ਕੋਰੋਨਾ ਨੇ ਵਧਾਈਆਂ ਆਪਸੀ ਦੂਰੀਆਂ, ਤਾਂ ਕਈਆਂ ਨੂੰ ਮਾਨਸਿਕ ਪਰੇਸ਼ਾਨੀਆਂ ''ਚ ਪਾਇਆ

08/26/2020 12:38:00 PM

ਕਪੂਰਥਲਾ (ਮਹਾਜਨ)— ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਦੂਜਾ ਇਸ ਬੀਮਾਰੀ ਨੇ ਜਿੱਥੇ ਲੋਕਾਂ 'ਚ ਆਪਸੀ ਦੂਰੀਆਂ ਵਧਾ ਦਿੱਤੀਆਂ ਹਨ ਉੱਥੇ ਹੀ ਹੁਣ ਲੋਕ ਇਸ ਬੀਮਾਰੀ ਦੇ ਕਾਰਨ ਮਾਨਸਿਕ ਤੌਰ 'ਤੇ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲੱਗ ਪਏ ਹਨ। ਇਸ ਬੀਮਾਰੀ ਦੇ ਖ਼ੌਫ ਕਾਰਨ ਹੁਣ ਲੋਕ ਜੇਕਰ ਕੋਈ ਖੰਘਦਾ ਜਾਂ ਛਿੱਕਦਾ ਵੀ ਹੈ ਤਾਂ ਉਸ ਨੂੰ ਵੀ ਸ਼ੱਕ ਦੀ ਨਜਰਾਂ ਨਾਲ ਵੇਖਣ ਲੱਗ ਪੈਂਦੇ ਹਨ, ਮੰਨਿਆ ਜਿਵੇਂ ਕੋਈ ਉਸ ਨੇ ਵੱਡਾ ਗੁਨਾਹ ਕਰ ਦਿੱਤਾ ਹੋਵੇ। ਇਸ ਤੋਂ ਇਲਾਵਾ ਜੇਕਰ ਕੋਈ ਮਰੀਜ ਕੋਰੋਨਾ ਸੰਕਰਮਣ ਨੂੰ ਹਰਾ ਕੇ ਠੀਕ ਹੁੰਦਾ ਹੈ ਤਾਂ ਘਰ ਜਾਂਦਾ ਹੈ ਤਾਂ ਲੋਕ ਉਸ ਦੇ ਕੋਲ ਵੀ ਜਾਣ ਤੋਂ ਡਰਨ ਲੱਗਦੇ ਹਨ, ਜਿਸ ਕਾਰਨ ਉਹ ਠੀਕ ਹੋਇਆ ਮਰੀਜ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਜਾਂਦਾ ਹੈ।

ਉੱਧਰ ਇਨ੍ਹੀਂ ਦਿਨੀ ਮੌਸਮ ਬਦਲਣ ਨਾਲ ਜ਼ਿਆਦਾਤਰ ਲੋਕ ਵਾਇਰਲ ਫੀਵਰ ਦੀ ਸਮੱਸਿਆ ਨਾਲ ਜੂਝ ਰਹੇ ਹਨ। ਮਰੀਜ ਨਿਜੀ ਹਸਪਤਾਲ ਦੇ ਡਾਕਟਰ ਦੇ ਨਾਲ ਸੰਪਰਕ ਕਰਦੇ ਹਨ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਿਵਲ ਹਸਪਤਾਲ 'ਚ ਕੋਵਿਡ-19 ਦਾ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ ਪਰ ਕੋਵਿਡ-19 ਦੇ ਡਰ ਨਾਲ ਮਰੀਜ ਸਿਵਲ ਹਸਪਤਾਲ ਨਹੀ ਜਾ ਰਹੇ। ਅਜਿਹੇ 'ਚ ਇਨ੍ਹਾਂ ਦਾ ਇਲਾਜ ਵੀ ਨਹੀ ਹੋ ਰਿਹਾ। ਮਰੀਜ ਬੁਖਾਰ ਆਦਿ ਦੀ ਦਵਾਈ ਖੁਦ ਹੀ ਮੈਡੀਕਲ ਸਟੋਰ ਤੋਂ ਲੈ ਕੇ ਕੰਮ ਚਲਾ ਰਹੇ ਹਨ। ਹਾਲਾਂਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਬੁਖਾਰ, ਸਰਦੀ ਆਦਿ ਹੋਣ 'ਤੇ ਕੋਰੋਨਾ ਦੀ ਜਾਂਚ ਕਰਵਾਓ।

