''ਕੋਰੋਨਾ'' ਨੂੰ ਭੁੱਲ ਕੇ ਸਿਰਫ ਪਿੰਡ ਜਾਣ ਦੀ ਜ਼ਿੱਦ ''ਤੇ ਅੜ੍ਹੇ ਮਜ਼ਦੂਰ, ਭੁੱਖੇ ਢਿੱਡ ਇੰਝ ਬਿਤਾ ਰਹੇ ਨੇ ਦਿਨ

Sunday, May 10, 2020 - 11:12 AM (IST)

''ਕੋਰੋਨਾ'' ਨੂੰ ਭੁੱਲ ਕੇ ਸਿਰਫ ਪਿੰਡ ਜਾਣ ਦੀ ਜ਼ਿੱਦ ''ਤੇ ਅੜ੍ਹੇ ਮਜ਼ਦੂਰ, ਭੁੱਖੇ ਢਿੱਡ ਇੰਝ ਬਿਤਾ ਰਹੇ ਨੇ ਦਿਨ

ਜਲੰਧਰ (ਗੁਲਸ਼ਨ)— ਲਾਕ ਡਾਊਨ ਦੌਰਾਨ ਪੰਜਾਬ ਸਰਕਾਰ ਵੱਲੋਂ ਸ਼੍ਰਮਿਕ ਸਪੈਸ਼ਲ ਟਰੇਨ ਚਲਾਉਣ ਦੇ ਐਲਾਨ ਤੋਂ ਬਾਅਦ ਲੰਬੇ ਸਮੇਂ ਤੋਂ ਟਰੇਨਾਂ ਦਾ ਇੰਤਜ਼ਾਰ ਕਰ ਰਹੇ ਮਜ਼ਦੂਰ ਆਪਣੇ ਘਰਾਂ ਤੋਂ ਬਾਹਰ ਸੜਕਾਂ 'ਤੇ ਆ ਗਏ ਹਨ। ਟਰੇਨਾਂ 'ਚ ਥਾਂ ਨਾ ਮਿਲਣ ਕਾਰਨ ਉਹ ਸੜਕਾਂ 'ਤੇ ਰਾਤ ਬਿਤਾਉਣ ਲਈ ਮਜਬੂਰ ਹਨ। ਪੰਜਾਬ ਕੇਸਰੀ ਗਰੁੱਪ ਦੀ ਟੀਮ ਨੇ ਜਦੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਰਾਮ ਕ੍ਰਿਸ਼ਨ, ਸੋਨੂੰ, ਸੀਤਾ ਰਾਮ ਸਮੇਤ ਕਈ ਪ੍ਰਵਾਸੀਆਂ ਦਾ ਕਹਿਣਾ ਸੀ ਕਿ ਇਥੇ ਫਿਲਹਾਲ ਖਾਣ ਨੂੰ ਨਹੀਂ ਮਿਲ ਰਿਹਾ, ਜੇਬ 'ਚ ਇਕ ਰੁਪਿਆ ਵੀ ਨਹੀਂ ਬਚਿਆ ਹੈ। ਪਿਛਲੇ ਕਈ ਦਿਨਾਂ ਤੋਂ ਉਧਾਰ ਮੰਗ ਕੇ ਖਾ ਰਹੇ ਹਾਂ। ਕਰਜ਼ਾ ਲੈਣ ਤੋਂ ਚੰਗਾ ਹੈ ਕਿ ਪਿੰਡ ਚਲੇ ਜਾਈਏ। ਪਿੰਡ ਜਾ ਕੇ ਆਪਣੇ ਪਰਿਵਾਰ ਨਾਲ ਰਹਾਂਗੇ, ਘੱਟ ਤੋਂ ਘੱਟ ਉੱਥੇ ਰੋਟੀ ਦੀ ਚਿੰਤਾ ਤਾਂ ਨਹੀਂ ਹੋਵੇਗੀ।

