ਕਹਿਰ ਦੀ ਗਰਮੀ ਕਾਰਨ ਮਾਲਵਾ ਖੇਤਰ 'ਚ ਮਚ ਰਹੀਆਂ ਫ਼ਸਲਾਂ, ਪਾਣੀ ਦੀ ਘਾਟ ਕਾਰਨ ਬੰਜਰ ਬਣੀਆਂ ਜ਼ਮੀਨਾਂ

06/14/2022 12:03:12 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)  :  ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਦਾ ਕਹਿਰ ਜਾਰੀ ਹੈ । ਤਾਪਮਾਨ 45 ਤੋਂ 47 ਡਿਗਰੀ ਤੱਕ ਚਲਾ ਜਾਂਦਾ ਹੈ। ਆਮ ਲੋਕਾਂ ਦਾ ਗਰਮੀ ਕਰ ਕੇ ਬੁਰਾ ਹਾਲ ਹੋਇਆ ਪਿਆ ਹੈ। ਲੋਕ ਬੀਮਾਰ ਹੋ ਰਹੇ ਹਨ ਤੇ ਗਰਮੀ ਕਾਰਨ ਕੁਝ ਮੌਤਾਂ ਵੀ ਹੋਈਆਂ ਹਨ। ਧਰਤੀ ਤਪ ਰਹੀ ਹੈ। ਤੱਤੀਆਂ ਹਵਾਵਾਂ ਚੱਲਦੀਆਂ ਰਹਿੰਦੀਆਂ ਹਨ। ਜਿੰਨਾ ਚਿਰ ਮੀਂਹ ਨਹੀਂ ਪੈਂਦਾ ਉਨਾ ਚਿਰ ਗਰਮੀ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ।

ਕਹਿਰ ਦੀ ਪੈ ਰਹੀ ਗਰਮੀ ਦੇ ਕਾਰਨ ਮਾਲਵਾ ਖੇਤਰ ਵਿਚ ਨਰਮੇ ਦੀ ਫ਼ਸਲ ਦਾ ਬੁਰਾ ਹਾਲ ਹੋ ਰਿਹਾ ਹੈ। ਨਰਮੇ ਦੇ ਬੂਟੇ ਝੁਲਸ ਰਹੇ ਹਨ ਅਤੇ ਗਰਮੀ ਕਰ ਕੇ ਮਚ ਰਹੇ ਹਨ ਜਿਸ ਕਰ ਕੇ ਕਿਸਾਨ ਵਰਗ ਪ੍ਰੇਸ਼ਾਨ ਹੋ ਰਿਹਾ ਹੈ ਕਿਉਂਕਿ ਬਹੁਤੇ ਥਾਵਾਂ ’ਤੇ ਨਰਮੇ ਦੀ ਫ਼ਸਲ ਨੂੰ ਲਗਾਉਣ ਲਈ ਨਹਿਰੀ ਪਾਣੀ ਨਹੀਂ ਮਿਲ ਰਿਹਾ। ਜੇਕਰ ਕਿਸਾਨਾਂ ਨੂੰ ਫ਼ਸਲਾਂ ਲਈ ਨਹਿਰੀ ਪਾਣੀ ਪੂਰਾ ਮਿਲੇ ਤਾਂ ਸ਼ਾਇਦ ਅੱਜ ਇਹ ਹਾਲ ਨਾ ਹੁੰਦਾ। ਅਗਲੇ ਕੁਝ ਦਿਨਾਂ ਤੱਕ ਜੇਕਰ ਗਰਮੀਂ ਦਾ ਇਹੋ ਹਾਲ ਹੀ ਰਿਹਾ ਤਾਂ ਨਰਮੇ ਦਾ ਹੋਰ ਵੀ ਨੁਕਸਾਨ ਹੋਵੇਗਾ।

