ਨਿਗਮ ਕੰਪਲੈਕਸ ''ਚ ਅਸਲਾ ਲਿਜਾਣ ''ਤੇ ਲੱਗੀ ਪਾਬੰਦੀ, ਸਿਰਫ ਪੁਲਸ ਕਰਮਚਾਰੀਆਂ ਨੂੰ ਮਿਲੀ ਛੂਟ
Thursday, Apr 19, 2018 - 11:54 AM (IST)

ਜਲੰਧਰ (ਖੁਰਾਣਾ)— ਮੌਜੂਦਾ ਮਾਹੌਲ ਨੂੰ ਦੇਖਦੇ ਹੋਏ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਇਕ ਹੁਕਮ ਜਾਰੀ ਕਰਕੇ ਜਲੰਧਰ ਨਗਰ ਨਿਗਮ ਦੀ ਬਿਲਡਿੰਗ 'ਚ ਅਸਲਾ ਲੈ ਕੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਬਾਰੇ ਬਾਕਾਇਦਾ ਚਿੱਠੀ ਨਗਰ ਨਿਗਮ ਨੂੰ ਜਾਰੀ ਕਰ ਦਿੱਤੀ ਗਈ ਹੈ। ਜਿਸ ਦੇ ਆਧਾਰ 'ਤੇ ਨਿਗਮ ਪ੍ਰਸ਼ਾਸਨ ਨੇ ਨਿਗਮ ਦੀ ਮੁੱਖ ਬਿਲਡਿੰਗ ਦੇ ਦੋਵਾਂ ਐਂਟਰੀ ਗੇਟਾਂ 'ਤੇ ਬੋਰਡ ਲਗਵਾ ਦਿੱਤੇ ਹਨ, ਜਿਨ੍ਹਾਂ 'ਤੇ ਸਾਫ ਲਿਖਿਆ ਗਿਆ ਹੈ ਕਿ ਨਿਗਮ ਕੰਪਲੈਕਸ 'ਚ ਕੋਈ ਵੀ ਵਿਅਕਤੀ ਹਥਿਆਰ ਲੈ ਕੇ ਨਹੀਂ ਜਾ ਸਕਦਾ।
ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਹੁਕਮਾਂ ਨੂੰ ਦੇਖਦੇ ਨਿਗਮ ਦੇ ਪੁਲਸ ਕਰਮਚਾਰੀ ਆਉਣ ਵਾਲੇ ਦਿਨਾਂ 'ਚ ਬਿਲਡਿੰਗ ਦੇ ਅੰਦਰ ਦਾਖਲ ਹੋਣ ਵਾਲੇ ਲੋਕਾਂ ਦੀ ਤਲਾਸ਼ੀ ਲਿਆ ਕਰਨਗੇ। ਨਿਗਮ ਪ੍ਰਸ਼ਾਸਨ ਨੇ ਆਪਣੇ ਸਾਰੇ ਵਿਭਾਗਾਂ ਨੂੰ ਵੀ ਸਰਕੂਲਰ ਜਾਰੀ ਕਰ ਕੇ ਪੁਲਸ ਕਮਿਸ਼ਨਰ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਨੂੰ ਕਿਹਾ ਹੈ। ਇਨ੍ਹਾਂ ਹੁਕਮਾਂ ਤਹਿਤ ਹੁਣ ਸਿਰਫ ਵਰਦੀਧਾਰੀ ਪੁਲਸ ਕਰਮਚਾਰੀ ਹੀ ਹਥਿਆਰ ਲੈ ਕੇ ਨਿਗਮ ਬਿਲਡਿੰਗ 'ਚ ਆ-ਜਾ ਸਕਣਗੇ। ਇਸ ਦੌਰਾਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਈ ਨਿਗਮ ਅਧਿਕਾਰੀਆਂ, ਕਰਮਚਾਰੀਆਂ ਜਾਂ ਯੂਨੀਅਨ ਆਗੂਆਂ ਕੋਲ ਲਾਇਸੈਂਸੀ ਹਥਿਆਰ ਹੋ ਸਕਦੇ ਹਨ। ਅਜਿਹੇ 'ਚ ਉਨ੍ਹਾਂ ਕਰਮਚਾਰੀਆਂ ਨੂੰ ਵੀ ਹਥਿਆਰ ਲੈ ਕੇ ਬਿਲਡਿੰਗ 'ਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ।