ਜਲੰਧਰ ਦੇ ਅਟਾਰੀ ਬਾਜ਼ਾਰ 'ਚ ਉੱਡ ਰਹੀਆਂ ਨੇ ਕਰਫਿਊ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ

05/06/2020 12:06:28 PM

ਜਲੰਧਰ (ਚੋਪੜਾ)— ਕੋਵਿਡ -19 ਕਾਰਨ ਪੰਜਾਬ 'ਚ ਲਗਾਏ ਗਏ ਕਰਫਿਊ ਦੌਰਾਨ ਲੋਕ ਪਿਛਲੇ 44 ਦਿਨਾਂ ਤੋਂ ਘਰਾਂ 'ਚ ਰਹਿਣ ਲਈ ਮਜ਼ਬੂਰ ਹਨ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਨੇ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਸਬਜ਼ੀ ਮੰਡੀ, ਮੰਡੀ ਫੈਂਟਨਗੰਜ, ਦਿਲਕੁਸ਼ਾ ਮਾਰਕੀਟ ਸਮੇਤ ਕੁਝ ਇਲਾਕਿਆਂ ਨੂੰ ਛੋਟ ਦਿੱਤੀ ਹੈ ਪਰ ਸ਼ਹਿਰ ਦੇ ਅੰਦਰੂਨੀ ਅਤੇ ਛਾਉਣੀ ਦੇ ਨੇੜਲੇ ਖੇਤਰਾਂ 'ਚ ਧੜੱਲੇ ਨਾਲ ਚਲ ਰਹੇ ਕਾਰੋਬਾਰਾਂ ਪ੍ਰਤੀ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਦੀ ਲਾਪਰਵਾਹੀ ਭਾਰੀ ਪੈ ਸਕਦੀ ਹੈ। ਇਸ ਸਬੰਧੀ 'ਜਗ ਬਾਣੀ' ਦੀ ਟੀਮ ਨੇ ਬੀਤੇ ਦਿਨ ਸਵੇਰੇ 5.30 ਵਜੇ ਅਟਾਰੀ ਬਾਜ਼ਾਰ, ਪੀਰ ਬੋਦਲਾ ਬਾਜ਼ਾਰ, ਲਾਲ ਬਾਜ਼ਾਰ, ਮਿੱਠਾ ਬਾਜ਼ਾਰ, ਪੰਜਪੀਰ ਬਾਜ਼ਾਰ ਅਤੇ ਹੋਰ ਅੰਦਰੂਨੀ ਬਾਜ਼ਾਰਾਂ ਦਾ ਦੌਰਾ ਕੀਤਾ। ਇਸ ਸਬੰਧੀ ਪ੍ਰਤੀਨਿਧੀਆਂ ਜਤਿੰਦਰ ਚੋਪੜਾ ਅਤੇ ਸੁਧੀਰ ਪੁਰੀ ਦੀ ਵਿਸ਼ੇਸ਼ ਰਿਪੋਰਟ –

ਸਵੇਰੇ 6 ਵਜੇ ਇਨ੍ਹਾਂ ਬਾਜ਼ਾਰਾਂ ਦਾ ਹਾਲ
ਜ਼ਿਲਾ ਪ੍ਰਸ਼ਾਸਨ ਨੇ ਕਰਫਿਊ ਦੌਰਾਨ ਸ਼ਹਿਰ ਦੀਆਂ ਦੁਕਾਨਾਂ, ਬਾਜ਼ਾਰਾਂ ਅਤੇ ਸ਼ਾਪਿੰਗ ਮਾਲਜ਼ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਹੋਇਆ ਹੈ ਅਤੇ ਕਾਰੋਬਾਰੀ ਸਰਗਰਮੀਆਂ 'ਤੇ ਰੋਕ ਹੈ ਪਰ ਇਸ ਦੇ ਬਾਵਜੂਦ, ਅਟਾਰੀ ਮਾਰਕੀਟ ਅਤੇ ਹੋਰ ਬਾਜ਼ਾਰਾਂ ਵਿਚ ਦੁਕਾਨਦਾਰ ਸਵੇਰੇ 5 ਵਜੇ ਤੋਂ ਪਹਿਲਾਂ ਹੀ ਦੁਕਾਨਾਂ ਅਤੇ ਗਲੀਆਂ ਵਿਚ ਗੋਦਾਮ ਖੋਲ੍ਹਦੇ ਹਨ, ਜਿਥੇ ਪ੍ਰਚੂਨ ਦੁਕਾਨਦਾਰ, ਲੋਕ ਅਤੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਆਉਣ ਵਾਲੇ ਲੋਕ ਧੜੱਲੇ ਨਾਲ ਖਰੀਦਾਰੀ ਕਰਦੇ ਹਨ।ਜਿਸ ਕਾਰਨ ਸਵੇਰੇ ਤੜਕੇ ਹੀ ਇਨ੍ਹਾਂ ਬਾਜ਼ਾਰਾਂ ਵਿਚ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਜਾਂਦੀ ਹੈ। ਥੋਕ ਬਾਜ਼ਾਰ 'ਚ ਗਾਹਕਾਂ ਨੂੰ ਸਾਰੀਆਂ ਹੀ ਚੀਜ਼ਾਂ ਮੁਹੱਈਆ ਹੋ ਜਾਂਦੀਆਂ ਹਨ, ਜਿਸ ਵਿਚ ਕਾਸਮੈਟਿਕਸ, ਕਪੜੇ, ਜੁੱਤੇ ਸ਼ਾਮਲ ਹਨ।