ਸਿਹਤ ਮਹਿਕਮੇ ਦੀਆਂ ਗਾਈਡਲਾਈਨਜ਼ ਮੁਤਾਬਕ ਖਾਂਸੀ, ਬੁਖਾਰ, ਜੁਕਾਮ ਹੋਣ 'ਤੇ ਤੁਰੰਤ ਸਿਹਤ ਮਹਿਕਮੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਪਰ ਲੋਕ ਕੋਰੋਨਾ ਦਾ ਟੈਸਟ ਕਰਵਾਉਣ ਤੋਂ ਘਬਰਾਉਂਦੇ ਹਨ। ਇਨ੍ਹਾਂ ਦਿਨੀ ਵਾਇਰਲ ਬੁਖਾਰ ਸਿਖਰ 'ਤੇ ਹੈ। ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜੁਰਗਾਂ ਨੂੰ ਵੀ ਬੁਖਾਰ ਦੀ ਸਮੱਸਿਆ ਆ ਰਹੀ ਹੈ। ਕਿਸੇ ਨੂੰ ਇਕ ਹਫਤੇ ਤੱਕ ਜੇਕਰ ਬੁਖਾਰ ਰਹਿੰਦਾ ਹੈ ਤਾਂ ਸਭ ਉਸਨੂੰ ਕੋਵਿਡ-19 ਦਾ ਟੈਸਟ ਕਰਾਉਣ ਦੀ ਸਲਾਹ ਦਿੰਦੇ ਹਨ।

ਇਹ ਵੀ ਪੜ੍ਹੋ: ਹੁਣ ਬੱਸ ਅੱਡੇ 'ਚ ਮਾਸਕ ਨਾ ਪਾਉਣ ਵਾਲਿਆਂ ਦੀ ਖੈਰ ਨਹੀਂ, ਰੋਡਵੇਜ਼ ਕਰ ਰਿਹੈ ਨਵੀਂ ਯੋਜਨਾ ਤਿਆਰ

