ਕਾਰ ਬਾਜ਼ਾਰ ’ਚ ਨਿਗਮ ਦੀ ਕਾਰਵਾਈ, ਚਾਰ ਗੱਡੀਆਂ ਜ਼ਬਤ ਕਰ ਕੇ ਕੱਟੇ ਚਲਾਨ

Monday, Jul 30, 2018 - 06:33 AM (IST)

ਕਾਰ ਬਾਜ਼ਾਰ ’ਚ ਨਿਗਮ ਦੀ ਕਾਰਵਾਈ, ਚਾਰ ਗੱਡੀਆਂ ਜ਼ਬਤ ਕਰ ਕੇ ਕੱਟੇ ਚਲਾਨ

ਚੰਡੀਗਡ਼੍ਹ, (ਰਾਜਿੰਦਰ)- ਚੰਡੀਗਡ਼੍ਹ ਨਗਰ ਨਿਗਮ ਦੀ ਸਖਤੀ ਦੇ ਬਾਵਜੂਦ ਸੈਕਟਰ-7 ’ਚ ਹੀ ਇਸ ਐਤਵਾਰ ਵੀ ਕਾਰ ਡੀਲਰਾਂ ਨੇ ਆਪਣਾ ਕੰਮ ਜਾਰੀ ਰੱਖਿਆ, ਜਿਸ ’ਤੇ ਨਿਗਮ ਨੇ ਥੋਡ਼੍ਹੀ ਸਖਤੀ ਵੀ ਕੀਤੀ। ਇਸ ਦੌਰਾਨ ਚਾਰ ਗੱਡੀਆਂ ਨੂੰ ਜ਼ਬਤ ਕਰ ਲਿਆ ਗਿਆ ਤੇ ਉਨ੍ਹਾਂ ਦੇ ਚਲਾਨ ਕੱਟੇ ਗਏ।  ਇਸਦਾ ਕੁਝ ਡੀਲਰਾਂ ਨੇ ਵਿਰੋਧ ਵੀ ਕੀਤਾ ਪਰ ਨਿਗਮ ਦੀ ਟੀਮ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ।  
 ਇਸ ਸਬੰਧੀ ਇਨਫੋਰਸਮੈਂਟ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਇਥੇ ਡੀਲਰਾਂ ਨੇ ਸਵੇਰ ਤੋਂ ਹੀ ਗੱਡੀਆਂ ਖਡ਼੍ਹੀਆਂ ਕਰ ਲਈਆਂ ਸਨ। ਹਾਲਾਂਕਿ ਇਨ੍ਹਾਂ ਗੱਡੀਆਂ ’ਤੇ ਸਟਿੱਕਰ ਆਦਿ ਨਾ ਲਾਉਣ ਕਾਰਨ ਉਨ੍ਹਾਂ ਨੂੰ ਕਾਰਵਾਈ ਕਰਨ ’ਚ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਪਰ ਜੋ ਵੀ ਗੱਡੀਆਂ ਡਿਸਪਲੇ ਕਰਕੇ ਡੀਲਰਾਂ ਵਲੋਂ ਗਾਹਕਾਂ ਨੂੰ ਵਿਖਾਈਆਂ ਜਾ ਰਹੀਆਂ ਸਨ, ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਇਸ ਦੌਰਾਨ ਚਾਰ ਗੱਡੀਆਂ ਨੂੰ ਜ਼ਬਤ ਕੀਤਾ ਗਿਆ ਤੇ  ਹਰ ਇਕ ਗੱਡੀ ਲਈ 1500 ਰੁਪਏ ਚਲਾਨ ਭੁਗਤਣ ਤੋਂ ਬਾਅਦ ਹੀ ਉਸਨੂੰ ਛੱਡਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਅੱਗੇ ਵੀ ਉਹ ਇਸ ਖਿਲਾਫ ਕਾਰਵਾਈ ਜਾਰੀ ਰੱਖਣਗੇ। 