PunjabKesari

ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਪ੍ਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ 'ਚ ਭੇਜਣ ਲਈ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਮਜ਼ਦੂਰਾਂ 'ਚ ਉਤਸ਼ਾਹ ਭਰਿਆ ਹੋਇਆ ਹੈ। ਜ਼ਿਲਾ ਪ੍ਰਸ਼ਾਸਨ ਨੇ ਇਛੁੱਕ ਪ੍ਰਵਾਸੀਆਂ ਨੂੰ ਆਨਲਾਈਨ ਬਿਨੈ ਕਰਨ ਲਈ ਕਿਹਾ ਹੈ। ਜ਼ਿਲਾ ਜਲੰਧਰ ਦੇ ਲਗਭਗ ਇਕ ਲੱਖ ਤੋਂ ਜ਼ਿਆਦਾ ਮਜ਼ਦੂਰਾਂ ਨੇ ਆਪਣੇ ਪਿੰਡਾਂ ਨੂੰ ਜਾਣ ਦੀ ਇੱਛਾ ਜਤਾਈ ਹੈ, ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 10 ਲੱਖ ਤੋਂ ਜ਼ਿਆਦਾ ਮਜ਼ਦੂਰਾਂ ਨੇ ਸਰਕਾਰ ਸਾਹਮਣੇ ਪਿੰਡ ਜਾਣ ਲਈ ਬਿਨੈ ਕੀਤਾ ਹੈ। ਜ਼ਿਲਾ ਪ੍ਰਸ਼ਾਸਨ ਨੇ ਭੀੜ ਤੋਂ ਬਚਣ ਲਈ ਸੋਸ਼ਲ ਡਿਸਪੈਂਸਿੰਗ ਦਾ ਪਲਾਨ ਬਣਾਇਆ ਹੈ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਸੀ ਕਿ ਜਿਸ ਵਿਅਕਤੀ ਨੂੰ ਫੋਨ 'ਤੇ ਮੈਸੇਜ ਜਾਂ ਕਾਲ ਹੋਵੇਗੀ ਸਿਰਫ ਉਹੀ ਲੋਕ ਦੱਸੇ ਹੋਏ ਸਥਾਨ 'ਤੇ ਆਪਣੇ ਸਾਮਾਨ ਲੈ ਕੇ ਪਹੁੰਚਣ ਪਰ ਜਿਨ੍ਹਾਂ ਲੋਕਾਂ ਨੂੰ ਸੂਚਿਤ ਨਹੀਂ ਵੀ ਕੀਤਾ ਗਿਆ ਸੀ ਉਹ ਵੀ ਪਹੁੰਚ ਰਹੇ ਹਨ। ਜਿਸ ਨਾਲ ਕਰਫਿਊ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੇ ਗਏ ਥਾਵਾਂ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ 'ਤੇ ਮਜ਼ਦੂਰਾਂ ਦੀਆਂ ਟੋਲੀਆਂ ਬਣ ਕੇ ਘੁੰਮਦੀਆਂ ਨਜ਼ਰ ਆ ਰਹੀਆਂ ਹਨ।

PunjabKesari

ਜ਼ਿਲਾ ਪ੍ਰਸ਼ਾਸਨ ਵੱਲੋਂ ਟਰੇਨਾਂ 'ਚ ਚੜ੍ਹਾਉਣ ਤੋਂ ਪਹਿਲਾਂ ਯਾਤਰੀਆਂ ਦੇ ਮੈਡੀਕਲ ਚੈੱਕਅਪ ਕਰਵਾਏ ਜਾਣ ਲਈ ਤਿੰਨ ਥਾਂ ਪਠਾਨਕੋਟ ਚੌਕ ਨੇੜੇ ਬੱਲੇ ਬੱਲੇ ਫਾਰਮ, ਨਕੋਦਰ ਰੋਡ ਸਥਿਤ ਖ਼ਾਲਸਾ ਸਕੂਲ ਗਰਾਊਂਡ ਅਤੇ ਲਾਡੋਵਾਲੀ ਰੋਡ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਿਰਧਾਰਤ ਕੀਤੇ ਹਨ ਪਰ ਇਨ੍ਹਾਂ ਤਿੰਨਾਂ ਥਾਵਾਂ ਉੱਤੇ ਹਜ਼ਾਰਾਂ ਦੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਇਕੱਠੇ ਹੋਣ ਲੱਗੇ ਹਨ। ਹੁਣ ਪ੍ਰਸ਼ਾਸਨ ਨੇ ਲਾਡੋਵਾਲੀ ਰੋਡ ਸਥਿਤ ਯੂਨੀਵਰਸਿਟੀ ਵਿਖੇ ਪ੍ਰਵਾਸੀਆਂ ਦੇ ਆਉਣ 'ਤੇ ਰੋਕ ਲਾ ਦਿੱਤੀ ਹੈ ਕਿਉਂਕਿ ਇਥੇ ਰਹਿੰਦੇ ਲੋਕਾਂ ਨੇ ਇਸ ਨਾਲ ਕੋਰੋਨਾ ਵਾਇਰਸ ਦੇ ਫੈਲਣ ਦਾ ਸ਼ੱਕ ਪ੍ਰਗਟਾਇਆ।

ਕਟਿਹਾਰ, ਆਜ਼ਮਗੜ੍ਹ ਅਤੇ ਫੈਜ਼ਾਬਾਦ ਲਈ ਸਪੈਸ਼ਲ ਟਰੇਨਾਂ ਚੱਲੀਆਂ, 3600 ਮਜ਼ਦੂਰ ਰਵਾਨਾ
ਸਿਟੀ ਰੇਲਵੇ ਸਟੇਸ਼ਨ ਤੋਂ ਸ਼ਨੀਵਾਰ ਨੂੰ ਸਵੇਰੇ ਗਿਆਰਾਂ ਵਜੇ ਆਜ਼ਮਗੜ੍ਹ, ਸ਼ਾਮ 5 ਵਜੇ ਕਟਿਹਾਰ ਅਤੇ ਰਾਤ 11 ਵਜੇ ਫੈਜ਼ਾਬਾਦ ਲਈ ਸਪੈਸ਼ਲ ਟਰੇਨਾਂ ਚੱਲੀਆਂ, ਜਿਨ੍ਹਾਂ ਵਿਚ 3600 ਮਜ਼ਦੂਰ ਆਪਣੇ ਗ੍ਰਹਿ ਰਾਜ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਸਾਰੇ ਪ੍ਰਵਾਸੀਆਂ ਦਾ ਮੈਡੀਕਲ ਚੈੱਕਅਪ ਕਰਵਾਉਣ ਦੇ ਬਾਅਦ ਉਨ੍ਹਾਂ ਸਿਟੀ ਰੇਲਵੇ ਸਟੇਸ਼ਨ ਲਿਆਂਦਾ ਗਿਆ।


author

shivani attri

Content Editor

Related News