13 ਕਰੋੜ ਦੀ ਤਨਖਾਹ ਰਾਸ਼ੀ ਰਿਲੀਜ਼ ਪਰ ਜਾਰੀ ਰਹੇਗੀ ਨਿਗਮ ਕਰਮਚਾਰੀਅਾਂ ਦੀ ਹੜਤਾਲ

07/18/2018 5:55:10 AM

ਜਲੰਧਰ, (ਖੁਰਾਣਾ)- ਮੇਅਰ ਜਗਦੀਸ਼ ਰਾਜਾ ਦੇ ਯਤਨਾਂ ਨਾਲ ਪੰਜਾਬ ਸਰਕਾਰ ਨੇ ਅੱਜ  ਜਲੰਧਰ ਨਗਰ ਨਿਗਮ ਨੂੰ 13.58 ਕਰੋੜ ਦੀ ਰਾਸ਼ੀ ਰਿਲੀਜ਼ ਕਰ ਦਿੱਤੀ, ਜਿਸ  ਤੋਂ ਬਾਅਦ ਨਿਗਮ ਦੇ  ਹਜ਼ਾਰਾਂ ਕਰਮਚਾਰੀਆਂ ਨੂੰ ਤਨਖਾਹ ਮਿਲਣ ਦਾ ਰਸਤਾ ਸਾਫ ਹੋ ਗਿਆ ਹੈ ਪਰ ਤਨਖਾਹ ਰਿਲੀਜ਼  ਹੋਣ ਦੇ ਬਾਵਜੂਦ ਨਿਗਮ ਯੂਨੀਅਨਾਂ ਨੇ ਹੜਤਾਲ ਖਤਮ ਕਰਨ ਤੋਂ ਇਨਕਾਰ ਕਰਦੇ ਹੋਏ ਨਿਗਮ  ਪ੍ਰਸ਼ਾਸਨ ਦੇ ਸਾਹਮਣੇ ਆਪਣੀਆਂ ਸਾਰੀਆਂ ਮੰਗਾਂ ’ਤੇ ਗੌਰ ਕਰਨ ਦੀ ਸ਼ਰਤ ਵੀ ਰੱਖੀ ਹੈ।
PunjabKesari
ਤਨਖਾਹ  ਅਤੇ ਹੋਰ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਬੈਠੇ ਨਿਗਮ ਕਰਮਚਾਰੀਆਂ  ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ  ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸਰਕਾਰੀ ਕਰਮਚਾਰੀਆਂ ਨਾਲ ਧੱਕੇਸ਼ਾਹੀ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਜਿਨ੍ਹਾਂ 93 ਬਿਲਡਿੰਗਾਂ ਦੇ ਕਾਰਨ ਨਿਗਮ ਦੇ 9 ਕਰਮਚਾਰੀਆਂ ਨੂੰ  ਸਸਪੈਂਡ ਕੀਤਾ ਗਿਆ, ਉਹ ਸਾਰੀਆਂ ਬਿਲਡਿੰਗਾਂ ਪਾਲੀਟੀਕਲ ਪ੍ਰੈਸ਼ਰ ਨਾਲ ਬਣੀਆਂ ਹੋਈਆਂ ਹਨ,  ਜਿਸ ਦੇ ਲਈ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮੌਜੂਦਾ ਤੇ ਸਾਬਕਾ ਮੰਤਰੀਆਂ,  ਕੌਂਸਲਰਾਂ ਅਤੇ ਪ੍ਰਧਾਨਾਂ ’ਤੇ ਵੀ ਐਕਸ਼ਨ ਲੈਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ। ਮੰਤਰੀ  