ਨਗਰ ਨਿਗਮ ਦੇ ਨੋਟਿਸਾਂ ਦੇ ਖਿਲਾਫ ਮੇਅਰ ਦੀ ਸ਼ਰਨ ''ਚ ਪੁੱਜੇ ਹੋਟਲ ਮਾਲਕ
Thursday, Dec 26, 2019 - 02:40 PM (IST)

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਨਾਜਾਇਜ਼ ਨਿਰਮਾਣਾਂ ਦੇ ਦੋਸ਼ 'ਚ ਪੈਂਡਿੰਗ ਜ਼ੁਰਮਾਨੇ ਦੀ ਵਸੂਲੀ ਲਈ ਜਾਰੀ ਕੀਤੇ ਗਏ ਨੋਟਿਸਾਂ ਖਿਲਾਫ ਹੋਟਲ ਮਾਲਕਾਂ ਨੇ ਮੇਅਰ ਦਾ ਦਰਵਾਜ਼ਾ ਖੜਕਾਇਆ ਹੈ। ਇਥੇ ਦੱਸਣਾ ਸਹੀ ਹੋਵੇਗਾ ਕਿ ਜ਼ੋਨ-ਏ ਦੀ ਬਿਲਡਿੰਗ ਬਰਾਂਚ ਵੱਲੋਂ ਨਕਸ਼ਾ ਪਾਸ ਕਰਵਾਏ ਬਿਨਾਂ ਖੜ੍ਹੀ ਕੀਤੀ ਗਈ ਹੈ, ਜਿਸ ਦੀ ਵਸੂਲੀ ਲਈ ਸਟਾਫ ਵੱਲੋਂ ਮੰਗਲਵਾਰ ਨੂੰ ਕੁਝ ਹੋਟਲਾਂ 'ਤੇ ਸੀਲਿੰਗ ਦੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਗਈ ਪਰ ਉਸ ਸਮੇਂ ਹੋਟਲ ਮਾਲਕਾਂ ਵਲੋਂ ਵਿਰੋਧ ਕਰਨ ਦੀ ਵਜ੍ਹਾ ਨਾਲ ਨਗਰ ਨਿਗਮ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋ ਸਕੀ।
ਇਸ ਸਬੰਧੀ ਬੁੱਧਵਾਰ ਨੂੰ ਹੋਟਲ ਮਾਲਕਾਂ ਵੱਲੋਂ ਮੇਅਰ ਬਲਕਾਰ ਸੰਧੂ ਨਾਲ ਮੁਲਾਕਾਤ ਕੀਤੀ ਗਈ, ਜਿਥੇ ਐਸੋ. ਦੇ ਪ੍ਰਧਾਨ ਅਮਰਵੀਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ 33 ਹੋਟਲ ਮਾਲਕਾਂ ਨੂੰ ਨੋਟਿਸ ਦਿੱਤੇ ਗਏ ਹਨ, ਜਿਸ ਵਿਚੋਂ 28 ਹੋਟਲ ਮਾਲਕਾਂ ਵੱਲੋਂ ਪਹਿਲਾਂ ਹੀ ਸਾਰੀ ਫੀਸ ਜਮ੍ਹਾ ਕਰਵਾਈ ਹੋਈ ਹੈ, ਫਿਰ ਵੀ ਉਨ੍ਹਾਂ ਨੂੰ ਸੀਲਿੰਗ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ।
ਹੋਟਲ ਮਾਲਕਾਂ ਨੇ ਦੱਸਿਆ ਕਿ ਸਾਰੇ ਨੋਟਿਸਾਂ ਦਾ ਜਵਾਬ ਪਹਿਲਾਂ ਹੀ ਨਗਰ ਨਿਗਮ ਨੂੰ ਦਿੱਤਾ ਜਾ ਚੁੱਕਾ ਹੈ, ਜਿਸ ਵਿਚ ਸਾਫ ਕੀਤਾ ਗਿਆ ਹੈ ਕਿ ਉਨ੍ਹਾਂ ਦੀਆਂ ਬਿਲਡਿੰਗਾਂ ਦਾ ਨਿਰਮਾਣ ਕਾਫੀ ਪੁਰਾਣਾ ਹੈ। ਇਸ ਲਈ ਉਨ੍ਹਾਂ ਤੋਂ ਹਿਸਾਬ ਨਾਲ ਫੀਸ ਲਈ ਜਾਵੇ, ਜਿਸ ਦੀ ਅਦਾਇਗੀ ਲਈ ਉਹ ਤਿਆਰ ਹਨ।
ਇਸ 'ਤੇ ਪੇਪਰ ਨੇ ਕਿਹਾ ਕਿ ਹੋਟਲ ਮਾਲਕਾਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਰਸੀਦਾਂ ਨੂੰ ਚੈੱਕ ਕਰਨ ਲਈ ਐੱਮ. ਟੀ. ਪੀ. ਦੀ ਡਿਊਟੀ ਲਾਈ ਜਾਵੇਗੀ ਅਤੇ ਫੀਸ ਜਮ੍ਹਾ ਕਰਵਾ ਚੁੱਕੇ ਹੋਟਲ ਮਾਲਕਾਂ ਨੂੰ ਛੱਡ ਕੇ ਬਾਕੀ ਤੋਂ ਨਿਰਮਾਣ ਪੀਰੀਅਡ ਦੇ ਹਿਸਾਬ ਨਾਲ ਜੁਰਮਾਨਾ ਵਸੂਲਣ ਦੀ ਕਾਰਵਾਈ ਹੋਵੇਗੀ।