''ਲਾਲ ਪਰੀ'' ਦੇ ਸ਼ੌਕੀਨਾਂ ਦੀ ਲੱਗੀ ਮੌਜ, ਭੁਲੱਥ ਤੇ ਬੋਗਵਾਲ ''ਚ ਖੁੱਲ੍ਹੇ ਠੇਕੇ
Sunday, May 17, 2020 - 04:19 PM (IST)
ਭੁਲੱਥ/ਬੇਗੋਵਾਲ (ਰਜਿੰਦਰ)— ਕੋਰੋਨਾ ਵਾਇਰਸ ਦੇ ਕਰਫਿਊ ਦੌਰਾਨ ਬੰਦ ਰਹੇ ਸ਼ਰਾਬ ਦੇ ਠੇਕੇ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਸ਼ਰਾਬ ਠੇਕੇਦਾਰਾਂ ਵੱਲੋਂ ਖੋਲ੍ਹ ਦਿੱਤੇ ਗਏ ਹਨ। ਜਿਸ ਤਹਿਤ ਭੁਲੱਥ ਅਤੇ ਬੇਗੋਵਾਲ ਇਲਾਕੇ 'ਚ ਸ਼ਰਾਬ ਦੇ ਠੇਕੇ ਖੁੱਲ੍ਹੇ ਦਿਖਾਈ ਦਿੱਤੇ।
ਇਕ ਤਰੀਕੇ ਨਾਲ ਕਹਿ ਲਈਏ ਤਾਂ ਠੇਕੇ ਖੁੱਲਣ ਤੋਂ ਬਾਅਦ 'ਲਾਲ ਪਰੀ' (ਸ਼ਰਾਬ) ਪੀਣ ਦੇ ਸ਼ੌਕੀਨਾਂ ਦੀ ਮੌਜ ਤਾਂ ਲੱਗ ਗਈ ਹੈ। ਪਰ ਵੱਡੀ ਗੱਲ ਇਹ ਰਹੀ ਕਿ ਇਨਾਂ ਠੇਕਿਆਂ 'ਤੇ ਪਹਿਲਾਂ ਦੀ ਤਰਾਂ ਲੋਕਾਂ ਦੀ ਭੀੜ ਦਿਖਾਈ ਨਹੀਂ ਦਿੱਤੀ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇਥੋਂ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ 'ਚ ਵਾਪਸ ਆਪਣੇ ਸੂਬਿਆਂ 'ਚ ਚਲੇ ਗਏ ਹਨ ਤੇ ਦੂਜਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਲਾਕ ਡਾਊਨ ਕਰਕੇ ਵਿਹਲੇ ਰਹੇ ਇਥੋਂ ਦੇ ਕਾਰੋਬਾਰੀ ਅਤੇ ਹੋਰ ਲੋਕ ਸ਼ਾਇਦ ਆਰਥਿਕ ਮੰਦੀ ਕਰਕੇ ਠੇਕਿਆਂ ਦੇ ਕਾਊਂਟਰਾਂ ਤੋਂ ਗਾਇਬ ਦਿਸ ਰਹੇ ਹਨ।
ਇਸ ਸਬੰਧੀ ਭੁਲੱਥ ਅਤੇ ਬੇਗੋਵਾਲ ਦੇ ਸ਼ਰਾਬ ਠੇਕੇਦਾਰ ਦਾ ਕਹਿਣਾ ਹੈ ਕਿ ਸ਼ਰਾਬ ਠੇਕੇ ਖੋਲ੍ਹਣ ਦਾ ਕੋਈ ਫਾਇਦਾ ਦਿਖਾਈ ਨਹੀਂ ਦੇ ਰਿਹਾ। ਕਿਉਂਕਿ ਅੱਜ ਵੀ ਦੁਕਾਨਾਂ ਖੁਲ੍ਹੀਆਂ ਰਹੀਆਂ, ਪਰ ਸ਼ਰਾਬ ਦੀ ਵਿਕਰੀ ਨਾ ਮਾਤਰ ਹੀ ਰਹੀ। ਜੇਕਰ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਅਸੀ ਪੰਜਾਬ ਸਰਕਾਰ ਨੂੰ ਐਕਸਾਈਜ਼ ਡਿਊਟੀ ਕਿਵੇਂ ਦੇਵਾਂਗੇ। ਦੂਜੇ ਪਾਸੇ ਇਸ ਸੰਬੰਧੀ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਈ. ਟੀ. ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ 36 ਦਿਨ ਬੰਦ ਰਹੇ ਸ਼ਰਾਬ ਦੇ ਠੇਕਿਆਂ ਦੀ ਰਿਲੀਫ ਪੰਜਾਬ ਸਰਕਾਰ ਵੱਲੋਂ ਠੇਕੇਦਾਰਾਂ ਨੂੰ ਦੇ ਦਿੱਤੀ ਗਈ ਹੈ। ਹੁਣ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਸ਼ਰਾਬ ਦੇ ਠੇਕੇ ਖੁਲ੍ਹ ਰਹੇ ਹਨ। ਇਸ ਦੌਰਾਨ ਸ਼ਰਾਬ ਦੀ ਹੋਮ ਡਿਲਿਵਰੀ ਦਾ ਫੈਸਲਾ ਠੇਕੇਦਾਰ 'ਤੇ ਛੱਡਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਠੇਕੇ ਤੋਂ ਸ਼ਰਾਬ ਖਰੀਦਣ ਸਮੇਂ ਆਪਣੇ ਚਿਹਰੇ ਨੂੰ ਮਾਸਕ, ਰੁਮਾਲ ਜਾਂ ਕਿਸੇ ਕੱਪੜੇ ਨਾਲ ਕਵਰ ਕਰਕੇ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ। ਜਿਸ ਲਈ ਠੇਕਿਆਂ ਦੇ ਬਾਹਰ ਰਾਊਂਡ ਬਣਾ ਦਿੱਤੇ ਗਏ ਹਨ।