ਸਮਾਜ ’ਚੋਂ ਭ੍ਰਿਸ਼ਟਾਚਾਰ, ਨਸ਼ੇ, ਕੰਨਿਆ ਭਰੂਣ ਹੱਤਿਆ ਤੇ ਅਨਪੜ੍ਹਤਾ ਦਾ ਖਾਤਮਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ : ਹਰਜੋਤ ਬੈਂਸ

Monday, May 16, 2022 - 12:35 AM (IST)

ਚੰਡੀਗੜ੍ਹ/ਲੁਧਿਆਣਾ (ਵਿੱਕੀ) : ਅੱਜ ਗੁਰੂ ਨਾਨਕ ਦੇਵ ਭਵਨ 'ਚ ਮਹਾਨ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਵਸ ’ਤੇ ਹੋਏ ਰਾਜ ਪੱਧਰੀ ਪ੍ਰੋਗਰਾਮ ਵਿੱਚ ਪੁੱਜੇ ਪੰਜਾਬ ਦੇ ਸੈਰ-ਸਪਾਟਾ ਅਤੇ ਸੰਸਕ੍ਰਿਤਕ ਮਾਮਲੇ, ਖਨਨ ਅਤੇ ਭੂ-ਵਿਗਿਆਨ, ਜੇਲ ਅਤੇ ਕਾਨੂੰਨੀ ਤੇ ਵਿਧਾਨਕ ਮਾਮਲਿਆਂ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਯਾਦ ਹਮੇਸ਼ਾ ਜਿਊਂਦੀ ਰੱਖਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣਾ ਹਰ ਦੇਸ਼ ਵਾਸੀ ਦਾ ਫਰਜ਼ ਹੈ। ਸ਼ਹੀਦ ਨੂੰ ਫੁੱਲਮਾਲਾ ਭੇਟ ਕਰਨ ਉਪਰੰਤ ਮੰਤਰੀ ਬੈਂਸ ਨੇ ਕਿਹਾ ਕਿ ਸ਼ਹੀਦ ਸੁਖਦੇਵ ਜੀ ਇਕ ਮਹਾਨ ਕ੍ਰਾਂਤੀਕਾਰੀ ਸਨ, ਜਿਨ੍ਹਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਦੇ ਸੰਘਰਸ਼ 'ਚ ਮਹੱਤਵਪੂਰਨ ਰੋਲ ਅਦਾ ਕੀਤਾ। ਉਨ੍ਹਾਂ ਦਾ ਜਨਮ 15 ਮਈ 1907 ਨੂੰ ਲੁਧਿਆਣਾ ਸ਼ਹਿਰ ਦੇ ਨੌਘਰਾ ਮੁਹੱਲੇ 'ਚ ਹੋਇਆ।

ਇਹ ਵੀ ਪੜ੍ਹੋ : ਭਾਕਿਯੂ ਦੇ ਦੋਫਾੜ ਹੋਣ 'ਤੇ ਭੜਕੇ ਰਾਕੇਸ਼ ਟਿਕੈਤ, ਕਿਹਾ- ਸਰਕਾਰ ਆਪਣੇ ਮਨਸੂਬਿਆਂ 'ਚ ਹੋ ਰਹੀ ਕਾਮਯਾਬ

ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇਸ਼ ਦੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀ ਵਿਰਾਸਤ ਸੰਭਾਲਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ, ਜਿਨ੍ਹਾਂ ਦੀ ਕੁਰਬਾਨੀ ਕਾਰਨ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ 'ਚੋਂ ਸਮਾਜਿਕ ਕੁਰੀਤੀਆਂ ਨੂੰ ਪੁੱਟ ਸੁੱਟਣ ਲਈ ਅੱਗੇ ਆਉਣ, ਜੋ ਕਿ ਦੇਸ਼ ਦੇ ਲਈ ਸ਼ਹੀਦ ਹੋਣ ਵਾਲਿਆਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਦਿਨ ਇਸ ਲਈ ਮਨਾਏ ਜਾਂਦੇ ਹਨ ਤਾਂ ਕਿ ਲੋਕ, ਖਾਸ ਕਰਕੇ ਨੌਜਵਾਨ ਵਰਗ ਦੇਸ਼ ਭਗਤੀ ਦੀ ਭਾਵਨਾ ਗ੍ਰਹਿਣ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੇ ਮਾਣ-ਸਨਮਾਨ ਨੂੰ ਬਹਾਲ ਰੱਖਣ ਲਈ ਵਚਨਬੱਧ ਹੈ। ਹਰਜੋਤ ਸਿੰਘ ਬੈਂਸ ਨੂੰ ਲੁਧਿਆਣਾ ਪੁਲਸ ਦੀ ਟੁਕੜੀ ਵੱਲੋਂ ਗੁਰੂ ਨਾਨਕ ਭਵਨ 'ਚ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ 'ਚਿੱਟੇ' ਦੀ ਵਿਕਰੀ ਨੇ ਤੋੜੇ ਪੁਰਾਣੇ ਰਿਕਾਰਡ, 2 ਮਹੀਨਿਆਂ 'ਚ ਹੋਈਆਂ 5 ਮੌਤਾਂ

ਡਾ. ਮੰਜੂ ਮਲਹੋਤਰਾ ਰਿਟਾਇਰਡ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸ਼ਹੀਦ ਸੁਖਦੇਵ ਦੇ ਜੀਵਨ ਬਾਰੇ ਬੜੇ ਹੀ ਵਿਸਥਾਰਤ ਢੰਗ ਨਾਲ ਚਾਨਣਾ ਪਾਇਆ ਗਿਆ। ਉਨ੍ਹਾਂ ਸ਼ਹੀਦ ਦੇ ਜੀਵਨ ਸਬੰਧੀ ਕਈ ਨਵੇਂ ਤੱਥ ਪੇਸ਼ ਕੀਤੇ। ਇਸ ਤੋਂ ਇਲਾਵਾ ਇਸ਼ਮੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਸਨਮਾਨ ਵੀ ਕੀਤਾ ਗਿਆ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਇਸ ਮੌਕੇ 'ਆਪ' ਦੇ ਸੀਨੀਅਰ ਨੇਤਾ ਡਾ. ਕੇ. ਐੱਨ. ਏ ਕੰਗ, ਅਮਨਦੀਪ ਸਿੰਘ ਮੋਹੀ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ, ਦਿਹਾਤੀ ਪ੍ਰਧਾਨ ਹਰਭੁਪਿੰਦਰ ਸਿੰਘ ਧਰੋੜ, ਅਹਬਾਬ ਸਿੰਘ ਗਰੇਵਾਲ, ਗੁਰਜੀਤ ਸਿੰਘ ਗਿੱਲ, ਦੁਪਿੰਦਰ ਸਿੰਘ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਏ.ਡੀ.ਸੀ. ਖੰਨਾ ਅਮਰਜੀਤ ਸਿੰਘ ਬੈਂਸ, ਐੱਸ.ਡੀ.ਐੱਮ. ਰਾਏਕੋਟ ਗੁਰਬੀਰ ਸਿੰਘ ਕੋਹਲੀ ਅਤੇ ਐੱਸ.ਡੀ.ਐੱਮ. ਲੁਧਿਆਣਾ ਪੂਰਬੀ ਗੁਰਸਿਮਰਨ ਸਿੰਘ ਢਿੱਲੋਂ ਤੋਂ ਇਲਾਵਾ ਸਾਰੇ ਵਿਧਾਇਕ ਮਦਨ ਲਾਲ ਬੱਗਾ, ਸਰਬਜੀਤ ਕੌਰ ਮਾਣੂਕੇ, ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਗਰੇਵਾਲ, ਰਜਿੰਦਰਪਾਲ ਕੌਰ ਛੀਨਾ, ਤਰੁਣਪ੍ਰੀਤ ਸਿੰਘ ਸੌਂਦ, ਮਨਵਿੰਦਰ ਸਿੰਘ ਗਿਆਸਪੁਰਾ, ਜੀਵਨ ਸਿੰਘ ਸੰਗੋਵਾਲ, ਹਰਦੀਪ ਸਿੰਘ ਮੁੰਡੀਆਂ, ਹਾਕਮ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।


Mukesh

Content Editor

Related News