ਨਰਮੇ ਦੇ ਚੰਗੇ ਝਾੜ ਲਈ ਕੀ ਕਰੀਏ ਤੇ ਕੀ ਨਾ ਕਰੀਏ : ਖੇਤੀਬਾੜੀ ਵਿਗਿਆਨੀ
Friday, Apr 24, 2020 - 09:21 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਨਰਮਾ ਪੰਜਾਬ ਦੇ ਦੱਖਣੀ-ਪੱਛਮੀ ਜ਼ਿਲ੍ਹਿਆਂ ਵਿਚ ਸਾਉਣੀ ਦੀ ਮੁੱਖ ਵਪਾਰਕ ਵਸਲ ਹੈ। ਪੰਜਾਬ ਦੇ ਖੁਸ਼ਕ ਇਲਾਕਿਆਂ ਲਈ ਇਹ ਫਸਲ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਤੋੜਨ ਲਈ ਇਕ ਵਧੀਆ ਵਿਕਲਪ ਹੈ, ਜੋ ਕਿ ਫਸਲੀ ਵਿਭਿੰਨਤਾ ਲਿਆਉਣ ਲਈ ਕਾਰਗਾਰ ਸਿੱਧ ਹੋ ਸਕਦੀ ਹੈ। ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਗਿਆਨੀ ਡਾ.ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਨਰਮੇ ਦੇ ਕਾਸ਼ਤਕਾਰ ਕਿਸਾਨਾਂ ਲਈ ਜ਼ਰੂਰੀ ਨੁਕਤੇ ਸਾਂਝੇ ਕੀਤੇ ਤਾਂ ਕਿ ਆਉਣ ਵਾਲੇ ਸਮੇਂ ਵਿਚ ਨਰਮੇ-ਕਪਾਹ ਦਾ ਵਧੇਰੇ ਝਾੜ ਲਿਆ ਜਾ ਸਕੇ।
ਕੀ ਕਰੀਏ
ੳ) ਸਿਰਫ ਸਿਫਾਰਿਸ਼ ਕਿਸਮਾਂ/ਹਾਈਬ੍ਰੇਡ ਹੀ ਬੀਜੋ ਅਤੇ ਬਿਜਾਈ 15 ਮਈ ਤੱਕ ਪੂਰੀ ਕਰੋ।
ਅ) ਸਾਰੇ ਪਿੰਡ/ਬਲਾਕ ਵਿਚ ਵੱਡੇ ਪੱਧਰ ਉਤੇ ਨਰਮੇ-ਕਪਾਹ ਦੀ ਕਾਸ਼ਤ ਕੀਤੀ ਜਾਵੇ ਤਾਂ ਕਿ ਫ਼ਸਲ ਨੂੰ ਢੁੱਕਵੇਂ ਹਾਲਾਤ ਮਿਲਣ।
ੲ) ਫਸਲ ਦੇ ਵਧੀਆ ਜੰਮ ਲਈ ਚੰਗੇ ਪਾਣੀ ਨਾਲ ਭਰਵੀਂ ਰੌਣੀ ਕਰੋ। ਪਹਿਲਾ ਪਾਣੀ ਦੀ ਬਿਜਾਈ ਤੋਂ 4-6 ਹਫਤੇ ਬਾਅਦ ਲਗਾਓ।
ਸ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੇ ਕੀਟਨਾਸ਼ਕ ਅਤੇ ਖਾਦ ਸਿਫਾਰਿਸ਼ ਕੀਤੀ ਮਾਤਰਾ ਵਿਚ ਹੀ ਵਰਤੋ।
ਹ) ਫੁੱਲਾਂ ਦੀ ਸ਼ੁਰੂਆਤ ਤੋਂ ਬਾਅਦ ਪੋਟਾਸ਼ੀਅਮ ਨਾਈਟਰੇਟ (13:0:45 ) ਦੇ 2 ਪ੍ਰਤੀਸ਼ਤ ਘੋਲ ਦੇ ਇਕ ਹਫ਼ਤੇ ਦੇ ਵਕਫੇ ਤੇ 4 ਛਿੜਕਾਅ ਕਰੋ।
