ਪੰਜਾਬ ਸਰਕਾਰ ਦੇ ਯਤਨਾਂ ਸਦਕਾ ਰਾਜਸਥਾਨ ''ਚ ਫਸੇ ਜਲੰਧਰ ਦੇ ਮਜ਼ਦੂਰ ਪਰਤੇ ਵਾਪਸ
Wednesday, Apr 29, 2020 - 05:17 PM (IST)
ਜਲੰਧਰ— ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਰਾਜਸਥਾਨ ਦੇ ਜੈਸਲਮੇਰ 'ਚ ਫਸੇ ਜਲੰਧਰ ਅਤੇ ਸੰਗਰੂਰ ਦੇ ਮਜ਼ਦੂਰ ਵਾਪਸ ਪਰਤ ਆਏ ਹਨ। ਇਨ੍ਹਾਂ ਮਜਦੂਰਾਂ 'ਚ 7 ਮਜ਼ਦੂਰ ਜਲੰਧਰ ਅਤੇ 81 ਮਜ਼ਦੂਰ ਸੰਗਰੂਰ ਦੇ ਸ਼ਾਮਲ ਹਨ। ਜਲੰਧਰ ਦੇ ਮਜ਼ਦੂਰਾਂ 'ਚ ਜਸਵਿੰਦਰ ਕੌਰ, ਹਰਨਾਮ ਸਿੰਘ, ਪਰਵਿੰਦਰ ਸਿੰਘ (16) ਜੀਤ ਰਾਣੀ, ਨਾਨਕੀ ਅਤੇ ਫਿਰੋਜ਼ ਕੌਰ ਸ਼ਾਮਲ ਸਨ, ਜੋ ਕਿ ਜੈਸਲਮੇਰ 'ਚ ਫਸੇ ਹੋਏ ਸਨ। ਉਥੇ ਇਹ ਸਾਰੇ ਮਜ਼ਦੂਰ ਰਾਜ ਦੁਆਰਾ ਸਥਾਪਤ ਕੀਤੇ ਗਏ ਰਾਹਤ ਕੈਂਪਾਂ 'ਚ ਰਹਿ ਰਹੇ ਸਨ। ਇਨ੍ਹਾਂ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਬੱਸਾਂ ਦੀ ਤਾਇਨਾਤੀ ਕੀਤੀ ਗਈ ਸੀ, ਜਿਨ੍ਹਾਂ ਦੇ ਜ਼ਰੀਏ ਇਹ ਮਜ਼ਦੂਰ ਅੱਜ ਜਲੰਧਰ ਅਤੇ ਸੰਗਰੂਰ 'ਚ ਪਹੁੰਚੇ।
ਸਵੇਰੇ ਜਲੰਧਰ ਪਹੁੰਚੇ 7 ਮਜ਼ਦੂਰਾਂ ਦਾ ਸੀਨੀਅਰ ਮੈਡੀਕਲ ਅਫਸਰ, ਪੀ. ਏ. ਪੀ. ਡਾ. ਰਮਨ ਸਰਮਾ ਦੀ ਅਗਵਾਈ ਹੇਠ ਜਲੰਧਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਟੀਮ ਨੇ ਇਨ੍ਹਾਂ ਦਾ ਸੁਆਗਤ ਕੀਤਾ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਜ਼ਿਲਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਜ਼ਦੂਰਾਂ ਦੀ ਮੁਕੰਮਲ ਡਾਕਟਰੀ ਜਾਂਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਇਸ ਦੌਰਾਨ ਮਜ਼ਦੂਰਾਂ ਨੇ ਰਾਜ ਸਰਕਾਰ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਘਰਾਂ 'ਤੇ ਵਾਪਸ ਲਿਆਉਣ ਲਈ ਖਾਸ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਲਈ ਹਮਸ਼ੇ ਰਿਣੀ ਰਹਿਣਗੇ।
ਇਸੇ ਤਰ੍ਹਾਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਮਜ਼ਦੂਰ ਅੱਜ ਸਵੇਰੇ ਇਹ ਮਜ਼ਦੂਰ ਬੱਸਾਂ ਰਾਹੀਂ ਜੈਸਲਮੇਰ ਤੋਂ ਸੰਗਰੂਰ ਵਿਖੇ ਪੁੱਜੇ ਅਤੇ ਮਸਤੂਆਣਾ ਸਾਹਿਬ ਵਿਖੇ ਤਾਇਨਾਤ ਅਮਲੇ ਵੱਲੋਂ ਮੁਢਲੀ ਜਾਂਚ ਪ੍ਰਕਿਰਿਆ ਮੁਕੰਮਲ ਕਰਨ ਮਗਰੋਂ ਇਨ੍ਹਾਂ ਮਜ਼ਦੂਰਾਂ ਨੂੰ ਜ਼ਿਲੇ ਦੀਆਂ ਵੱਖ-ਵੱਖ ਸਬ ਡਿਵੀਜ਼ਨਾਂ 'ਚ ਸਥਾਪਤ ਇਕਾਂਤਵਾਸ ਕੇਂਦਰਾਂ ਵਿਖੇ ਭੇਜ ਦਿੱਤਾ ਗਿਆ ਹੈ, ਜਿੱਥੇ ਉਹ 21 ਦਿਨਾਂ ਤੱਕ ਇਕਾਂਤਵਾਸ 'ਚ ਰਹਿਣਗੇ।