'ਜਗ ਬਾਣੀ' ਟੀਮ ਨੇ ਦੇਖਿਆ ਕਿ ਕੁਝ ਦੁਕਾਨਦਾਰਾਂ ਨੇ ਦੁਕਾਨਾਂ ਦੇ ਅੱਧੇ ਤੋਂ ਵੱਧ ਸ਼ਟਰ ਚੁੱਕੇ ਹੋਏ ਸਨ ਅਤੇ ਉਹ ਗਾਹਕਾਂ ਨੂੰ ਦੁਕਾਨ ਅੰਦਰ ਦਾਖਲ ਕਰ ਕੇ ਬਾਹਰ ਖੜੇ ਆਪਣੇ ਕਰਿੰਦਿਆਂ ਤੋਂ ਸ਼ਟਰ ਬੰਦ ਕਰਵਾ ਦਿੰਦੇ ਹਨ। ਜਦੋਂ ਗਾਹਕ ਸਾਮਾਨ ਖਰੀਦ ਕੇ ਪੈਕ ਕਰ ਲੈਂਦਾ ਸੀ ਤਾਂ ਦੁਕਾਨਦਾਰ ਮੋਬਾਇਲ ਜਾਂ ਹੋਰ ਸਿਗਨਲ ਰਾਹੀਂ ਕਰਿੰਦਿਆਂ ਤੋਂ ਸ਼ਟਰ ਖੁਲਵਾ ਦਿੰਦਾ ਸੀ। ਕਈ ਦੁਕਾਨਾਂ 'ਚ ਤਾਂ ਇਕੋ ਸਮੇਂ ਦਰਜਨ ਲੋਕ ਵੀ ਦਾਖਲ ਹੋ ਜਾਂਦੇ ਹਨ, ਜਿਸ ਕਾਰਨ ਸੋਸ਼ਲ ਡਿਸਟੈਂਸ ਨੂੰ ਵੀ ਨਜ਼ਰਅੰਦਾਜ਼ ਕਰਨ ਨਾਲ ਕੋਰੋਨਾ ਵਾਇਰਸ ਦੇ ਇਨਫੈਕਸ਼ਣ ਦੇ ਵਧਣ ਦਾ ਖਤਰਾ ਵੀ ਪੈਦਾ ਹੋ ਜਾਂਦਾ ਹੈ।