ਕ) ਬੀ.ਟੀ. ਨਰਮੇਂ ਵਿਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ 1 ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ ਦੇ 2 ਸਪਰੇਅ 15 ਦਿਨਾਂ ਦੇ ਵਕਫ਼ੇ ਤੇ ਟੀਂਡੇ ਬਣਨ ਸਮੇਂ ਕਰੋ।
ਖ) ਚਿੱਟੀ ਮੱਖੀ, ਮਿਲੀਬੱਗ, ਤੰਬਾਕੂ ਦੀ ਸੁੰਡੀ ਅਤੇ ਚਿਤਕਬਰੀ ਸੁੰਡੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿਚ ਇਨ੍ਹਾਂ ਨੂੰ ਪਨਾਹ ਦੇਣ ਵਾਲੇ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ, ਕਾਂਗਰਸ ਘਾਹ, ਧਤੂਰਾ, ਭੰਗ, ਗੁੱਤ ਪੁੱਟਣਾ, ਭੱਖੜਾ, ਇਟਸਿਟ ਅਤੇ ਤਾਂਦਲਾ ਆਦਿ ਨੂੰ ਨਸ਼ਟ ਕਰੋ ।
ਗ) ਪਹਿਲੇ ਪਾਣੀ ਤੋਂ ਬਾਅਦ ਹਿਟਵੀਡ ਮੈਕਸ 10 ਐੱਮ. ਈ. ਸੀ. 500 ਮਿਲੀਲਿਟਰ ਪ੍ਰਤੀ ਏਕੜ ਦੇ ਛਿੜਕਾਅ ਨਾਲ ਸਾਰੇ ਨਦੀਨਾ ਦਾ ਖਾਤਮਾ ਹੁੰਦਾ ਹੈ।
ਘ) ਨਰਮੇ ਤੋਂ ਇਲਾਵਾ ਵੀ ਮੱਖੀ ਦਾ ਹਮਲਾ ਹੋਰ ਫ਼ਸਲਾਂ ਜਿਵੇਂ ਕਿ ਬੈਗਣ, ਖੀਰਾ, ਚੱਪਣ ਕੱਦੂ, ਤਰ ,ਆਲੂ , ਟਮਾਟਰ, ਮਿਰਚਾਂ ਆਦਿ ਤੇ ਵੀ ਪਾਇਆ ਜਾਂਦਾ ਹੈ। ਇਸ ਵਾਸਤੇ ਇਹਨਾਂ ਫਸਲਾਂ ਉਪਰ ਲਗਾਤਾਰ ਸਰਵੇਖਣ ਕਰਦੇ ਰਹੇ।
ਙ) ਨਰਮੇ ਦੇ ਖੇਤਾਂ ਵਿਚ ਲੀਫ ਕਰਲ (ਪੱਤਾ ਮਰੋੜ) ਬੀਮਾਰੀ ਵਾਲੇ ਬੂਟੇ ਸਮੇਂ ਸਮੇਂ ਸਿਰ ਪੁੱਟ ਕੇ ਦਬਾਉਂਦੇ ਰਹੋ।
ਚ) ਘੱਟ ਲਾਭ ਵਾਲੇ 40 ਪੀਲੇ ਕਾਰਡ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤਾਂ ਵਿੱਚ ਲਗਾਓ ਤਾਂ ਜੋ ਸ਼ੁਰੂਆਤੀ ਅਵਸਥਾ ਵਿਚ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਿਆ ਜਾ ਸਕੇ ਖੇਡਾਂ।
ਛ) ਆਖਰੀ ਚੁਗਾਈ ਤੋਂ ਬਾਅਦ ਭੇਡਾਂ, ਬੱਕਰੀਆਂ ਜਾਂ ਹੋਰ ਪਸ਼ੂਆਂ ਨੂੰ ਫ਼ਸਲ ਦਾ ਬੱਚ-ਖੁੱਚ, ਪੱਤੇ ਅਤੇ ਅਣਖਿੜੇ ਟੀਂਡੇ ਖਾਣ ਲਈ ਨਰਮੇ ਦੇ ਖੇਤਾਂ ਵਿਚ ਛੱਡ ਦਿਓ।