ਤਾਪਮਾਨ ਦੇ ਘਟਣ ਵਧਣ ਨਾਲ ਵੀ ਹੋ ਸਕਦਾ ਹੈ ਬੁਖਾਰ : ਡਾ. ਕੌਸ਼ਲ
ਡਾ. ਰਣਵੀਰ ਕੌਸ਼ਲ ਦੇ ਮੁਤਾਬਿਕ ਇਨ੍ਹਾਂ ਦਿਨੀਂ ਵਾਇਰਲ ਫੀਵਰ ਦੇ ਮਾਮਲੇ ਵੱਧ ਰਹੇ ਹਨ। ਸ਼ਰੀਰ 'ਚ ਦਰਦ, ਤੇਜ ਬੁਖਾਰ, ਖਾਂਸੀ ਜੁਕਾਮ ਦੇ ਲੱਛਣ ਆਮ ਤੌਰ 'ਤੇ ਦੇਖਣ ਨੂੰ ਮਿਲ ਰਹੇ ਹਨ। ਇਸਦੇ ਦੋ ਵੱਡੇ ਕਾਰਨ ਹਨ। ਪਹਿਲਾ ਮੌਸਮ 'ਚ ਬਦਲਾਅ ਯਾਨੀ ਵੱਧਣਾ ਘਟਣਾ ਹੈ। ਇਹ ਮੌਸਮ ਮੱਛਰਾਂ, ਬੈਕਟੀਰੀਆ ਤੇ ਵਾਇਰਸ ਦੇ ਵੱਧਣ ਤੇ ਫੈਲਣ ਦੇ ਲਈ ਮੁਫੀਦਾ ਮੰਨਿਆ ਜਾਂਦਾ ਹੈ। ਦੂਜਾ ਬਾਰਿਸ਼ 'ਚ ਕੁਦਰਤੀ ਤੌਰ 'ਤੇ ਸ਼ਰੀਰ ਦੀ ਰੋਗਾਂ ਨਾਲ ਲੜਣ ਦੀ ਸਮਰਥਾ ਯਾਨੀ ਇਮਉਨਿਟੀ ਘੱਟ ਹੋ ਜਾਣਾ। ਇਮਿਊਨਿਟੀ ਦਾ ਪੱਧਰ ਘੱਟ ਹੋਣ ਦੇ ਕਾਰਨ ਇਹ ਆਸਾਨੀ ਨਾਲ ਸ਼ਰੀਰ ਨੂੰ ਸੰਕਰਮਿਤ ਕਰਦੇ ਹਨ। ਨਤੀਜਾ ਤੇਜ ਬੁਖਾਰ ਦੇ ਰੂਪ 'ਚ ਸਾਹਮਣੇ ਆਉਂਦਾ ਹੈ। ਇਸਦੇ ਇਲਾਜ ਦੇ ਤੌਰ 'ਤੇ ਆਯੁਰਵੇਦਿਕ ਕਾੜਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਹ ਹਨ ਲੱਛਣ
ਵਾਇਰਲ ਨਾਲ ਪੀੜਤ ਹੋਣ 'ਤੇ ਸ਼ਰੀਰ 'ਚ ਕੁਝ ਖਾਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਇਨ੍ਹਾਂ ਲੱਛਣਾਂ 'ਚ ਗਲੇ 'ਚ ਦਰਦ, ਖਾਂਸੀ, ਸਿਰਦਰਦ, ਥਕਾਨ, ਜੋੜਾਂ 'ਚ ਦਰਦ ਦੇ ਨਾਲ ਹੀ ਉਲਟੀ ਅਤੇ ਦਸਤ ਹੋਣਾ, ਅੱਖਾਂ ਦਾ ਲਾਲ ਹੋਣਾ ਤੇ ਮੱਥੇ ਦਾ ਬਹੁਤ ਤੇਜ ਗਰਮ ਹੋਣਾ ਸ਼ਾਮਲ ਹੈ। ਵਾਇਰਲ ਫੀਵਰ ਬੱਚਿਆਂ ਤੇ ਬਜੁਰਗਾਂ 'ਚ ਕਾਫੀ ਤੇਜੀ ਨਾਲ ਫੈਲਦਾ ਹੈ। ਇਸਦੀ ਰੋਕਥਾਮ ਜਰੂਰੀ ਹੁੰਦੀ ਹੈ।

ਤੁਰੰਤ ਦਵਾਈ ਲੈਣ ਤੋਂ ਬਚੋ
ਵਾਇਰਲ ਫੀਵਰ ਹੋਣ 'ਤੇ ਤੁਰੰਤ ਦਵਾਈ ਨਹੀ ਲੈਣੀ ਚਾਹੀਦੀ। ਖਾਣ ਦੇ ਨਾਲ-ਨਾਲ ਤਰਲ ਪਦਾਰਥ ਦੇ ਸੇਵਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਪਾਣੀ, ਸੂਪ, ਚਾਹ, ਨਾਰੀਅਲ ਪਾਣੀ ਤੇ ਦਾਲ ਦਾ ਪਾਣੀ ਪੀਣ ਨਾਲ ਕਾਫੀ ਰਾਹਤ ਮਿਲਦੀ ਹੈ। ਬਹੁਤ ਜਰੂਰਤ ਹੋਵੇ ਤਾਂ ਡਾਕਟਰ ਨੂੰ ਜਰੂਰ ਦਿਖਾਓ।

