ਜ਼ਿਲਾ ਚੋਣ ਅਫਸਰ ਵਲੋਂ ਕਾਊਂਟਿੰਗ ਸੈਂਟਰਾਂ ਦਾ ਤੇ ਸਟਰਾਂਗ ਰੂਮਾਂ ਦਾ ਦੌਰਾ

Sunday, Sep 17, 2017 - 03:27 AM (IST)

ਜ਼ਿਲਾ ਚੋਣ ਅਫਸਰ ਵਲੋਂ ਕਾਊਂਟਿੰਗ ਸੈਂਟਰਾਂ ਦਾ ਤੇ ਸਟਰਾਂਗ ਰੂਮਾਂ ਦਾ ਦੌਰਾ

ਗੁਰਦਾਸਪੁਰ,  (ਵਿਨੋਦ, ਦੀਪਕ)-  ਗੁਰਲਵਲੀਨ ਸਿੰਘ ਸਿੱਧੂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਵਲੋਂ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ 2017 ਲਈ ਬਣਾਏ ਗਏ ਕਾਊਂਟਿੰਗ ਸੈਂਟਰਾਂ ਤੇ ਸਟਰਾਂਗ ਰੂਮਾਂ ਦੀ ਸੁਰੱਖਿਆ ਸਮੇਤ ਹੋਰ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸਕੱਤਰ ਸਿੰਘ ਬੱਲ ਐੱਸ. ਡੀ. ਐੱਮ. ਗੁਰਦਾਸਪੁਰ, ਅਮਿਤ ਗੁਪਤਾ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸਮੂਹ ਈ. ਆਰ. ਓਜ਼, ਪੁਲਸ ਵਿਭਾਗ ਦੇ ਅਧਿਕਾਰੀ ਤੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਹਾਜ਼ਰ ਸਨ। ਸ. ਸਿੱਧੂ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਦੇ ਆਦੇਸ਼ਾਂ 'ਤੇ ਲੋਕ ਸਭਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਲਈ ਗੁਰਦਾਸਪੁਰ ਦੇ 6 ਹਲਕਿਆਂ ਦੇ ਕਾਊਂਟਿੰਗ ਤੇ ਸਟਰਾਂਗ ਰੂਮ ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਵਿਖੇ ਬਣਾਏ ਗਏ ਹਨ ਅਤੇ ਪਠਾਨਕੋਟ ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਕਾਊਂਟਿੰਗ ਸੈਂਟਰ ਸਥਾਨਕ ਬੇਅੰਤ ਕਾਲਜ ਆਫ ਇੰਜੀਨੀਅਰਿੰਗ ਵਿਖੇ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਦੇ 6 ਵਿਧਾਨ ਸਭਾ ਹਲਕੇ ਗੁਰਦਾਸਪੁਰ, ਦੀਨਾਨਗਰ, ਬਟਾਲਾ, ਕਾਦੀਆਂ, ਡੇਰਾ ਬਾਬਾ ਨਾਨਕ ਤੇ ਫਤਿਹਗੜ੍ਹ ਚੂੜੀਆਂ ਹਨ ਅਤੇ ਇਨ੍ਹਾਂ ਵਿਧਾਨ ਸਭਾ ਹਲਕਿਆਂ ਦੀਆਂ ਈ. ਵੀ. ਐੱਮਜ਼ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ) ਜਿਨ੍ਹਾਂ ਸਟਰਾਂਗ ਰੂਮਾਂ ਵਿਚ ਰੱਖੀਆਂ ਜਾਣੀਆਂ ਹਨ ਅਤੇ ਵੋਟਾਂ ਦੀ ਗਿਣਤੀ ਲਈ ਕਾਊਂਟਿੰਗ ਸੈਂਟਰ ਬਣਾਏ ਜਾਣੇ ਸਬੰਧੀ ਕਮਰੇ, ਅੰਦਰ-ਬਾਹਰ ਦੇ ਰਸਤੇ ਆਦਿ ਦਾ ਅੱਜ ਜਾਇਜ਼ਾ ਲਿਆ ਗਿਆ ਹੈ। ਇਸੇ ਤਰ੍ਹਾਂ ਪਠਾਨਕੋਟ ਜ਼ਿਲੇ ਦੇ ਤਿੰਨ ਹਲਕੇ ਭੋਆ, ਸੁਜਾਨਪੁਰ ਤੇ ਪਠਾਨਕੋਟ ਹਲਕਿਆਂ ਦੀ ਈ. ਵੀ. ਐੱਮਜ਼ ਸਥਾਨ ਬੇਅੰਤ ਇੰਜੀਨੀਅਰਿੰਗ ਕਾਲਜ ਵਿਖੇ ਰੱਖੀਆਂ ਜਾਣੀਆਂ ਹਨ ਤੇ ਉਥੇ ਹੀ ਵੋਟਾਂ ਦੀ ਗਿਣਤੀ ਹੋਣੀ ਹੈ, ਜਿਸ ਲਈ ਸਾਰੇ ਕੀਤੇ ਜਾਣ ਵਾਲੇ ਪ੍ਰਬੰਧਾਂ ਤੇ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ ਹੈ। 


Related News