ਕੀ ਨਾ ਕਰੀਏ
ੳ) ਬੀਟੀ ਨਰਮੇ ਦਾ ਗੈਰ ਪ੍ਰਮਾਣਿਤ ਬੀਜ ਨਾ ਵਰਤੋਂ ਅਤੇ ਪਿਛੇਤੀ ਬਿਜਾਈ ਤੋਂ ਗੁਰੇਜ਼ ਕਰੋ ।
ਅ) ਕਿੰਨੂ ਦੇ ਬਾਗਾਂ ਅਤੇ ਭਿੰਡੀ ਦੇ ਨੇੜੇ ਨਰਮੇ ਦੀ ਕਾਸ਼ਤ ਨਾ ਕਰੋ ।
ੲ) ਹਲਕੀਆਂ ਜ਼ਮੀਨਾਂ ਵਿਚ ਬੀਟੀ ਨਰਮੇ ਦੀ ਕਾਸ਼ਤ ਨਾ ਕਰੋ , ਕਿਉਂਕਿ ਇਨ੍ਹਾਂ ਜ਼ਮੀਨਾਂ ਵਿਚ ਤੱਤਾਂ ਦੀ ਘਾਟ ਕਰਕੇ ਪੱਤਿਆਂ ਦੀ ਲਾਲੀ ਅਤੇ ਝੁਲਸਣ ਦੀ ਸਮੱਸਿਆ ਆਉਂਦੀ ਹੈ । ਉੱਥੇ ਗ਼ੈਰ ਬੀਟੀ ਨਰਮੇ ਦੀ ਕਾਸ਼ਤ ਕਰੋ।
ਸ) ਟੀਂਡੇ ਦੀ ਅਮਰੀਕਨ, ਚਿਤਕਬਰੀ ਸੁੰਡੀ, ਤੰਬਾਕੂ ਸੁੰਡੀ, ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਲਈ ਨਰਮੇ ਵਾਲੇ ਖੇਤਾਂ ਵਿਚ ਅਤੇ ਆਲੇ ਦੁਆਲੇ ਭਿੰਡੀ, ਮੂੰਗੀ, ਅਰਹਰ, ਜੰਤਰ ਜਾਂ ਅਰਿੰਡ ਨਾ ਬੀਜੋ ।
ਹ) ਨਾਈਟ੍ਰੋਜਨ ਖਾਦ ਸਿਫ਼ਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ।
ਕ) ਖੜ੍ਹੀ ਫਸਲ ਵਿਚ ਡੀ.ਏ.ਪੀ. ਦਾ ਛਿੱਟਾ ਨਾ ਦਿਓ ।
ਖ) ਕੀਟਨਾਸ਼ਕਾਂ ਦੇ ਮਿਸ਼ਰਣ (ਆਪ ਬਣਾ ਕੇ ਜਾਂ ਬਣੇ ਬਣਾਏ) ਵਰਤਣ ਤੋਂ ਗੁਰੇਜ਼ ਕਰੋ ।
ਗ) ਇਕ ਗਰੁੱਪ ਦੇ ਕੀਟਨਾਸ਼ਕਾਂ ਦਾ ਇਕ ਤੋਂ ਵੱਧ ਛਿੜਕਾਅ ਨਾ ਕਰੋ ।
ਘ) ਨਰਮੇ ਕਪਾਹ ਵਿਚ ਕਿਸੇ ਵੀ ਤਰ੍ਹਾਂ ਦੇ ਛਿੜਕਾਅ ਲਈ ਮਾੜੇ ਪਾਣੀ ਦੀ ਵਰਤੋਂ ਨਾ ਕਰੋ
ਙ) ਅਖੀਰਲਾ ਪਾਣੀ ਸਤੰਬਰ ਮਹੀਨੇ ਤੋਂ ਪਛੇਤਾ ਨਾ ਕਰੋ
ਚ) ਛਿਟੀਆਂ ਦੀਆਂ ਭਰੀਆਂ ਦੇ ਢੇਰ ਖੜ੍ਹਵੇਂ ਰੁੱਖ ਆਦਿ ਦੀ ਛਾਂ ਤੋਂ ਪਰੇ ਲਾਓ । ਢੇਰ ਲਾਉਣ ਤੋਂ ਪਹਿਲਾਂ ਕੱਟੀਆਂ ਹੋਈਆਂ ਛਿਟੀਆਂ ਨੂੰ ਜ਼ਮੀਨ ਤੇ ਮਾਰ ਕੇ ਅਣਖਿੜੇ ਟੀਂਡੇ ਅਤੇ ਸਿੱਕਰੀਆਂ ਨੂੰ ਝਾੜ ਦਿਓ ।