PunjabKesari

ਕਈ ਦੁਕਾਨਦਾਰ ਗਾਹਕਾਂ ਤੋਂ ਆਰਡਰ ਲੈ ਕੇ ਸਾਮਾਨ ਪੈਕ ਕਰਕੇ
ਨੇੜੇ ਦੀਆਂ ਗਲੀਆਂ ਵਿਚ ਖੜ੍ਹੇ ਗਾਹਕਾਂ ਨੂੰ ਸ਼ਰੇਆਮ ਸਪਲਾਈ ਕਰ ਰਹੇ ਸਨ । ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਸ਼ਹਿਰ ਦੇ ਕਈ ਮੁਹੱਲਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੇ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਗਿਆ ਹੈ । ਜਦਕਿ ਪੁਲਸ ਅਤੇ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਕੰਟੇਨਮੈਂਟ ਜ਼ੋਨ ਵਿਚ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਪਾਬੰਦੀਆਂ ਦੇ ਬਾਵਜੂਦ ਸਵੇਰੇ 5 ਵਜੇ ਤੋਂ ਸ਼ੁਰੂ ਹੋਣ ਵਾਲੀਆਂ ਸਰਗਰਮੀਆਂ ਤੋਂ ਪ੍ਰਸ਼ਾਸਨ ਅਤੇ ਪੁਲਸ ਅਣਜਾਨ ਬਣੀ ਹੋਈ ਹੈ।
ਜੇਕਰ ਇਸ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਹ ਲਾਪਰਵਾਹੀ ਕਦੇ ਵੀ ਭਾਰੀ ਪੈ ਸਕਦੀ ਹੈ ਕਿਉਂਕਿ ਸ਼ਹਿਰ, ਪਿੰਡਾਂ ਅਤੇ ਕਸਬਿਆਂ ਤੋਂ ਆਉਣ ਵਾਲੇ ਲੋਕ ਕਿਹੜੇ ਜ਼ੋਨ ਨਾਲ ਸਬੰਧਤ ਹੈ, ਉਨ੍ਹਾਂ ਦੇ ਇਲਾਕੇ ਵਿਚ ਕੋਰੋਨਾ ਵਾਇਰਸ ਪਾਜ਼ੇਟਿਵ ਮਰੀਜ਼ਾਂ ਦੀ ਸਥਿਤੀ ਕੀ ਹੈ।

ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਛੋਟੀਆਂ ਗਲੀਆਂ ਵਿਚ ਬਣੀਆਂ ਦੁਕਾਨਾਂ 'ਤੇ ਇਨ੍ਹਾਂ ਗਾਹਕਾਂ ਦੀ ਕੋਈ ਜਾਂਚ ਨਹੀਂ ਹੁਦੀ। ਇਕ ਪਾਸੇ ਪੁਲਸ ਅਤੇ ਪ੍ਰਸ਼ਾਸਨ ਸ਼ਹਿਰ ਨੂੰ ਕੋਰੋਨਾ ਮੁਕਤ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਅਰੇ ਆਪ੍ਰੇਸ਼ਨ ਫਤਿਹ ਨੂੰ ਜਿੱਤਣ ਦਾ ਦਾਅਵਾ ਕਰ ਰਹੇ ਹਨ ਪਰ ਜੇ ਸ਼ਹਿਰ ਦੀ ਇਹ ਸਥਿਤੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧੇਗੀ । ਇਸ ਦਾ ਖਮਿਆਜ਼ਾ ਪਿਛਲੇ ਡੇਢ ਮਹੀਨੇ ਤੋਂ ਆਪਣੇ ਕਾਰੋਬਾਰ ਬੰਦ ਕਰ ਕੇ ਘਰਾਂ ਵਿਚ ਬੈਠੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਥੋਕ ਬਾਜ਼ਾਰਾਂ ਦੇ ਹਾਲਾਤਾਂ ਨੂੰ ਵੇਖਦੇ ਹੋਏ ਆਪਰੇਸ਼ਨ ਫਤਿਹ ਨੂੰ ਸਫਲ ਬਣਾਉਣਾ ਮੁਸ਼ਕਲ ਹੈ। ਹੁਣ ਵੇਖਣਾ ਇਹ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਇਸ ਪਾਸੇ ਧਿਆਨ ਦਿੰਦਾ ਹੈ ਜਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਣ ਦਾ ਇੰਤਜ਼ਾਰ ਕਰਦਾ ਹੈ।

PunjabKesari

ਆਮ ਲੋਕਾਂ ਦੇ ਕਰਫਿਊ ਨਿਯਮਾਂ ਦੀ ਉਲੰਘਣਾ 'ਤੇ ਚਾਲਾਨ
ਦੋਪਹੀਆ ਵਾਹਨਾਂ 'ਤੇ ਸਾਮਾਨ ਲੈ ਕੇ ਜਾਂਦੇ ਲੋਕ ਪੁਲਸ ਨੂੰ ਕਿਉਂ ਨਹੀਂ ਦਿਖਾਈ ਦਿੰਦੇ ?

