ਹਲਕੇ ਮੀਂਹ ਕਾਰਨ ਹੁੰਮਸ ਭਰੇ ਮੌਸਮ ਨੇ ਵਧਾਈ ਲੋਕਾਂ ਦੀ ਪਰੇਸ਼ਾਨੀ
Monday, Jun 23, 2025 - 05:22 PM (IST)

ਮੰਡੀ ਅਰਨੀ ਵਾਲਾ (ਸੁਖਦੀਪ) : ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਦੇ ਵਿਚਕਾਰ ਅੱਜ ਹੋਈ ਬਾਰਸ਼ ਕਾਰਨ ਹੁਣ ਹੁੰਮਸ ਨੇ ਲੋਕਾਂ ਦੀ ਪਰੇਸ਼ਾਨੀ ’ਚ ਕਾਫੀ ਵਾਧਾ ਕਰ ਦਿੱਤਾ ਹੈ। ਹਲਕੇ ਮੀਂਹ ਕਾਰਨ ਤਾਪਮਾਨ ਕੁੱਝ ਹੱਦ ਤੱਕ ਹੇਠਾਂ ਆ ਗਿਆ ਹੈ, ਪਰ ਹਵਾ ’ਚ ਨਮੀ ਦੀ ਮਾਤਰਾ ਵੱਧਣ ਕਾਰਨ ਨਮੀ ਵਾਲੇ ਮੌਸਮ ਨੇ ਲੋਕਾਂ ਨੂੰ ਮੁੜਕੋ-ਮੁੜਕੀ ਕਰ ਦਿੱਤਾ ਹੈ। ਸਵੇਰ ਤੋਂ ਹੀ ਅਸਮਾਨ ਬੱਦਲਵਾਈ ਵਾਲਾ ਰਿਹਾ, ਪਰ ਹਲਕਾ ਮੀਂਹ ਪੈਣ ਤੋਂ ਬਾਅਦ ਵੀ ਰਾਹਤ ਦੀ ਕੋਈ ਉਮੀਦ ਨਹੀਂ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਹਵਾ ’ਚ ਨਮੀ ਦਾ ਪੱਧਰ ਕਾਫੀ ਵੱਧ ਸੀ, ਜੋ ਕਿ ਆਮ ਨਾਲੋਂ ਬਹੁਤ ਜ਼ਿਆਦਾ ਹੈ। ਇਸ ਕਾਰਨ ਗਰਮੀ ਦੇ ਨਾਲ-ਨਾਲ ਨਮੀ ਨੇ ਵੀ ਲੋਕਾਂ ਨੂੰ ਬੇਚੈਨ ਕਰ ਦਿੱਤਾ ਹੈ। ਨਮੀ ਵੱਧਣ ਕਾਰਨ ਏਅਰ ਕੰਡੀਸ਼ਨਰਾਂ ਤੇ ਕੂਲਰਾਂ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ, ਜਿਸ ਨਾਲ ਬਿਜਲੀ ਦੀ ਮੰਗ ਵੀ ਵਧੀ ਹੈ। ਕਈ ਇਲਾਕਿਆਂ ’ਚ ਲੋਡ ਸ਼ੈਡਿੰਗ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਲੋਕ ਹੋਰ ਵੀ ਪਰੇਸ਼ਾਨ ਹੋ ਰਹੇ ਹਨ। ਨਮੀ ਵਾਲੇ ਮੌਸਮ 'ਚ ਲੋਕ ਜ਼ਰੂਰੀ ਕੰਮ ਮੁਲਤਵੀ ਕਰਕੇ ਘਰ 'ਚ ਹੀ ਰਹਿਣ ਨੂੰ ਤਰਜ਼ੀਹ ਦੇ ਰਹੇ ਹਨ।
ਇਸ ਮੌਸਮ ’ਚ ਸਭ ਤੋਂ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਝੋਨਾ ਲਾਉਣ ਵਾਲੇ ਮਜ਼ਦੂਰਾਂ ਨੂੰ ਕਰਨਾ ਪੈ ਰਿਹਾ ਹੈ। ਹੁਮੰਸ ਭਰੇ ਮੌਸਮ 'ਚ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਮੌਸਮ 'ਚ ਡੀ-ਹਾਈਡ੍ਰੇਸ਼ਨ, ਥਕਾਵਟ, ਚੱਕਰ ਆਉਣੇ ਅਤੇ ਗਰਮੀ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ, ਹਲਕੇ ਕੱਪੜੇ ਪਾਉਣ ਅਤੇ ਧੁੱਪ ’ਚ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।