ਘਰੇਲੂ ਉਪਾਅ ਵੀ ਅਸਰਦਾਰ
ਵਾਇਰਲ ਬੁਖਾਰ ਨਾਲ ਪੀੜਤ ਹੋਣ 'ਤੇ ਦਵਾਈ ਦੀ ਥਾਂ ਕੁਝ ਘਰੇਲੂ ਉਪਾਅ ਵੀ ਬੇਹੱਦ ਕਾਰਗਰ ਹੁੰਦੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਨ 'ਚ ਸ਼ਹਿਦ, ਅਦਰਕ ਅਤੇ ਹਲਦੀ ਕਾਫ਼ੀ ਅਸਰਦਾਰ ਹੈ। ਅਦਰਕ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਇਸ 'ਚ ਐਂਟੀ ਫਲੇਮੇਬਲ, ਐਂਟੀ ਆਕਸੀਡੈਂਟ ਤੇ ਅਜਿਹੇ ਕਈ ਗੁਣ ਹੁੰਦੇ ਹਨ। ਇਸ ਨਾਲ ਵਾਇਰਸ ਬੁਖਾਰ ਨੂੰ ਖਤਮ ਕਰਨ 'ਚ ਮਦਦ ਮਿਲਦੀ ਹੈ। ਅਦਰਕ, ਹਲਦੀ ਅਤੇ ਸ਼ਹਿਦ ਨੂੰ ਮਿਲਾ ਕੇ ਕਾੜਾ ਬਣਾ ਕੇ ਪੀਣ ਨਾਲ ਵਾਇਰਲ ਬੁਖਾਰ 'ਚ ਕਾਫੀ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ: ਕਲਯੁੱਗੀ ਪੁੱਤ ਤੇ ਨੂੰਹ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਰਾਤ ਦੇ ਹਨ੍ਹੇਰੇ ’ਚ ਹਾਈਵੇਅ ’ਤੇ ਸੁੱਟਿਆ

