ਪਿੰਡ ਜਾਣ ਲਈ ਕਾਹਲੇ ਪ੍ਰਵਾਸੀ ਤਪੱਦੀ ਗਰਮੀ ''ਚ ਭੁੱਖੇ-ਪਿਆਸੇ ਸੜਕਾਂ ''ਤੇ ਬੈਠੇ
Monday, May 25, 2020 - 03:06 PM (IST)
ਜਲੰਧਰ (ਗੁਲਸ਼ਨ)— ਮਈ ਦਾ ਮਹੀਨਾ ਬੀਤਣ 'ਚ ਅਜੇ ਕੁਝ ਦਿਨ ਬਾਕੀ ਹਨ। ਪਿਛਲੇ ਇਕ-ਦੋ ਦਿਨਾਂ ਤਕ ਮੌਸਮ ਬਹੁਤ ਸੁਹਾਣਾ ਰਿਹਾ ਪਰ ਹੁਣ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਪਾਰਾ 43 ਡਿਗਰੀ ਨੂੰ ਪਾਰ ਕਰ ਗਿਆ। ਭਿਆਨਕ ਗਰਮੀ ਕਾਰਨ ਜਿੱਥੇ ਲੋਕ ਆਪਣੇ ਘਰਾਂ 'ਚ ਏ. ਸੀ., ਕੂਲਰ ਚਲਾਉਂਦੇ ਰਹੇ । ਉਥੇ ਹੀ ਪੰਜਾਬ ਛੱਡ ਆਪਣੇ ਗ੍ਰਹਿ ਸੂਬਿਆਂ 'ਚ ਜਾਣ ਦੇ ਚਾਹਵਾਨ ਪ੍ਰਵਾਸੀ ਲੋਕ ਭੁੱਖੇ ਪਿਆਸੇ ਸੜਕਾਂ 'ਤੇ ਬੈਠੇ ਰਹੇ। ਕੁਝ ਪ੍ਰਵਾਸੀ ਔਰਤਾਂ ਆਪਣੇ ਬੱਚਿਆਂ ਨੂੰ ਧੁੱਪ ਤੋਂ ਬਚਾਉਣ ਲਈ ਕੁਝ ਇੰਚ ਦੀ ਛਾਂ ਲੱਭਦੀਆਂ ਇਧਰ-ਉਧਰ ਫਿਰ ਰਹੀਆਂ ਸਨ ।
ਸਿਟੀ ਸਟੇਸ਼ਨ ਤੋਂ ਰੋਜ਼ਾਨਾ ਚਾਰ-ਪੰਜ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਸਨ । ਬੀਤੇ ਦਿਨੀਂ ਰੇਲ ਗੱਡੀਆਂ ਦੀ ਗਿਣਤੀ ਘੱਟ ਕਰ ਦਿੱਤੀ ਗਈ ਸੀ ਪਰ ਐਤਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਤੋਂ ਇਕ ਵਾਰ ਫਿਰ 5 ਲੇਬਰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ, ਜਿਨ੍ਹਾਂ 'ਚੋਂ ਇਕ ਝਾਰਖੰਡ ਅਤੇ 4 ਬਿਹਾਰ ਵੱਲ ਗਈਆਂ। ਬਿਹਾਰ ਦੇ ਭਾਗਲਪੁਰ ਲਈ ਸਵੇਰੇ 10 ਵਜੇ, ਮੁਜ਼ੱਫਰਪੁਰ ਲਈ ਦੁਪਹਿਰ 1 ਵਜੇ, ਅਰਰੀਆ ਲਈ ਸ਼ਾਮ 4 ਵਜੇ, ਵੈਸ਼ਾਲੀ ਲਈ ਸ਼ਾਮ 7 ਵਜੇ ਅਤੇ ਝਾਰਖੰਡ ਦੇ ਕੋਡਰਮਾ ਲਈ ਰਾਤ 10 ਵਜੇ ਵਿਸ਼ੇਸ਼ ਰੇਲ ਗੱਡੀਆਂ ਚੱਲੀਆਂ। ਸਾਰੀਆਂ ਰੇਲ ਗੱਡੀਆਂ ਵਿਚ 1600-1600 ਯਾਤਰੀ ਰਵਾਨਾ ਹੋਏ ਪਰ 1000 ਯਾਤਰੀ ਸ਼ਾਮ 7 ਵਜੇ ਬਿਹਾਰ ਦੇ ਵੈਸ਼ਾਲੀ ਜ਼ਿਲੇ ਨੂੰ ਜਾਣ ਵਾਲੀ ਰੇਲ ਗੱਡੀ 'ਚ ਸਵਾਰ ਹੋਏ। ਇਸ ਰੇਲ ਗੱਡੀ ਦੇ 5-6 ਕੋਚ ਖਾਲੀ ਰਹੇ।