ਅਟਾਰੀ ਬਾਜ਼ਾਰ ਵਿਚ ਆਉਣ ਵਾਲੇ ਜ਼ਿਆਦਾਤਰ ਗਾਹਕ ਦੋ ਪਹੀਆ ਵਾਹਨਾਂ 'ਤੇ ਬੋਰੇ ਲੱਦ ਕੇ ਸਮਾਨ ਲੈ ਕੇ ਜਾ ਰਹੇ ਸਨ ਅਤੇ ਕੁਝ ਗਾਹਕਾਂ ਨੇ ਬਾਹਰ ਮੁੱਖ ਸੜਕ 'ਤੇ ਚਾਰ ਪਹੀਆ ਵਾਹਨ ਖੜੇ ਕੀਤੇ ਹੋਏ ਸਨ । ਤੰਗ ਗਲੀਆਂ ਤੋਂ ਦੋ ਪਹੀਆ ਵਾਹਨ 'ਤੇ ਸਾਮਾਨ ਲਿਆ ਕੇ ਉਹ ਵਾਪਸ ਜਾ ਰਹੇ ਸਨ । ਉਂਝ ਤਾਂ ਪਿਛਲੇ 44 ਦਿਨਾਂ ਤੋਂ ਕਮਿਸ਼ਨਰੇਟ ਪੁਲਸ ਹਰ ਦਿਨ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਲੋਕਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਅਤੇ ਹਰ ਰੋਜ਼ ਸੈਂਕੜੇ ਵਾਹਨਾਂ ਦੇ ਚਾਲਾਨ ਕਰ ਕੇ ਉਨ੍ਹਾਂ ਨੂੰ ਜ਼ਬਤ ਕਰ ਰਹੀ ਹੈ ਪਰ ਇੱਥੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਇਨ੍ਹਾਂ ਵਾਹਨਾਂ ਦੀ ਕੋਈ ਚੈਕਿੰਗ ਨਹੀਂ ਕੀਤੀ ਜਾ ਰਹੀ ਹੈ, ਜੋ ਹਰ ਰੋਜ਼ ਆਪਣੇ ਵਾਹਨਾਂ 'ਤੇ ਵੱਡੇ ਡੱਬੇ ਅਤੇ ਸਾਮਾਨ ਦੇ ਪੈਕਟ ਲੈ ਜਾਂਦੇ ਹਨ ਅਤੇ ਕਈ-ਕਈ ਕਿਲੋਮੀਟਰ ਦਾ ਸਫਰ ਕਰ ਕੇ ਸ਼ਰੇਆਮ ਆਪਣੇ ਵਾਹਨਾਂ 'ਤੇ ਸਾਮਾਨ ਲੈ ਕੇ ਜਾ ਰਹੇ ਹਨ।

ਭੋਗਪੁਰ, ਨਕੋਦਰ ਤੋਂ ਖਰੀਦਦਾਰੀ ਕਰਨ ਪੁੱਜੇ ਲੋਕ
ਇਸ ਦੌਰਾਨ ਜਦੋਂ ਕੁਝ ਗਾਹਕਾਂ ਨੂੰ ਪਛਾਣ ਗੁਪਤ ਰੱਖ ਕੇ ਗੱਲਬਾਤ ਕੀਤੀ ਗਈ ਤਾਂ ਉਥੇ ਖੜ੍ਹੇ 4 ਨੌਜਵਾਨਾਂ ਨੇ ਦੱਸਿਆ ਕਿ ਉਹ ਭੋਗਪੁਰ ਤੋਂ ਸਾਮਾਨ ਲੈਣ ਆਏ ਹਨ।ਸਵੇਰੇ ਉਹ ਮਾਲ ਲੋਡ ਕਰ ਕੇ ਆਪਣੇ ਘਰ ਪਹੁੰਚ ਜਾਂਦੇ ਹਨ, ਜਿਸ ਤੋਂ ਬਾਅਦ ਗਾਹਕਾਂ ਨੂੰ ਸਾਮਾਨ ਵੇਚ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਗਾਹਕ ਆਰਡਰ ਦੇ ਕੇ ਸਾਮਾਨ ਮੰਗਵਾਉਂਦੇ ਹਨ ਅਤੇ ਉਨ੍ਹਾਂ ਨੂੰ ਵੀ ਖਰੀਦ ਕੇ ਸਾਮਾਨ ਘਰਾਂ ਤੱਕ ਸਪਲਾਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਕ ਪਤੀ-ਪਤਨੀ ਨੇ ਦੱਸਿਆ ਕਿ ਉਹ ਨਕੋਦਰ ਤੋਂ ਖਰੀਦਦਾਰੀ ਕਰਨ ਆਏ ਹਨ। ਸਵੇਰੇ ਦੁਕਾਨ ਖੁੱਲ੍ਹਣ ਕਾਰਨ ਉਨ੍ਹਾਂ ਨੂੰ ਕੁਝ ਖਾਸ ਪ੍ਰੇਸ਼ਾਨੀ ਨਹੀਂ ਹੁੰਦੀ, ਜਿਨ੍ਹਾਂ ਸੜਕਾਂ 'ਤੇ ਪੁਲਸ ਨਾਕੇ ਲੱਗੇ ਹਨ, ਉਹ ਉਥੋਂ ਹੋਰ ਗਲੀਆਂ ਰਾਹੀਂ ਬਾਹਰ ਆ ਜਾਂਦੇ ਹਨ।

ਪੁਲਸ ਵਿਭਾਗ ਦੀ ਮਿਲੀਭੁਗਤ ਨਾਲ ਹੁੰਦੀ ਹੈ ਸਾਰੀ ਖੇਡ
ਇੰਨੇ ਵੱਡੇ ਪੱਧਰ 'ਤੇ ਕਾਰੋਬਾਰੀ ਸਰਗਰਮੀਆਂ ਦਾ ਹੋਣਾ ਇਹ ਸਾਬਤ ਕਰਦਾ ਹੈ ਕਿ ਇਹ ਖੇਡ ਪੁਲਸ ਵਿਭਾਗ ਦੀ ਮਿਲੀਭੁਗਤ ਨਾਲ ਖੇਡੀ ਜਾ ਰਹੀ ਹੈ। ਅੱਜ ਜਦੋਂ ਪੰਜ ਪੀਰ ਮਾਰਕੀਟ ਦੀ ਦੁਕਾਨ ਖੁੱਲ੍ਹੀ ਸੀ ਤਾਂ ਪੀ.ਸੀ.ਆਰ. ਦਸਤਾ ਉਥੇ ਗਸ਼ਤ ਕਰਦਾ ਹੋਇਆ ਮੌਕੇ 'ਤੇ ਪਹੁੰਚ ਗਿਆ । ਪੀ.ਸੀ.ਆਰ. ਡਿਊਟੀ 'ਤੇ ਤਾਇਨਾਤ ਇਕ ਸਬ-ਇੰਸਪੈਕਟਰ ਅਤੇ ਏ. ਐੱਸ. ਆਈ. ਬਾਜ਼ਾਰ ਆਏ ਸਨ।

ਜਦੋਂ ਨੇ ਮੀਡੀਆ ਕਰਮਚਾਰੀਆਂ ਨੂੰ ਵੇਖਿਆ ਤਾਂ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਦਬਕਾ ਮਾਰ ਕੇ ਦੁਕਾਨਾਂ ਬੰਦ ਕਰਨ ਨੂੰ ਕਿਹਾ। ਇਸ ਤੋਂ ਬਾਅਦ ਸਬੰਧਤ ਦੁਕਾਨਦਾਰਾਂ ਨੇ ਮੁਆਫੀ ਮੰਗੀ ਅਤੇ ਮੇਨ ਸ਼ਟਰ ਬੰਦ ਕਰ ਦਿੱਤੇ ਪਰ ਮਾਰਕੀਟ ਵਿਚ ਕਾਰੋਬਾਰ ਪਹਿਲਾਂ ਵਾਂਗ ਹੀ ਚਲਦਾ ਰਿਹਾ। ਪੁਲਸ ਕਰਮਚਾਰੀ ਉਥੇ ਕੋਈ ਕਾਰਵਾਈ ਕਰਨ ਦੀ ਬਜਾਏ ਸਿਰਫ ਖਾਨਾਪੂਰਤੀ ਕਰਕੇ ਬਾਹਰ ਆ ਗਏ। 2 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਪੱਸ਼ਟ ਨਿਰਦੇਸ਼ ਦਿੱਤੇ ਸਨ ਕਿ ਸ਼ਹਿਰ ਵਿਚ ਕਰਫਿਊ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਇਸਦੇ ਨਾਲ ਹੀ ਕੰਟੇਨਮੈਂਟ ਜੋਨ ਵਿਚ ਉਲੰਘਣਾ ਦੇ ਮਾਮਲੇ ਲਈ ਸਬੰਧਤ ਅਧਿਕਾਰੀ ਹੀ ਜ਼ਿੰਮੇਵਾਰ ਹੋਣਗੇ ਪਰ ਕੰਟੇਨਮੈਂਟ ਜ਼ੋਨ ਨੇੜੇ ਇੰਨੇ ਵੱਡੇ ਪੱਧਰ 'ਤੇ ਚਲ ਰਹੀਆਂ ਸਰਗਰਮੀਆਂ ਖਤਰੇ ਦਾ ਸੰਕੇਤ ਦੇ ਰਹੀਆਂ ਹਨ।

PunjabKesari

ਕਈ ਦੁਕਾਨਦਾਰ ਨਹੀਂ ਆ ਰਹੇ ਬਾਜ, ਸ਼ਿਕਾਇਤ 'ਤੇ ਪੁਲਸ ਕਰਦੀ ਹੈ ਕਾਰਵਾਈ
ਮਾਰਕੀਟ ਐਸੋਸੀਏਸ਼ਨ ਦੇ ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਵਧੇਰੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਪੂਰੀ ਤਰਾਂ ਬੰਦ ਕਰ ਦਿੱਤੇ ਹਨ ਪਰ ਬਹੁਤ ਸਾਰੇ ਲੋਕ ਹਨ ਜੋ ਲਾਪਰਵਾਹੀ ਨਾਲ ਆਪਣੇ ਕਾਰੋਬਾਰ ਚਲਾ ਰਹੇ ਹਨ। ਉਕਤ ਅਧਿਕਾਰੀ ਨੇ ਕਿਹਾ ਕਿ ਕੋਈ ਵੀ ਪੁਲਸ ਵਿਭਾਗ ਦੀ ਮਿਲੀਭੁਗਤ ਕਾਰਨ ਕਾਰਵਾਈ ਨਹੀਂ ਕਰਦਾ ਪਰ ਬਾਜ਼ਾਰ ਵਿਚ ਮੁਕਾਬਲਾ ਵੀ ਦੇਖਣ ਨੂੰ ਮਿਲਦਾ ਹੈ, ਜਿਸ ਕਾਰਨ ਪੁਲਸ ਸਿਰਫ ਇਕ ਸ਼ਿਕਾਇਤ ਦੇ ਅਧਾਰ ਤੇ ਦੁਕਾਨਦਾਰ ਖਿਲਾਫ ਕਾਰਵਾਈ ਕਰਦੀ ਹੈ । ਅਜਿਹੇ ਲੋਕਾਂ ਦਾ ਕਾਰੋਬਾਰ ਨਿਰੰਤਰ ਜਾਰੀ ਹੈ। ਉਸਨੇ ਦੱਸਿਆ ਕਿ ਕੁਝ ਦੁਕਾਨਾਂ ਸਵੇਰੇ 5 ਵਜੇ ਤੋਂ ਸਾਰਾ ਦਿਨ ਖੁੱਲੀਆਂ ਰਹਿੰਦੀਆਂ ਹਨ। ਜ਼ਿਕਰਯੋਗ ਹੈ ਕਿ ਕੱਲ ਹੀ ਸ਼ਿਕਾਇਤ ਮਿਲਣ 'ਤੇ ਦੁਕਾਨ ਦੇ ਅੰਦਰ ਸਟਾਫ ਨਾਲ ਕੰਮ ਕਰਦੇ ਦੁਕਾਨਦਾਰ ਖਿਲਾਫ ਪੁਲਸ ਡਿਵੀਜ਼ਨ 3 ਨੇ ਕੇਸ ਦਰਜ ਕੀਤਾ ਸੀ ।

ਫੋਨ 'ਤੇ ਲਏ ਜਾ ਰਹੇ ਆਰਡਰ, ਸਾਰਾ ਦਿਨ ਗੋਦਾਮਾਂ ਵਿਚ ਹੁੰਦੀ ਹੈ ਪੈਕਿੰਗ
ਅੰਦਰੂਨੀ ਬਾਜ਼ਾਰਾਂ ਵਿਚ ਰਿਹਾਇਸ਼ੀ ਇਲਾਕਾ ਹੈ, ਜਿੱਥੇ ਸਵੇਰੇ ਗਲੀਆਂ ਦੇ ਬਾਹਰ ਜਰੂਰੀ ਸਾਮਾਨ ਲੈਣ ਆਏ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਦੁਕਾਨਦਾਰ ਫੋਨ 'ਤੇ ਹੀ ਗਾਹਕਾਂ ਤੋਂ ਆਰਡਰ ਲੈਂਦੇ ਹਨ । ਸਾਰਾ ਦਿਨ ਪੈਕਿੰਗ ਦਾ ਕੰਮ ਕਰਮਚਾਰੀਆਂ ਨੂੰ ਗੋਦਾਮਾਂ ਦੇ ਅੰਦਰ ਰੱਖ ਕੇ ਕੀਤਾ ਜਾਂਦਾ ਹੈ। ਬਹੁਤ ਸਾਰੇ ਦੁਕਾਨਦਾਰ ਸਵੇਰੇ 4 ਵਜੇ ਦੁਕਾਨਾਂ ਖੋਲ੍ਹਦੇ ਹਨ।ਗਾਹਕ ਦੇ ਆਉਣ ਤੋਂ ਬਾਅਦ ਉਸ ਨੂੰ ਮਾਲ ਦਾ ਬਿੱਲ ਦੇ ਕੇ ਭੁਗਤਾਨ ਦੀ ਪਰਚੀ ਵਸੂਲ ਲਈ ਜਾਂਦੀ ਹੈ। ਇਸ ਤੋਂ ਬਾਅਦ ਗਾਹਕ ਸਾਮਾਨ ਨੂੰ ਲੋਡ ਕਰਕੇ ਕੁਝ ਮਿੰਟਾਂ ਵਿਚ ਵਾਪਸ ਆ ਜਾਂਦਾ ਹੈ।

ਕਰਫਿਊ ਨਿਯਮਾਂ ਦੀ ਉਲੰਘਣਾ ਕਰਕੇ ਦੁਕਾਨਾਂ ਖੋਲ੍ਹਣ ਵਾਲਿਆਂ ਨੂੰ ਨਹੀਂ ਕਰਾਂਗੇ ਬਰਦਾਸ਼ਤ : ਡਿਪਟੀ ਕਮਿਸ਼ਨਰ
ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪਾਬੰਦੀ ਦੇ ਬਾਵਜੂਦ ਜੇਕਰ ਕੁਝ ਦੁਕਾਨਦਾਰ ਸਵੇਰੇ ਇਸ ਢੰਗ ਨਾਲ ਕਾਰੋਬਾਰ ਚਲਾ ਰਹੇ ਹਨ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੇ ਸਿਰਫ ਉਨ੍ਹਾਂ ਇਲਾਕਿਆਂ ਵਿਚ ਸਵੇਰ 9 ਤੋਂ ਦੁਪਹਿਰ 1 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਹੈ, ਜਿਨ੍ਹਾਂ ਇਲਾਕਿਆਂ ਵਿਚ ਦੁਕਾਨ ਦੇ ਦੁਆਲੇ ਕੋਈ ਹੋਰ ਦੁਕਾਨ ਨਹੀਂ ਬਣੀ ਹੋਵੇਗੀ ਜਾਂ ਇਹ ਰਿਹਾਇਸ਼ੀ ਇਲਾਕਿਆਂ ਨਾਲ ਸਬੰਧਤ ਹੋਵੇਗੀ ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਧਿਆਨ ਵਿਚ ਲਿਆਉਣਗੇ ਅਤੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਹਿਣਗੇ।

ਮਾਮਲੇ ਦੀ ਹੋਵੇਗੀ ਜਾਂਚ, ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਏ. ਡੀ. ਸੀ. ਪੀ. ਡੀ. ਸੁਡਰਵਿਜੀ
ਇਸ ਸਬੰਧ ਵਿਚ ਏ. ਡੀ. ਸੀ. ਪੀ. ਸਿਟੀ -1 ਡੀ ਸੁਡਰਵਿਜੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਪਰ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਮਿਸ਼ਨਰੇਟ ਪੁਲਸ ਨਿਰੰਤਰ ਸਖਤ ਕਾਰਵਾਈ ਕਰ ਰਹੀ ਹੈ । ਉਨ੍ਹਾਂ ਦੱਸਿਆ ਕਿ ਉਹ ਇਸ ਕੇਸ ਦੀ ਪੜਤਾਲ ਕਰਨਗੇ, ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਮਿਲਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ।


shivani attri

Content Editor

Related News