ਸਰਕਾਰਾਂ ਨੇ ਖੇਤੀ ਸਬੰਧੀ ਨਹੀਂ ਬਣਾਈ ਹੋਈ ਠੋਸ ਨੀਤੀ

ਦੇਸ਼ ਨੂੰ ਆਜ਼ਾਦ ਹੋਇਆ ਲਗਭਗ 75 ਸਾਲ ਬੀਤ ਚੁੱਕੇ ਹਨ। ਕਈ ਸਰਕਾਰਾਂ ਬਦਲੀਆਂ ਪਰ ਖੇਤੀ ਸਬੰਧੀ ਕਿਸੇ ਵੀ ਸਰਕਾਰ ਨੇ ਕੋਈ ਠੋਸ ਨੀਤੀ ਨਹੀਂ ਬਣਾਈ । ਇਥੋਂ ਤੱਕ ਕਿ ਕਿਸਾਨਾਂ ਨੂੰ ਫ਼ਸਲਾਂ ਵਾਸਤੇ ਪੂਰੇ ਨਹਿਰੀ ਪਾਣੀ ਦਾ ਹੀ ਪ੍ਰਬੰਧ ਨਹੀਂ ਕੀਤਾ ਜਾ ਸਕਿਆ। ਟੇਲਾਂ ’ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਦੀ ਹਾਲਤ ਤਾਂ ਹੋਰ ਵੀ ਤਰਸਯੋਗ ਹੈ ਕਿਉਂਕਿ ਉਥੇ ਤਾਂ ਕਿਸਾਨ ਨਹਿਰੀ ਪਾਣੀ ਦੀ ਘਾਟ ਕਾਰਨ ਫ਼਼ਸਲਾਂ ਦੀ ਬੀਜ ਬਿਜਾਈ ਵੀ ਸਮੇਂ ਸਿਰ ਨਹੀਂ ਕਰ ਸਕਦੇ। ਪਾਣੀ ਦੀ ਘਾਟ ਕਰ ਕੇ ਕਈ ਜ਼ਮੀਨਾਂ ਫ਼ਸਲਾਂ ਬੀਜਣ ਤੋਂ ਵਾਂਝੀਆਂ ਰਹਿ ਜਾਂਦੀਆਂ।

ਜ਼ਮੀਨਾਂ ਬਣ ਰਹੀਆਂ ਹਨ ਬੰਜਰ

ਨਹਿਰੀ ਪਾਣੀ ਦੀ ਘਾਟ ਕਾਰਨ ਅਨੇਕਾਂ ਥਾਵਾਂ ’ਤੇ ਜ਼ਮੀਨਾਂ ਬੰਜਰ ਬਣ ਰਹੀਆਂ ਹਨ ਤੇ ਫ਼ਸਲਾਂ ਨਹੀਂ ਹੁੰਦੀਆਂ। ਜ਼ਮੀਨਾਂ ਖਾਲੀ ਪਈਆਂ ਰਹਿੰਦੀਆਂ ਹਨ ਜਿਸ ਕਰ ਕੇ ਕਿਸਾਨਾਂ ਦਾ ਆਰਥਿਕ ਪੱਖੋਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਪਹਿਲਾਂ ਹੀ ਕਰਜ਼ਿਆਂ ਦੀ ਮਾਰ ਹੇਠ ਆਏ ਕਿਸਾਨਾਂ ਦਾ ਲੱਕ ਟੁੱਟ ਰਿਹਾ ਹੈ। ਨਹਿਰੀ ਪਾਣੀ ਨੂੰ ਪੂਰਾ ਕਰਨ ਲਈ ਤੇ ਟੇਲਾਂ ’ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਬਚਾਉਣ ਲਈ ਨਵੀਆਂ ਕੱਸੀਆਂ ਕੱਢਣ ਦੀ ਲੋੜ ਹੈ। ਸਮੇਂ ਦੀਆਂ ਸਰਕਾਰਾਂ ਨੇ ਨਵੀਆਂ ਕੱਸੀਆਂ ਕੱਢਣ ਲਈ ਸਿਰਫ਼ ਵਾਅਦੇ ਹੀ ਕੀਤੇ ਹਨ ਪਰ ਨਵੀਂ ਕੱਸੀ ਕੱਢੀ ਨਹੀਂ ਗਈ ਜਿਸ ਕਰ ਕੇ ਕਿਸਾਨ ਵਰਗ ਨਿਰਾਸ਼ਾ ਦੇ ਆਲਮ ਵਿਚ ਹੈ।

ਇਹ ਵੀ ਪੜ੍ਹੋ- ਲੁਧਿਆਣਾ 'ਚ 4 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਧਾਗਾ ਸੜਨ ਕਾਰਨ ਲੱਖਾਂ ਦਾ ਨੁਕਸਾਨ

ਧਰਤੀ ਹੇਠਲਾ ਪਾਣੀ ਜ਼ਿਆਦਾ ਪੇਂਡੂ ਖੇਤਰਾਂ ਵਿਚ ਖਰਾਬ ਹੈ ਜੋ ਫਸਲਾਂ ਨੂੰ ਲਾਉਣਯੋਗ ਨਹੀਂ ਹੈ । ਕਿਉਂਕਿ ਇਸ ਵਿਚ ਸ਼ੋਰੇ ਅਤੇ ਤੇਜ਼ਾਬ ਦੇ ਜ਼ਹਿਰੀਲੇ ਤੱਤ ਹਨ ਅਤੇ ਜੇਕਰ ਕੋਈ ਕਿਸਾਨ ਅਜਿਹਾ ਮਾੜਾ ਪਾਣੀ ਜ਼ਮੀਨਾਂ ਨੂੰ ਲਾ ਵੀ ਲੈਂਦਾ ਹੈ ਤਾਂ ਉਪਜਾਊ ਜ਼ਮੀਨਾਂ ਖਰਾਬ ਹੋ ਜਾਂਦੀਆਂ ਹਨ। ਨਹਿਰੀ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਭਾਵੇਂ ਕਿਸਾਨਾਂ ਨੇ ਟਿਊਬਵੈੱਲ ਲਗਾਏ ਹੋਏ ਹਨ ਪਰ ਲਗਭਗ 87 ਰੁਪਏ ਪ੍ਰਤੀ ਲਿਟਰ ਡੀਜ਼ਲ ਬਾਲ ਕੇ ਟਰੈਕਟਰਾਂ, ਇੰਜਣਾਂ ਅਤੇ ਜਰਨੇਟਰਾਂ ਨਾਲ ਟਿਊਬਵੈੱਲ ਚਲਾਉਣੇ ਕੋਈ ਸੌਖਾ ਕੰਮ ਨਹੀਂ ਹੈ।

ਕਿਸਾਨ ਕਰ ਰਹੇ ਹਨ ਮੀਂਹ ਦੀ ਉਡੀਕ

ਗਰਮੀ ਦੀ ਤਪਸ਼ ਤੋਂ ਬਚਣ ਲਈ ਅਤੇ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਇਸ ਵੇਲੇ ਕਿਸਾਨ ਮੀਂਹ ਦੀ ਉਡੀਕ ਕਰ ਰਹੇ ਹਨ ਅਤੇ ਮੀਂਹ ਪਵਾਉਣ ਲਈ ਕੁਝ ਪਿੰਡਾਂ ਵਿਚ ਜੱਗ ਕੀਤੇ ਗਏ ਹਨ ਤੇ ਅਰਦਾਸ ਕਰਵਾਈ ਜਾ ਰਹੀ ਹੈ। ਪਿਛਲੇ ਸਾਲ ਨਾਲੋਂ ਇਸ ਵਾਰ ਗਰਮੀ ਦੀ ਤਪਸ਼ ਜਲਦੀ ਆਉਣ ਕਰ ਕੇ ਐਤਕੀਂ ਕਣਕ ਦਾ ਝਾੜ ਵੀ ਘੱਟ ਰਿਹਾ ਸੀ ਤੇ ਹੁਣ ਬੇਤਹਾਸ਼ਾ ਪੈ ਰਹੀ ਗਰਮੀ ਦੀ ਮਾਰ ਨਰਮੇ ਦੀ ਫਸਲ ’ਤੇ ਵੀ ਭਾਰੂ ਪੈ ਰਹੀ ਹੈ। ਤੇਜ਼ ਧੁੱਪ ਅਤੇ ਤਪਸ਼ ਕਰ ਕੇ ਬੀਜੀ ਨਰਮੇ ਦੀ ਫਸਲ ਦੇ ਉੱਗਰੇ ਹੋਏ ਬੂਟੇ ਝੁਲਸਣ ਲੱਗ ਪਏ ਹਨ। ਗਰਮੀ ਦੀ ਮਾਰ ਕਰ ਕੇ ਕਿਸਾਨਾਂ ਲਈ ਵੀ ਮੁਸ਼ਕਲਾਂ ਦਾ ਦੌਰ ਵਧ ਰਿਹਾ ਹੈ ਕਿਉਂਕਿ ਪਾਰਾ 45 ਡਿਗਰੀ ਦੇ ਪਾਰ ਹੈ ਹਰ ਪਾਸੇ ਗਰਮੀ ਕਾਰਨ ਸੁੰਨ-ਸਾਨ ਪਸਰੀ ਹੋਈ ਨਜ਼ਰ ਆ ਰਹੀ ਹੈ। ਗਰਮੀ ਕਾਰਨ ਝੁਲਸ ਰਹੀ ਨਰਮੇ ਦੀ ਫਸਲ ਨੂੰ ਬਚਾਉਣ ਲਈ ਕਿਸਾਨ ਕਈ ਤਰ੍ਹਾਂ ਦੇ ਪਾਪੜ ਵੇਲ ਰਹੇ ਹਨ।