ਜ਼ਿਕਰਯੋਗ ਹੈ ਕਿ ਲਗਭਗ ਇਕ ਲੱਖ ਪ੍ਰਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਪਿੰਡ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ 'ਚੋਂ 75 ਹਜ਼ਾਰ ਦੇ ਕਰੀਬ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ ਲਈ ਰੇਲ ਗੱਡੀਆਂ ਵਿਚ ਭੇਜਿਆ ਜਾ ਚੁੱਕਾ ਹੈ ਪਰ ਆਪਣੇ ਪਿੰਡ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਅਜੇ ਵੀ ਘੱਟ ਨਹੀਂ ਹੋ ਰਹੀ ਹੈ। ਪ੍ਰਵਾਸੀ ਮਜ਼ਦੂਰ ਹੁਣ ਭੋਗਪੁਰ, ਕਪੂਰਥਲਾ, ਕਰਤਾਰਪੁਰ, ਆਦਮਪੁਰ, ਨਕੋਦਰ ਆਦਿ ਖੇਤਰਾਂ ਤੋਂ ਵੀ ਪ੍ਰਸ਼ਾਸਨ ਵੱਲੋਂ ਸਥਾਪਤ ਸਕੈਨਿੰਗ ਸੈਂਟਰਾਂ ਤੱਕ ਪਹੁੰਚ ਰਹੇ ਹਨ। ਸਿਹਤ ਮਹਿਕਮੇ ਦੇ ਕਾਮੇ ਕੁਝ ਮਿੰਟਾਂ 'ਚ ਹੀ ਉਨ੍ਹਾਂ ਦਾ ਮੈਡੀਕਲ ਚੈੱਕਅਪ ਕਰਕੇ ਪਰਚੀ ਦੇ ਰਹੇ ਹਨ। ਇਸ ਤੋਂ ਬਾਅਦ ਪ੍ਰਵਾਸੀਆਂ ਨੂੰ ਰੇਲਵੇ ਟਿਕਟਾਂ ਦੇ ਕੇ ਬੱਸਾਂ ਰਾਹੀਂ ਰੇਲਵੇ ਸਟੇਸ਼ਨ 'ਤੇ ਲਿਆਂਦਾ ਜਾ ਰਿਹਾ ਹੈ ।
ਰੇਲਵੇ ਸਟੇਸ਼ਨ 'ਤੇ ਪਹੁੰਚਣ ਤੋਂ ਬਾਅਦ ਪ੍ਰਵਾਸੀਆਂ ਨੂੰ ਮੈਡੀਕਲ ਸਲਿੱਪ ਅਤੇ ਟਿਕਟ ਵੇਖ ਕੇ ਆਰ. ਪੀ. ਐੱਫ. ਵੱਲੋਂ ਸਟੇਸ਼ਨ ਦੇ ਅੰਦਰ ਭੇਜਿਆ ਜਾ ਰਿਹਾ ਹੈ। ਪਹਿਲਾਂ ਇਕ ਟਰੇਨ 'ਚ 1200 ਯਾਤਰੀਆਂ ਨੂੰ ਬਿਠਾਇਆ ਜਾ ਰਿਹਾ ਸੀ ਪਰ ਹੁਣ ਪ੍ਰਸ਼ਾਸਨ ਨੇ 1600 ਯਾਤਰੀਆਂ ਨੂੰ ਬਿਠਾਉਣ ਦਾ ਫੈਸਲਾ ਕੀਤਾ ਹੈ। ਐਤਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ 5 ਰੇਲ ਗੱਡੀਆਂ ਵਿਚ ਲਗਭਗ 7400 ਪ੍ਰਵਾਸੀ ਰਵਾਨਾ ਹੋਏ ।
ਹੁਸ਼ਿਆਰਪੁਰ ਤੋਂ 1 ਵਿਸ਼ੇਸ਼ ਰੇਲ ਗੱਡੀ ਵੀ ਮੁਜ਼ੱਫਰਪੁਰ ਲਈ ਚੱਲੀ
ਦੂਜੇ ਪਾਸੇ ਐਤਵਾਰ ਨੂੰ ਹੁਸ਼ਿਆਰਪੁਰ ਤੋਂ ਇਕ ਲੇਬਰ ਸਪੈਸ਼ਲ ਟਰੇਨ ਵੀ ਚਲਾਈ ਗਈ। ਇਸ ਰੇਲ ਗੱਡੀ 'ਚ ਵੀ ਲਗਭਗ 1600 ਪ੍ਰਵਾਸੀ ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ਲਈ ਰਵਾਨਾ ਹੋਏ। ਹੁਸ਼ਿਆਰਪੁਰ ਵਿਚ ਬੁਕਿੰਗ ਦਫਤਰ ਦਾ ਸਿਸਟਮ ਨਾ ਚੱਲਣ ਕਾਰਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਹੁਸ਼ਿਆਰਪੁਰ ਤੋਂ ਮੁਜ਼ੱਫਰਪੁਰ ਲਈ 1600 ਟਿਕਟਾਂ ਬਣਾ ਕੇ ਹੁਸ਼ਿਆਰਪੁਰ ਭੇਜੀਆਂ ਗਈਆਂ । ਜਾਣਕਾਰੀ ਅਨੁਸਾਰ ਇਹ ਟਰੇਨ ਹੁਸ਼ਿਆਰਪੁਰ ਤੋਂ ਰਾਤ ਲਗਭਗ 9 ਵਜੇ ਚੱਲੀ।