ਸਮੇਂ ਸਿਰ ਪਛਾਣ ਨਾਲ ਸੰਕ੍ਰਮਣ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕਦਾ ਹੈ : ਸਿਵਲ ਸਰਜਨ
ਨੋਵਲ ਕੋਰੋਨਾ ਵਾਇਰਸ ਨੂੰ ਸਾਵਧਾਨੀਆਂ ਵਰਤ ਕੇ ਹਰਾਇਆ ਜਾ ਸਕਦਾ ਹੈ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਮਿਸ਼ਨ ਫਤਹਿ ਤਹਿਤ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਪੀੜਤ ਵਿਅਕਤੀ ਦੇ ਸੰਪਰਕ ਨਾਲ , ਖਾਂਸੀ ਤੇ ਛਿੱਕਾਂ ਦੇ ਡ੍ਰਾਪਲੈਟਸ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ। ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਖਾਂਸੀ, ਬੁਖਾਰ, ਸਾਹ ਲੈਣ ਵਿੱਚ ਦਿੱਕਤ ਇਸ ਦੇ ਸ਼ੁਰੂਆਤੀ ਲੱਛਣ ਹਨ। ਇਸ ਤੋਂ ਇਲਾਵਾ ਸੁੰਘਣ ਦੀ ਸ਼ਕਤੀ ਵਿੱਚ ਕਮੀ, ਸਵਾਦ ਨਾ ਆਉਣਾ, ਆਕਸੀਜਨ ਲੇਵਲ ਦਾ ਘੱਟਣਾ, ਸ਼ਰੀਰ ਵਿਚ ਦਰਦ ਆਦਿ ਵੀ ਮਰੀਜ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਪੀੜਤ ਮਰੀਜ ਦੇ ਸੰਪਰਕ 'ਚ ਆਏ ਹੋਣ ਜਾਂ ਬਾਹਰ ਦੇ ਦੇਸ਼ ਤੋਂ ਸਫਰ ਕਰ ਕੇ ਆਏ ਹੋਣ ਤਾਂ 14 ਦਿਨ ਤੱਕ ਘਰ 'ਚ ਏਕਾਂਤਵਾਸ ਵਿਚ ਰਿਹਾ ਜਾਏ। ਇਸ ਤੋਂ ਇਲਾਵਾ ਹਰੇਕ ਵਿਅਕਤੀ ਤੋਂ 1 ਮੀਟਰ ਦੀ ਦੂਰੀ ਬਣਾ ਕੇ ਰੱਖੋ, ਕਿਸੇ ਨੂੰ ਗਲੇ ਮਿਲਣ ਤੋਂ ਗੁਰੇਜ ਕਰੋ, ਵਾਰ ਵਾਰ ਹੱਥਾਂ ਨੂੰ ਸਾਬਣ ਜਾਂ ਸੈਨੀਟਾਈਜਰ ਨਾਲ ਸਾਫ ਕਰੋ, ਜਨਤਕ ਥਾਵਾਂ ਤੇ ਵਸਤੂਆਂ ਨੂੰ ਛੂਹਣ ਤੋਂ ਪਰਹੇਜ ਕਰੋ ਤੇ ਕਫ ਐਟੀਕੇਟਸ ਦੀ ਪਾਲਣਾ ਕਰੋ।ਉਨ੍ਹਾਂ ਲੋਕਾਂ ਨੂੰ ਖੁੱਲ੍ਹੇ ਵਿਚ ਨਾ ਥੁੱਕਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਬਿਨ੍ਹਾਂ ਵਜ੍ਹਾ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ। ਨਾਲ ਹੀ ਕਿਹਾ ਕਿ ਜੇਕਰ ਕਿਸੇ ਵਿਚ ਕੋਵਿਡ ਦੇ ਲੱਛਣ ਆਉਂਦੇ ਹਨ ਤਾਂ ਇਸ ਨੂੰ ਛਿਪਾਇਆ ਨਾ ਜਾਏ ਤੇ ਇਸ ਦੀ ਤੁਰੰਤ ਸੂਚਨਾ ਸਿਹਤ ਮਹਿਕਮੇ ਨੂੰ ਦਿੱਤੀ ਜਾਏ ਤਾਂ ਜੋ ਸਮੇਂ ਸਿਰ ਟੈਸਟ ਕਰਕੇ ਇਸ ਦੀ ਇੰਨਫੈਕਸ਼ਨ ਹੋਣ ਤੋਂ ਹੋਰਨਾਂ ਲੋਕਾਂ ਨੂੰ ਬਚਾਇਆ ਜਾ ਸਕੇ।

ਉਨ੍ਹਾਂ ਇਹ ਵੀ ਕਿਹਾ ਕਿ 60 ਸਾਲ ਤੋਂ ਉੱਪਰ ਦੇ ਬਜੁਰਗਾਂ, ਜਿਨ੍ਹਾਂ ਨੂੰ ਕੋਈ ਦਿਲ ਦੀ ਬੀਮਾਰੀ, ਕੈਂਸਰ, ਡਾਈਬੀਟੀਜ, ਕਿਡਨੀ ਦੀ ਬੀਮਾਰੀ ਹੈ ਜਾਂ ਪਹਿਲਾਂ ਤੋਂ ਹੀ ਮਰੀਜ ਵੱਲੋਂ ਕੋਈ ਅਜਿਹੀ ਦਵਾਈ ਲਈ ਜਾ ਰਹੀ ਹੈ ਜਿਸ ਨਾਲ ਇੰਮਯੂਨਿਟੀ ਘੱਟ ਹੁੰਦੀ ਹੈ ਅਜਿਹੇ ਮਰੀਜਾਂ ਦਾ ਖਾਸ ਖਿਆਲ ਰੱਖਿਆ ਜਾਵੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਭਿਆਨਕ ਸਥਿਤੀ 'ਚ ਪਹੁੰਚਿਆ ਕੋਰੋਨਾ, 61 ਨਵੇਂ ਮਾਮਲਿਆਂ ਦੀ ਪੁਸ਼ਟੀ


shivani attri

Content Editor

Related News