕਰੀਬ ਸਾਢੇ ਪੰਜ ਵਜੇ ਕੁੜੀ ਜਦ ਆਪਣੇ ਬਿਸਤਰ ’ਤੇ ਨਹੀਂ ਪਾਈ ਗਈ ਤਾਂ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਭਿੰਡਰ ਸਿੰਘ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਇਨ੍ਹਾਂ ਬਿਆਨਾਂ ’ਤੇ ਥਾਣਾ ਬਾਜਾਖਾਨਾ ਵਿਖੇ ਭਿੰਡਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਸੀ, ਜਿਸ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ।