ਅਦਾਲਤ ਵਲੋਂ ਅੰਮ੍ਰਿਤਪਾਲ ਦਾ ਸਾਥੀ ਹੋਣ ਦੇ ਦੋਸ਼ ’ਚ ਗ੍ਰਿਫ਼ਤਾਰ ਜਸਵਿੰਦਰ ਸਿੰਘ ਦੀ ਰਿਹਾਈ ਦੇ ਹੁਕਮ
Monday, Apr 10, 2023 - 06:31 PM (IST)
ਹੁਸ਼ਿਆਰਪੁਰ (ਰਾਕੇਸ਼) : ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਮਰਨਾਈਆਂ ਤੋਂ ਅੰਮ੍ਰਿਤਪਾਲ ਦੇ ਫਰਾਰ ਹੋਣ ਦੀ ਘਟਨਾ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਹੋਰਨਾਂ ਸੂਬਿਆਂ ’ਚ ਵੀ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਹੁਸ਼ਿਆਰਪੁਰ ਪੁਲਸ ਨੇ ਇਕ ਵੱਡੀ ਸਫਲਤਾ ਦਾ ਦਾਅਵਾ ਕੀਤਾ ਸੀ, ਜਦੋਂ ਪੁਲਸ ਨੇ ਜਸਵਿੰਦਰ ਸਿੰਘ ਪਾਂਗਲੀ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਫਗਵਾੜਾ ਨੇੜਲੇ ਪਿੰਡ ਜਗਤਪੁਰ ਜੱਟਾਂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਭਾਵੇਂ ਇਸ ਸਬੰਧੀ ਪੁਲਸ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਪਰ ਜਦੋਂ ਜਸਵਿੰਦਰ ਸਿੰਘ ਨੂੰ ਪੁਲਸ ਵੱਲੋਂ ਮਾਣਯੋਗ ਸਿਵਲ ਜੱਜ ਰਿੰਕੀ ਅਗਨੀਹੋਤਰੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਤਾਂ ਜਸਵਿੰਦਰ ਸਿੰਘ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜਸਵਿੰਦਰ ਸਿੰਘ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਧਾਰਾ 144 ਲਗਾਈ ਗਈ, ਜਾਰੀ ਹੋਏ ਸਖ਼ਤ ਹੁਕਮ
ਇਸ ਮੌਕੇ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੇ ਉਸ ਨੂੰ ਕਿਸ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ, ਇਹ ਤਾਂ ਪੁਲਸ ਹੀ ਦੱਸ ਸਕਦੀ ਹੈ ਪਰ ਉਸ ਨੇ ਅੱਜ ਤੱਕ ਨਾ ਤਾਂ ਅੰਮ੍ਰਿਤਪਾਲ ਸਿੰਘ ਨੂੰ ਦੇਖਿਆ ਹੈ, ਨਾ ਹੀ ਉਸ ਦੇ ਕਿਸੇ ਪ੍ਰੋਗਰਾਮ ਵਿਚ ਗਿਆ ਹੈ, ਨਾ ਹੀ ਉਸ ਨਾਲ ਕੋਈ ਉਸਦਾ ਵਾਸਤਾ ਹੈ। ਉਸ ਨੇ ਕਿਹਾ ਕਿ ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ ਉਸ ਦੀਆਂ 2 ਲੜਕੀਆਂ ਵਿਦੇਸ਼ ਵਿਚ ਰਹਿੰਦੀਆਂ ਹਨ। ਇਸ ਮੌਕੇ ਜਦੋਂ ਪੁਲਸ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ, ਇਸ ਲਈ ਕੋਈ ਟਿੱਪਣੀ ਨਹੀਂ ਕਰਨਗੇ।
ਇਹ ਵੀ ਪੜ੍ਹੋ : ਕੌਮੀ ਇਨਸਾਫ ਮੋਰਚੇ ਦੇ ਧਰਨੇ ’ਚ ਭਿੜੇ ਨਿਹੰਗ ਸਿੰਘ, ਇਕ ਦਾ ਹੱਥ ਵੱਢਿਆ
ਜ਼ਿਕਰਯੋਗ ਹੈ ਕਿ 28 ਮਾਰਚ ਨੂੰ ਰਾਤ 8 ਵਜੇ ਪੁਲਸ ਨੂੰ ਸ਼ੱਕ ਸੀ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪਪਲਪ੍ਰੀਤ ਸਿੰਘ ਪਿੰਡ ਮਰਨਾਈਆਂ ਤੋਂ ਫਰਾਰ ਹੋ ਗਏ ਸਨ। ਕਈ ਦਿਨਾਂ ਤੱਕ ਪੁਲਸ ਨੇ ਨਾ ਸਿਰਫ ਪਿੰਡ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ, ਸਗੋਂ ਸੀ. ਸੀ. ਟੀ. ਵੀ. ਕੈਮਰੇ ਦੀ ਵੀ ਜਾਂਚ ਕੀਤੀ ਅਤੇ ਡਰੋਨ ਨਾਲ ਵੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਤਨੀ ਤੇ ਪੁੱਤ ਨੂੰ ਕਤਲ ਕਰਨ ਤੋਂ ਬਾਅਦ ਏ. ਐੱਸ. ਆਈ. ਨੇ ਕੈਨੇਡਾ ’ਚ ਪੁੱਤ ਨੂੰ ਕੀਤਾ ਫੋਨ, ‘ਮੈਂ ਸਭ ਨੂੰ ਮਾਰ ’ਤਾ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।