ਸਿੱਧੂ ਨੂੰ ਚਾਹੀਦਾ  ਹੈ ਕਿ ਉਹ ਜਾਂ ਤਾਂ ਸਸਪੈਂਡ ਕਰਮਚਾਰੀਆਂ ਨੂੰ ਤਤਕਾਲ ਬਹਾਲ ਕਰਨ ਜਾਂ ਫਿਰ ਉਨ੍ਹਾਂ ਦੀ ਸਸਪੈਂਸ਼ਨ ਦਾ ਕਾਰਨ ਬਣੀਆਂ 93 ਬਿਲਡਿੰਗਾਂ ਨੂੰ  ਵੀ ਡਿਮਾਲਿਸ਼ ਕੀਤਾ ਜਾਵੇ। ਜੇ ਇਨਕੁਆਰੀ ਵਿਚ ਇਹ ਦੋਸ਼ੀ ਪਾਏ ਜਾਂਦੇ ਹਨ ਤਾਂ ਚਾਹੇ  ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ ਪਰ ਉਨ੍ਹਾਂ ਦੀ ਬਹਾਲੀ ਤਕ ਸੰਘਰਸ਼ ਜਾਰੀ ਰਹੇਗਾ।  ਨਿਗਮ ਪ੍ਰਸ਼ਾਸਨ ਨੂੰ ਇਹ ਲਿਖ ਕੇ ਦੇਣਾ ਹੋਵੇਗਾ ਕਿ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੀ  ਤਨਖਾਹ ਹਰ ਮਹੀਨੇ 7 ਤੋਂ 10 ਤਰੀਕ ਤਕ ਅਦਾ ਕਰ ਦਿੱਤੀ ਜਾਵੇਗੀ।
ਅੱਜ ਹੜਤਾਲ ਵਿਚ  ਮਨਿਸਟੀਰੀਅਲ ਸਟਾਫ ਯੂਨੀਅਨ, ਸੀਵਰਮੈਨ, ਵਾਟਰ ਸਪਲਾਈ, ਸੇਵਾਦਾਰ ਯੂਨੀਅਨ, ਡਰਾਈਵਰ ਅਤੇ  ਟੈਕਨੀਕਲ ਯੂਨੀਅਨ, ਐੱਸ. ਸੀ. ਬੀ. ਸੀ. ਯੂਨੀਅਨ ਅਤੇ ਕਰਮਚਾਰੀ ਤਾਲਮੇਲ ਕਮੇਟੀ ਆਦਿ ਨੇ  ਸਾਂਝੇ ਰੂਪ ਵਿਚ ਮੰਗ ਕੀਤੀ ਕਿ ਕਾਂਗਰਸ ਸਰਕਾਰ ਕਰਮਚਾਰੀਆਂ ਨਾਲ ਧੱਕਾ ਕਰਨ ਦੀ ਬਜਾਏ  ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰੇ। ਪ੍ਰਦਰਸ਼ਨ ’ਚ ਨਰੇਸ਼ ਪ੍ਰਧਾਨ, ਉਮਾ ਮਹੇਸ਼ਵਰ, ਪਵਨ  ਬਾਬਾ, ਅਸ਼ਵਨੀ ਚੌਧਰੀ, ਬੰਟੂ ਸਭਰਵਾਲ, ਸੰਨੀ ਸਹੋਤਾ, ਵਿਨੋਦ ਮੱਦੀ, ਰਾਜਨ ਗੁਪਤਾ,  ਸਿਕੰਦਰ ਗਿੱਲ, ਵਿੱਕੀ ਸਹੋਤਾ, ਹਿਤੇਸ਼ ਨਾਹਰ, ਵਿਕਰਮ ਕਲਿਆਣ, ਵਿਕਾਸ ਦੂਆ, ਪ੍ਰੇਮ  ਦੁਬੇਲੀ, ਪਵਨ ਅਗਨੀਹੋਤਰੀ, ਸੋਮਨਾਥ ਮਹਿਤਪੁਰੀ, ਵਿਨੋਦ ਗਿੱਲ ਅਤੇ ਨਿਗਮ ਦੇ ਹੋਰ  ਕਰਮਚਾਰੀ ਨੇਤਾ ਸ਼ਾਮਲ ਹੋਏ।


Related News