ਵਿਦਿਆਰਥੀਆਂ ਦੀ ਪ੍ਰੀਖਿਆ ''ਤੇ ਭਾਰੀ ਨਾ ਪੈ ਜਾਵੇ ਨਿਗਮ ਚੋਣ

Monday, Jan 15, 2018 - 08:02 AM (IST)

ਲੁਧਿਆਣਾ, (ਵਿੱਕੀ)- ਨਗਰ ਨਿਗਮ ਚੋਣ ਨੂੰ ਲੈ ਜਿੱਥੇ ਭੱਜ-ਦੌੜ ਚੱਲ ਰਹੀ ਹੈ, ਉਥੇ ਹੀ ਸੰਭਾਵਿਤ ਫਰਵਰੀ 'ਚ ਹੋਣ ਵਾਲੀ ਇਹ ਚੋਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਵੀ ਅਸਰ ਪਾਵੇਗੀ ਕਿਉਂਕਿ ਚੋਣ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਚੋਣ ਅਧਿਕਾਰੀਆਂ ਵੱਲੋਂ ਸਕੂਲ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਡਿਊਟੀ ਲਈ ਬੁਲਾ ਲਿਆ ਗਿਆ ਹੈ। ਨਿਗਮ ਚੋਣ ਦੀਆਂ ਤਿਆਰੀਆਂ ਲਈ ਇਹ ਆਦੇਸ਼ ਉਸ ਸਮੇਂ ਸਕੂਲਾਂ 'ਚ ਪਹੁੰਚੇ ਹਨ, ਜਦ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਅਤੇ 10ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਹੈ।
ਦੁਵਿਧਾ 'ਚ ਪਿੰ੍ਰਸੀਪਲ
ਦੱਸ ਦੇਈਏ ਕਿ ਸਿੱਖਿਆ ਵਿਭਾਗ ਨੇ ਬੀਤੇ ਦਿਨੀਂ ਪਿੰ੍ਰਸੀਪਲਾਂ ਅਤੇ ਸਕੂਲ ਪ੍ਰਮੁੱਖਾਂ ਨੂੰ ਆਦੇਸ਼ ਜਾਰੀ ਕੀਤੇ ਸਨ ਕਿ ਉਨ੍ਹਾਂ ਆਪਣੇ-ਆਪਣੇ ਵਿਸ਼ਿਆਂ ਦੇ ਪੀਰੀਅਡ ਲੈਣੇ ਹੋਣਗੇ। ਨਾਂ ਨਾ ਛਾਪਣ ਦੀ ਸ਼ਰਤ 'ਤੇ ਕੁੱਝ ਪਿੰ੍ਰਸੀਪਲਾਂ ਦਾ ਕਹਿਣਾ ਹੈ ਕਿ ਜੇਕਰ ਅਧਿਆਪਕਾਂ ਦਾ ਰਿਜ਼ਲਟ ਘੱਟ ਰਹਿੰਦਾ ਹੈ ਤਾਂ ਉਨ੍ਹਾਂ 'ਤੇ ਵਿਭਾਗ ਨੂੰ ਜਵਾਬਦੇਹੀ ਦੀ ਤਲਵਾਰ ਲਟਕ ਜਾਂਦੀ ਹੈ। ਹੁਣ ਜੇਕਰ ਡਿਊਟੀ 'ਤੇ ਨਹੀਂ ਜਾਂਦੇ ਤਾਂ ਵੀ ਉਨ੍ਹਾਂ 'ਤੇ ਕਿਸੇ ਰੂਪ 'ਚ ਕਾਰਵਾਈ ਹੋ ਸਕਦੀ ਹੈ।
ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦਾ ਲੋਡ
