ਟ੍ਰੈਫਿਕ ਪੁਲਸ ਨੇ ਗਲਤ ਸਾਈਡ ਆ ਰਹੇ 22 ਵਾਹਨਾਂ ਦੇ ਕੱਟੇ ਚਲਾਨ
Monday, Jan 19, 2026 - 01:18 PM (IST)
ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਸ਼ਹਿਰ ਦੀਆਂ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਟ੍ਰੈਫਿਕ ਪੁਲਸ ਨੇ ਐਤਵਾਰ ਨੂੰ ਸਖ਼ਤ ਰਵੱਈਆ ਅਪਣਾਇਆ। ਰੰਜਨ ਪਲਾਜ਼ਾ ਦੇ ਨੇੜੇ ਵਿਸ਼ੇਸ਼ ਨਾਕਾਬੰਦੀ ਦੌਰਾਨ ਟ੍ਰੈਫਿਕ ਪੁਲਸ ਨੇ ਗਲਤ ਸਾਈਡ ਤੋਂ ਆ ਰਹੇ 22 ਵਾਹਨਾਂ ਦੇ ਮੌਕੇ ’ਤੇ ਹੀ ਚਲਾਨ ਕੱਟੇ। ਅਚਾਨਕ ਹੋਈ ਇਸ ਕਾਰਵਾਈ ਨਾਲ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ’ਚ ਹੜਕੰਪ ਮਚ ਗਿਆ।
ਟ੍ਰੈਫਿਕ ਪੁਲਸ ਅਨੁਸਾਰ ਰੰਜਨ ਪਲਾਜ਼ਾ ਨੇੜੇ ਅਗਲਾ ਕੱਟ ਦੂਰ ਹੋਣ ਕਾਰਨ ਕਈ ਵਾਹਨ ਚਾਲਕ ਸ਼ਾਰਟਕੱਟ ਦੇ ਚੱਕਰ ’ਚ ਗਲਤ ਦਿਸ਼ਾ ਵੱਲ ਵਾਹਨ ਚਲਾਉਂਦੇ ਹਨ, ਜੋ ਕਿ ਨਾ ਸਿਰਫ਼ ਟ੍ਰੈਫਿਕ ਵਿਵਸਥਾ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨਾਂ ਨਾਲ ਟੱਕਰ ਦਾ ਵੱਡਾ ਖ਼ਤਰਾ ਵੀ ਬਣ ਜਾਂਦਾ ਹੈ। ਇਸ ਮੁਹਿੰਮ ਦੌਰਾਨ ਦੋਪਹੀਆ ਹੀ ਨਹੀਂ, ਬਲਕਿ ਕਈ ਚਾਰ ਪਹੀਆ ਵਾਹਨ ਵੀ ਗਲਤ ਸਾਈਡ ਦੌੜਦੇ ਹੋਏ ਪਾਏ ਗਏ।
ਟ੍ਰੈਫਿਕ ਇੰਚਾਰਜ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਖੇਤਰ ’ਚ ਗਲਤ ਸਾਈਡ ਡਰਾਈਵਿੰਗ ਸੜਕ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਮਕਸਦ ਸਿਰਫ਼ ਚਲਾਨ ਕੱਟਣਾ ਨਹੀਂ, ਸਗੋਂ ਲੋਕਾਂ ਨੂੰ ਆਪਣੀ ਤੇ ਹੋਰਾਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਅੱਗੇ ਵੀ ਬਿਨਾਂ ਕਿਸੇ ਢਿੱਲ ਦੇ ਕਾਰਵਾਈ ਜਾਰੀ ਰਹੇਗੀ।
