ਗਾਇਕ ਦੇ ਬਾਊਂਸਰਾਂ ਦੀ ਧੌਂਸ, ਪਤੀ-ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ

Wednesday, Sep 18, 2019 - 12:45 PM (IST)

ਗਾਇਕ ਦੇ ਬਾਊਂਸਰਾਂ ਦੀ ਧੌਂਸ, ਪਤੀ-ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ

ਖਰੜ (ਅਮਰਦੀਪ) : ਖਰੜ ਦੇ ਵਾਰਡ ਸੰਤੇਮਾਜਰ 'ਚ ਇਕ ਪੰਜਾਬੀ ਕਲਾਕਾਰ ਦੇ ਕੁਝ ਬਾਊਂਸਰਾਂ ਨੇ ਇਕ ਪਤੀ-ਪਤਨੀ ਨਾਲ ਕੁੱਟਮਾਰ ਕਰ ਦਿੱਤੀ, ਜੋ ਸਿਵਲ ਹਸਪਤਾਲ ਖਰੜ 'ਚ ਜ਼ੇਰੇ ਇਲਾਜ ਹਨ। ਪੀੜਤ ਰਘੁਬੀਰ ਸਿੰਘ ਨੇ ਦੱਸਿਆ ਕਿ ਉਹ ਸੰਤੇਮਾਜਰਾ 'ਚ ਮੀਟ ਦੀ ਦੁਕਾਨ ਕਰਦਾ ਹੈ ਅਤੇ ਅੰਦਰਲੀ ਸੜਕ 'ਤੇ ਜਦੋਂ ਇਕ ਰੋਪੜ ਜ਼ਿਲੇ ਦਾ ਪੰਜਾਬੀ ਗਾਇਕ ਕਾਰ ਲੱਗਣ ਕਾਰਨ ਇਕ ਹੋਰ ਕਾਰ ਸਵਾਰ ਨਾਲ ਝਗੜ ਰਿਹਾ ਸੀ ਤਾਂ ਟ੍ਰੈਫਿਕ ਜਾਮ ਹੋ ਗਈ ਤਾਂ ਉਸ ਨੇ ਜਦੋਂ ਲੜਾਈ ਛੁਡਾਉਣੀ ਚਾਹੀ ਤਾਂ ਗਾਇਕ ਦੇ ਨਾਲ ਕਾਰ 'ਚ ਬੈਠੇ ਬਾਊਂਸਰਾਂ ਨੇ ਉਸ ਨੂੰ ਧੱਕੇ ਮਾਰੇ ਅਤੇ ਗੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ।

ਉਸ ਦੇ ਰੋਕਣ 'ਤੇ ਬਾਊਂਸਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ 'ਚ ਤਿੱਖੀ ਚੀਜ਼ ਮਾਰੀ। ਰੌਲਾ ਪੈਣ 'ਤੇ ਜਦੋਂ ਉਸ ਦੀ ਪਤਨੀ ਮਨਜੀਤ ਕੌਰ ਉਸ ਨੂੰ ਛੁਡਾਉਣ ਗਈ ਤਾਂ ਬਾਊਂਸਰਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਅਤੇ ਮੌਕੇ 'ਤੇ ਫਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਗਾਇਕ ਦੀ ਕਾਰ ਦਾ ਨੰਬਰ ਉਸ ਨੇ ਨੋਟ ਕੀਤਾ ਹੋਇਆ ਹੈ। ਉਸ ਨੇ ਕਿਹਾ ਕਿ 11 ਸਤੰਬਰ ਨੂੰ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਸਿਵਲ ਹਸਪਤਾਲ ਖਰੜ ਦੇ ਡਾਕਟਰਾਂ ਵਲੋਂ ਸਬੰਧਿਤ ਥਾਣੇ 'ਚ ਐੱਮ. ਐੱਲ. ਆਰ. ਰਿਪੋਰਟ ਭੇਜ ਦਿੱਤੀ ਹੈ ਪਰ ਪੁਲਸ ਵਲੋਂ ਅਜੇ ਤੱਕ ਉਨ੍ਹਾਂ ਦੇ ਬਿਆਨ ਨਹੀਂ ਲਏ ਗਏ। ਉਸ ਨੇ ਜ਼ਿਲਾ ਪੁਲਸ ਮੁਖੀ ਕੁਲਦੀਪ ਸਿੰਘ ਚਾਹਲ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਸ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ ਅਤੇ ਗਾਇਕ ਦੇ ਬਾਊਂਸਰਾਂ 'ਤੇ ਪਰਚਾ ਦਰਜ ਕੀਤਾ ਜਾਵੇ।


author

Babita

Content Editor

Related News