ਪ੍ਰਮੁੱਖ ਫ਼ਸਲਾਂ ਵਿਚੋਂ ਇਕ ਹੈ ਨਰਮਾ

ਨਰਮਾ ਪੰਜਾਬ ਵਿਚ ਸਾਉਣੀ ਦੀਆਂ ਪ੍ਰਮੁੱਖ ਫ਼ਸਲਾਂ ਵਿਚੋਂ ਇਕ ਹੈ ਅਤੇ ਇਸ ਦੀ ਕਾਸ਼ਤ ਜ਼ਿਆਦਾਤਰ ਮਾਲਵਾ ਖੇਤਰ ਦੇ ਜ਼ਿਲਿਆਂ ਵਿਚ ਕੀਤੀ ਜਾਂਦੀ ਹੈ। ਇਸ ਲਈ ਇਨ੍ਹਾਂ ਜ਼ਿਲਿਆਂ ਦੀ ਆਰਥਿਕਤਾ ਇਸ ਫ਼ਸਲ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। 2017-18 ਵਿਚ ਪੰਜਾਬ ਵਿਚ ਨਰਮੇ ਦੀ ਕਾਸ਼ਤ 2.87 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਗਈ ਸੀ ਜਿਸ ਤੋਂ ਕੁਲ 12.71 ਲੱਖ ਗੰਢਾਂ ਦੀ ਪੈਦਾਵਾਰ ਹੋਈ ਅਤੇ ਔਸਤਨ ਰੂੰ ਦਾ ਝਾੜ 3.04 ਕੁਇੰਟਲ ਪ੍ਰਤੀ ਏਕੜ ਰਿਹਾ। ਨਰਮੇ ਹੇਠੋਂ ਰਕਬਾ ਘੱਟ ਕੇ ਝੋਨੇ ਅਤੇ ਬਾਸਮਤੀ ਹੇਠ ਵਧਿਆ ਹੈ ਪਰ ਇਹ ਵਰਤਾਰਾ ਆਉਣ ਵਾਲੇ ਸਮੇਂ ਵਿਚ ਜ਼ਮੀਨ, ਪਾਣੀ ਅਤੇ ਵਾਤਾਵਰਨ ਸੰਬੰਧੀ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਫ਼ਸਲੀ ਚੱਕਰ ਕਾਰਨ ਮਿੱਟੀ ਦੀ ਸਿਹਤ ਦੇ ਖਰਾਬ ਹੋਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਥੱਲੇ ਜਾਣ ਦੇ ਨਾਲ ਕਾਫੀ ਨੁਕਸਾਨ ਹੋਇਆ ਹੈ।

ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਦਾ ਮੌਸਮ ਨਰਮੇ 

ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਦਾ ਮੌਸਮ ਕਪਾਹ ਦੀ ਕਾਸ਼ਤ ਲਈ ਬਹੁਤ ਢੁੱਕਵਾਂ ਹੈ। ਇਸ ਲਈ ਖੇਤੀ ਵਿਚ ਵਿਭਿੰਨਤਾ ਲਿਆਉਣ ਲਈ ਅਤੇ ਝੋਨੇ ਹੇਠੋਂ ਰਕਬਾ ਘਟਾਉਣ ਲਈ ਇਨ੍ਹਾਂ ਜ਼ਿਲਿਆਂ ਵਿਚ ਨਰਮੇ-ਕਪਾਹ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਆਮ ਤੌਰ ’ਤੇ ਨਰਮੇ ਦੇ ਝਾੜ ਘਟਣ ਦੇ ਮੁੱਖ ਕਾਰਨ ਸੁਧਰੀਆਂ ਕਿਸਮਾਂ ਬਾਰੇ ਜਾਣਕਾਰੀ ਦੀ ਘਾਟ, ਪਿਛੇਤੀ ਬਿਜਾਈ, ਕੀੜੇ ਮਕੌੜੇ ਅਤੇ ਨਦੀਨਾਂ ਸਬੰਧੀ ਸਮੱਸਿਆਵਾਂ, ਖਾਦਾਂ ਅਤੇ ਪਾਣੀ ਦੀ ਅਸੰਤੁਲਿਤ ਵਰਤੋਂ ਆਦਿ ਹਨ। ਇਸ ਲਈ ਨਰਮੇ ਦਾ ਵਧੇਰੇ ਝਾੜ ਲੈਣ ਲਈ ਇਸਦੇ ਤਕਨੀਕੀ ਕਾਸ਼ਤਕਾਰੀ ਢੰਗਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ- ਬੀਬਾ ਰਾਜੋਆਣਾ ਨੂੰ ਪਾਈ ਗਈ ਇਕ-ਇਕ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਵੋਟ ਹੋਵੇਗੀ : ਸੁਖਬੀਰ ਬਾਦਲ

ਪੰਜਾਬ ਵਿਚ ਪਿਛਲੇਂ ਸਾਲ ਦੀ ਨਿਸਬਤ ਇਸ ਸਾਲ ਸਾਉਣੀ ਦੀ ਮੁੱਖ ਫ਼ਸਲ ਨਰਮੇ ਹੇਠਲਾ ਰਕਬਾ ਘਟਿਆ ਹੈ। ਸੂਬਾ ਸਰਕਾਰ ਦੇ ਖੇਤੀਬਾੜੀ ਵਿਭਾਗ ਵਲੋਂ ਮਿੱਥੇ ਗਏ ਟੀਚੇ ਵਾਲੇ ਰਕਬੇ ਵਿਚ ਨਰਮੇ ਦੀ ਖੇਤੀ ਅਧੀਨ ਇਸ ਵਾਰ ਭਾਰੀ ਰਕਬਾ ਘਟ ਗਿਆ ਹੈ। ਮਾਹਰਾਂ ਮੁਤਾਬਕ ਇਸ ਦੇ ਦੋ ਕਾਰਨ ਦੱਸੇ ਜਾ ਰਹੇ ਹਨ। ਪਹਿਲਾ ਕਾਰਨ ਹੈ ਨਰਮਾ ਪੱਟੀ ਵਿਚ ਇਸ ਫ਼ਸਲ ਦੇ ਬਿਜਾਈ ਸੀਜ਼ਨ ਅਪ੍ਰੈਲ ਮਹੀਨੇ ਦੇ ਦੂਸਰੇ ਹਫ਼ਤੇ ਤੋਂ ਲੈ ਕੇ ਮਈ ਮਹੀਨੇ ਦੇ ਅਖੀਰ ਤੱਕ ਨਹਿਰੀ ਪਾਣੀ ਦਾ ਨਾ ਮਿਲਣਾ। ਮਾਲਵਾ ਖੇਤਰ ਵਿਚ ਜਿਥੇ ਨਰਮਾ ਹੁੰਦਾ ਹੈ ਉਥੇ ਨਹਿਰਾਂ ਵਿਚ ਪਾਣੀ ਦੀ ਬੰਦੀ ਹੀ ਰਹੀ ਹੈ। ਜੇਕਰ ਸਰਕਾਰਾਂ ਨਹਿਰੀ ਪਾਣੀ ਦੀ ਘਾਟ ਨੂੰ ਦੂਰ ਕਰਨ ਤਾਂ ਨਰਮੇਂ ਦੀ ਕਾਸਤ ਵਾਲਾ ਰਕਬਾ ਵੱਧ ਸਕਦਾ ਹੈ ।