12ਵੀਂ ਦੀ ਪ੍ਰੀਖਿਆ 28 ਫਰਵਰੀ ਅਤੇ 10ਵੀਂ ਦੀ ਪ੍ਰੀਖਿਆ 12 ਮਾਰਚ ਤੋਂ ਸ਼ੁਰੂ ਹੋਣੀ ਹੈ। ਇਸ ਦੌਰਾਨ ਪ੍ਰੀਖਿਆਵਾਂ ਤੋਂ ਲਗਭਗ ਡੇਢ ਮਹੀਨਾ ਪਹਿਲਾਂ ਹੀ ਪਿੰ੍ਰਸੀਪਲਾਂ ਅਤੇ ਅਧਿਆਪਕਾਂ ਨੂੰ ਸਕੂਲ ਛੱਡ ਕੇ ਨਿਗਮ ਚੋਣ ਦੀਆਂ ਤਿਆਰੀਆਂ ਲਈ ਡਿਊਟੀ ਕਰਨੀ ਹੋਵੇਗੀ। ਹੁਣ ਪਿੰ੍ਰਸੀਪਲ ਅਤੇ ਸਟਾਫ ਇਸ ਗੱਲ 'ਤੇ ਵੀ ਦੁਵਿਧਾ 'ਚ ਹਨ ਕਿ ਪ੍ਰੀਖਿਆਵਾਂ ਤੋਂ ਪਹਿਲਾਂ ਨਿਗਮ ਚੋਣ 'ਚ ਡਿਊਟੀ ਲਈ ਸਮਾਂ ਦਿੰਦੇ ਹਨ ਤਾਂ ਸਕੂਲ 'ਚ ਵਿਦਿਆਰਥੀਆਂ ਨੂੰ ਸਿਲੇਬਸ ਰਵੀਜ਼ਨ ਲਈ ਸਮਾਂ ਮਿਲ ਸਕੇਗਾ। 
26 ਸਕੂਲਾਂ ਦੀ ਲਾਈ ਚੋਣ ਡਿਊਟੀ 
ਜਾਣਕਾਰੀ ਅਨੁਸਾਰ ਚੋਣ ਰਜਿਸਟ੍ਰੇਸ਼ਨ ਅਧਿਕਾਰੀ-ਕਮ ਤਹਿਸੀਲਦਾਰ ਕੇਂਦਰੀ ਵੱਲੋਂ ਲੁਧਿਆਣਾ ਦੇ ਵੱਖ-ਵੱਖ 14 ਸਕੂਲਾਂ ਦੇ ਪਿੰ੍ਰਸੀਪਲਾਂ ਅਤੇ 12 ਸਕੂਲਾਂ ਦੇ ਪ੍ਰਮੁੱਖਾਂ ਨੂੰ ਚੋਣ ਡਿਊਟੀ ਲਈ ਬੁਲਾਇਆ ਗਿਆ ਹੈ। ਇਹੀ ਨਹੀਂ ਪ੍ਰੀਖਿਆਵਾਂ ਦੇ ਦਿਨਾਂ ਵਿਚ ਅਹਿਮ ਡਿਊਟੀ ਵਾਲੇ ਕੰਪਿਊਟਰ ਅਧਿਆਪਕਾਂ ਨੂੰ ਵੀ ਹੋਰ ਚੋਣ ਰਜਿਸਟ੍ਰੇਸ਼ਨ ਅਫਸਰ ਨੇ ਡਿਊਟੀ ਲਈ ਬੁਲਾਇਆ ਹੈ। ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਪੱਤਰ ਵਿਚ ਵੱਖ-ਵੱਖ 7 ਸਕੂਲਾਂ ਦੀ ਕੰਪਿਊਟਰ ਫੈਕਲਟੀ ਨੂੰ ਨਗਰ ਨਿਗਮ ਚੋਣ 'ਚ ਦਫਤਰੀ ਕਾਰਜ ਡਿਊਟੀ ਲਈ ਤਤਕਾਲ ਸਮੇਂ 'ਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹੀ ਨਹੀਂ ਜੇਕਰ ਇਹ ਸਟਾਫ ਡਿਊਟੀ 'ਚ ਨਹੀਂ ਪਹੁੰਚਦਾ ਤਾਂ ਇਸ 'ਤੇ ਵਿਭਾਗੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਕਿਵੇਂ ਹੋਵੇਗੀ ਵਿਦਿਆਰਥੀਆਂ ਦੀ ਪੜ੍ਹਾਈ
ਡਿਊਟੀ 'ਤੇ ਜਾਣ ਵਾਲੇ ਸਟਾਫ ਦਾ ਕਹਿਣਾ ਹੈ ਕਿ ਪ੍ਰੀਖਿਆਵਾਂ ਦੇ ਦਿਨਾਂ 'ਚ ਚੋਣ ਆ ਜਾਣ ਨਾਲ ਇਸ ਦਾ ਸਿੱਧਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਪਵੇਗਾ। ਹੁਣ ਅਧਿਆਪਕ ਇਸ ਦੁਵਿਧਾ 'ਚ ਫਸੇ ਹਨ ਕਿ ਉਹ ਚੋਣ ਕਰਨਗੇ ਤਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਪਹਿਲਾਂ ਦੀ ਤਿਆਰੀ ਕਿਵੇਂ ਸੁਚਾਰੂ ਢੰਗ ਨਾਲ ਕਰਵਾ ਸਕਣਗੇ।


Related News