ਉਥੇ ਹੀ ਇਸ ਸਬੰਧੀ ਕਾਰ ਬਾਜ਼ਾਰ ਐਸੋਸੀਏਸ਼ਨ  ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਕਿਹਾ ਕਿ ਨਿਗਮ ਨੇ ਕਮੇਟੀ ਦੀ ਰਿਪੋਰਟ ਤੋਂ ਬਾਅਦ ਮਨੀਮਾਜਰਾ ’ਚ ਕਾਰ ਬਾਜ਼ਾਰ ਨੂੰ ਸ਼ਿਫਟ ਕਰਨ ਦਾ ਮਤਾ ਪਾਸ ਕਰ ਦਿੱਤਾ ਹੈ,  ਜੋ ਕਿ ਹੁਣ ਪ੍ਰਸ਼ਾਸਨ ਕੋਲ ਜਾਵੇਗਾ। ਉਨ੍ਹਾਂ ਨੂੰ ਉਮੀਦ ਹੈ ਕਿ ਇਸਨੂੰ ਅਪਰੂਵਲ ਮਿਲਣ ਤੋਂ ਬਾਅਦ ਅਗਲੇ ਹਫਤੇ ਤੋਂ ਮਨੀਮਾਜਰਾ ’ਚ ਹੀ ਉਹ ਬਾਜ਼ਾਰ ਲਾਉਣਾ ਸ਼ੁਰੂ ਕਰ ਦੇਣਗੇ, ਜਿਸ ਨਾਲ ਅੱਗੇ ਤੋਂ ਉਨ੍ਹਾਂ ਨੂੰ ਨਿਗਮ ਦੀ ਅਜਿਹੀ ਸਖਤੀ ਦਾ ਸਾਹਮਣਾ ਨਹੀਂ ਕਰਨਾ ਪਏਗਾ।
  ਜ਼ਿਕਰਯੋਗ ਹੈ ਕਿ ਕਾਰ ਡੀਲਰਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਹੱਲੋਮਾਜਰਾ ’ਚ ਬਾਜ਼ਾਰ ਲਾਉਣਾ ਸ਼ੁਰੂ ਕੀਤਾ ਸੀ।  ਦਰਅਸਲ ਨਿਗਮ ਨੇ ਸੈਕਟਰ-7 ਤੋਂ ਹੱਲੋਮਾਜਰਾ ਬਾਜ਼ਾਰ ਸ਼ਿਫਟ ਕਰਨ ਦਾ ਫੈਸਲਾ ਲਿਆ ਸੀ ਪਰ ਡੀਲਰ ਉਨ੍ਹਾਂ ਨੂੰ ਸ਼ਹਿਰ ਦੇ ਅੰਦਰੂਨੀ ਸੈਕਟਰਾਂ ’ਚ ਹੀ ਥਾਂ ਦੇਣ ਲਈ ਮੰਗ ਕਰ ਰਹੇ ਸਨ। ਇਸ ਲਈ ਉਨ੍ਹਾਂ ਨੇ ਕੋਰਟ ’ਚ ਸੁਝਾਅ ਵੀ ਦਿੱਤਾ ਸੀ, ਜਿਸਨੂੰ ਕਿ ਪ੍ਰਸ਼ਾਸਨ ਨੇ ਨਹੀਂ ਮੰਨਿਆ ਸੀ। ਇਹੀ ਕਾਰਨ ਹੈ ਕਿ ਕੋਰਟ  ਦੇ ਨਿਰਦੇਸ਼ਾਂ ਤੋਂ ਬਾਅਦ ਹੱਲੋਮਾਜਰਾ ’ਚ ਹੀ ਉਨ੍ਹਾਂ ਨੇ ਪਿਛਲੇ ਮਹੀਨੇ ਬਾਜ਼ਾਰ ਲਾਉਣਾ ਸ਼ੁਰੂ ਕਰ ਦਿੱਤਾ ਸੀ  ਪਰ ਕੁਝ ਹਫ਼ਤਿਅਾਂ ਤੋਂ ਹੱਲੋਮਾਜਰਾ ’ਚ ਸਹੂਲਤਾਂ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਡੀਲਰਾਂ ਨੇ ਉਥੇ ਬਾਜ਼ਾਰ ਲਾਉਣਾ ਬੰਦ ਕਰ ਦਿੱਤਾ ਹੈ ਤੇ ਉਹ ਸ਼ਹਿਰ ’ਚ ਹੀ ਕੋਈ ਹੋਰ ਜਗ੍ਹਾ ਉਨ੍ਹਾਂ ਨੂੰ ਦੇਣ ਦੀ ਮੰਗ ਕਰ ਰਹੇ ਹਨ। 
ਇਹੀ ਕਾਰਨ ਹੈ ਕਿ ਡੀਲਰ ਪਿਛਲੇ ਕੁਝ ਹਫਤਿਆਂ ਤੋਂ ਸੈਕਟਰ-7 ’ਚ ਹੀ ਬੈਠ ਰਹੇ ਹਨ ਤੇ ਇਥੇ ਬਾਜ਼ਾਰ ਲਾ ਕੇ ਆਪਣਾ ਕੰਮ ਕਰ ਰਹੇ ਹਨ। ਇਸ ਤੋਂ ਬਾਅਦ ਹੀ ਨਿਗਮ ਨੇ ਇਸ ਸਬੰਧੀ ਜਗ੍ਹਾ ਫਾਈਨਲ ਕਰਨ ਲਈ ਕਮੇਟੀ ਗਠਿਤ ਕੀਤੀ ਸੀ।  ਕਮੇਟੀ ਨੇ ਹੀ ਸੈਕਟਰ-34, ਹੱਲੋਮਾਜਰਾ ਤੇ ਮਨੀਮਾਜਰਾ ਦਾ ਦੌਰਾ ਕਰਨ ਤੋਂ ਬਾਅਦ ਕਾਰ ਬਾਜ਼ਾਰ ਲਾਉਣ ਲਈ ਮਨੀਮਾਜਰਾ ਸਾਈਟ ਨੂੰ ਠੀਕ ਦੱਸਿਆ ਸੀ ਤੇ ਇਸਨੂੰ ਨਿਗਮ ਹਾਊਸ ’ਚ ਵੀ ਅਪਰੂਵ ਕਰ ਦਿੱਤਾ ਸੀ।  
 


Related News