ਇਨ੍ਹਾਂ ਖੇਤਰਾਂ ਵਿਚ ਹੋਈ ਮਿੱਟੀ ਖਰਾਬ

ਧਰਤੀ ਦੀ ਸਿਹਤ ਵਿਗੜਨ ਦਾ ਸਭ ਤੋਂ ਵੱਡਾ ਸੂਚਕ ਹੈ ਸੌਇਲ ਆਰਗੈਨਿਕ ਕਾਰਬਨ, ਜੋ ਕਿ ਪਿਛਲੇ ਕੁਝ ਸਾਲਾਂ ਵਿਚ ਵਧ ਗਿਆ ਹੈ ਪਰ ਪੰਜਾਬ ਦੀ ਮਿੱਟੀ ਬੰਜਰ ਹੋ ਗਈ ਹੈ ਇਹ ਮਿੱਥ ਹੀ ਹੈ । ਕੇਂਦਰੀ ਪੰਜਾਬ ਵਿਚ ਮਿੱਟੀ ਦੀ ਕੁਆਲਿਟੀ ਵਧੀਆ ਹੈ। ਕੰਢੀ ਖੇਤਰ ਵਿਚ ਵੀ ਚੰਗੀ ਮਿੱਟੀ ਹੈ, ਜਦੋਂਕਿ ਦੱਖਣ-ਪੱਛਮੀ ਪੰਜਾਬ ਵੱਲ ਜਾਈਏ ਤਾਂ ਉੱਥੇ ਮਿੱਟੀ ਦੀ ਕੁਆਲਿਟੀ ਖਰਾਬ ਹੈ। ਇਸ ਦਾ ਕਾਰਨ ਹੈ ਪਾਣੀ ਗੰਦਾ ਹੋਣਾ। ਖਾਰਾ ਪਾਣੀ ਮਿੱਟੀ ਦੀ ਸਿਹਤ ਖਰਾਬ ਹੋਣ ਦਾ ਇਕ ਵੱਡਾ ਕਾਰਨ ਹੈ। ਇਸ ਵਿਚ ਬਠਿੰਡਾ, ਮੁਕਤਸਰ ਅਤੇ ਮਾਨਸਾ ਖੇਤਰ ਆਉਂਦੇ ਹਨ। ਧਰਤੀ ਨੂੰ ਸਾਹ ਲੈਣ ਦਾ ਮੌਕਾ ਨਹੀਂ ਮਿਲਦਾ। ਮਨੁੱਖ ਦੀ ਸਿਹਤ ਜਿੰਨੀ ਜ਼ਰੂਰੀ ਹੈ ਓਨੀ ਹੀ ਧਰਤੀ ਦੀ ਸਿਹਤ ਵੀ ਜ਼ਰੂਰੀ ਹੈ।

ਜ਼ਮੀਨਾਂ ਅਤੇ ਫਸਲਾਂ ਨੂੰ ਬਚਾਉਣ ਲਈ ਨਹਿਰੀ ਪਾਣੀ ਵਧਾਇਆ ਜਾਵੇ

ਇਸ ਖੇਤਰ ਦੇ ਕਿਸਾਨਾਂ ਅਮਰਜੀਤ ਸਿੰਘ ਕੌੜਿਆਂਵਾਲੀ, ਡਾਕਟਰ ਸੁਰਿੰਦਰ ਸਿੰਘ ਭੁੱਲਰ ਕੌੜਿਆਂਵਾਲੀ, ਪਰਮਿੰਦਰ ਸਿੰਘ ਕੌੜਿਆਂਵਾਲੀ, ਸਰਬਨ ਸਿੰਘ ਬਰਾੜ ਭਾਗਸਰ, ਮਹਿਲ ਸਿੰਘ ਮਦਰੱਸਾ ਅਤੇ ਜਰਨੈਲ ਸਿੰਘ ਬਲਮਗੜ੍ਹ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਬੰਜ਼ਰ ਹੋਣ ਤੋਂ ਬਚਾਉਣ ਲਈ ਅਤੇ ਫਸਲਾਂ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਘਾਟ ਦੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਫਸਲਾਂ ਹੋਣਗੀਆਂ ਤਾਂ ਫੇਰ ਹੀ ਕਿਸਾਨ ਵਰਗ ਕਾਮਯਾਬ ਹੋ ਸਕੇਗਾ ਤੇ ਕਰਜ਼ੇ ਦੇ ਬੋਝ ਥੱਲੇ ਨਹੀਂ ਆਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲਾ ਸਮਾਂ ਕਿਸਾਨਾਂ ਲਈ ਹੋਰ ਵੀ ਮਾੜਾ ਹੋਵੇਗਾ ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News