'ਕੋਰੋਨਾ' ਦੀ ਜਲੰਧਰ 'ਚ ਤੜਥੱਲੀ, ਇਕੱਠੇ 10 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
Saturday, Jun 06, 2020 - 07:22 PM (IST)
ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਤੜਥੱਲੀ ਮਚਾਈ ਹੋਈ ਹੈ। ਅੱਜ ਫਿਰ ਤੋਂ ਜਲੰਧਰ 'ਚ ਕੋਰੋਨਾ ਵਾਇਰਸ ਦੇ ਇਕੱਠੇ10 ਪਾਜ਼ੇਟਿਵ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਕੁੱਲ ਜਲੰਧਰ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 288 ਤੱਕ ਪਹੁੰਚ ਗਿਆ ਹੈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ 'ਚ 4 ਪੁਰਸ਼ ਅਤੇ 6 ਔਰਤਾਂ ਸ਼ਾਮਲ ਹਨ। ਇਹ ਸਾਰੇ ਰੋਗੀ ਮਾਡਲ ਹਾਊਸ, ਟੈਗੋਰ ਨਗਰ ਅਤੇ ਬਸਤੀ ਗੁਜ਼ਾ ਖੇਤਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਕੱਠੇ 10 ਕੇਸ ਮਿਲਣ ਦੇ ਨਾਲ ਜਿੱਥੇ ਸਿਹਤ ਮਹਿਕਮੇ 'ਚ ਤੜਥੱਲੀ ਮਚ ਗਈ ਹੈ, ਉਥੇ ਹੀ ਲੋਕਾਂ 'ਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਥੇ ਦੱਸ ਦੇਈਏ ਕਿ ਜਲੰਧਰ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 288 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 9 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਬੀਤੇ ਦਿਨ ਮੌਤ ਦਾ ਸ਼ਿਕਾਰ ਹੋਏ ਸਥਾਨਕ ਮਾਡਲ ਹਾਊਸ ਨਿਵਾਸੀ ਜੋਤਸ਼ੀ ਨੀਰਜ ਤਿਵਾੜੀ ਦੀ ਪਤਨੀ, ਭੈਣ, ਪੁੱਤਰ, ਧੀ ਵੀ ਇਨ੍ਹਾਂ 10 ਰੋਗੀਆਂ 'ਚੋਂ ਹਨ ਜੋ ਕਿ ਪਾਜ਼ੇਟਿਵ ਰੋਗੀਆਂ ਦੇ ਸੰਪਰਕ 'ਚ ਆਉਣ ਵਾਲੇ ਦੱਸੇ ਜਾ ਰਹੇ ਹਨ ਅਤੇ 2 ਨਵੇਂ ਕੇਸ ਹਨ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਿਸਆ ਕਿ ਸ਼ਨੀਵਾਰ ਸ਼ਾਮ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਕੋਰੋਨ ਪਾਜ਼ੇਟਿਵ ਰੋਗੀਆਂ ਦੀ ਜੋ ਰਿਪੋਰਟ ਪ੍ਰਾਪਤ ਹੋਈ ਹੈ ਉਸ ਦੇ ਮੁਤਾਬਕ 8 ਰੋਗੀ ਪਾਜ਼ੇਟਿਵ ਰੋਗੀਆਂ ਦੇ ਕਾਂਟੈਕਟ ਹਨ ਜਦਕਿ 2 ਰੋਗੀਆਂ ਦੇ ਸਰੋਤਾਂ ਦਾ ਪਤਾ ਲਾਇਆ ਜਾ ਰਿਹਾ ਹੈ। ਵਿਭਾਗ ਦੀਆਂ ਟੀਮਾਂ ਇਨ੍ਹਾਂ ਦੋਵਾਂ ਰੋਗੀਆਂ ਤੋਂ ਜਾਣਕਾਰੀ ਲੈ ਕੇ ਪਤਾ ਕਰਨਗੀਆਂ ਕਿ ਆਖਿਰ ਉਨ੍ਹਾਂ ਨੂੰ ਕੋਰੋਨਾ ਕਿਥੋਂ ਹੋਇਆ।
ਕਿਤੇ ਜੋਤਸ਼ੀ ਦੀ ਮੌਤ ਵੀ ਕੋਰੋਨਾ ਨਾਲ ਤਾਂ ਨਹੀਂ ਹੋਈ!
ਬੀਤੇ ਦਿਨੀਂ ਮੌਤ ਦਾ ਸ਼ਿਕਾਰ ਬਣੇ ਸਥਾਨਕ ਨੀਰਜ ਤਿਵਾੜੀ ਦੇ ਪਰਿਵਾਰ ਵਾਲੇ ਚਾਹੇ ਇਹ ਕਹਿ ਰਹੇ ਹਨ ਕਿ ਮ੍ਰਿਤਕ ਨੂੰ ਟਾਈਫਾਈਡ ਸੀ ਅਤੇ ਬੁੱਧਵਾਰ ਦੇਰ ਰਾਤ ਖਾਣਾ ਖਾਣ ਤੋਂ ਬਾਅਦ ਜਦ ਉਸ ਨੂੰ ਘਬਰਾਹਟ ਹੋਈ ਤਾਂ ਉਸ ਨੂੰ ਲੈ ਕੇ ਜਦੋਂ ਸਿਵਲ ਹਸਪਤਾਲ ਗਏ ਤਾਂ ਉਸ ਦੀ ਮੌਤ ਹੋਣ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਸਨੂੰ ਹਾਰਟ ਅਟੈਕ ਆਇਆ ਸੀ ਅਤੇ ਇਸ ਕਾਰਣ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਵੀਰਵਾਰ ਸਵੇਰੇ ਜਦੋਂ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਤਾਂ ਇਲਾਕੇ ਦੇ ਲੋਕਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਉਸ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਜਦੋਂ ਇਹ ਗੱਲ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਪਤਾ ਲੱਗੀ ਤਾਂ ਮਹਿਕਮੇ ਦੀ ਇਕ ਟੀਮ ਨੇ ਉਕਤ ਮ੍ਰਿਤਕ ਦੇ ਘਰ ਜਾ ਕੇ ਜਿੱਥੇ ਜਾਣਕਾਰੀ ਹਾਸਲ ਕੀਤੀ, ਉਥੇ ਹੀ ਚੌਕਸੀ ਦੇ ਤੌਰ 'ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਨਮੂਨੇ ਦੇਣ ਲਈ ਕਿਹਾ। ਸ਼ਨੀਵਾਰ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਇਸ ਗੱਲ ਦਾ ਸ਼ੱਕ ਹੈ ਕਿ ਕਿਤੇ ਜੋਤਸ਼ੀ ਨੀਰਜ ਤਿਵਾੜੀ ਦੀ ਮੌਤ ਵੀ ਕੋਰੋਨਾ ਕਾਰਨ ਤਾਂ ਨਹੀਂ ਹੋਈ ਅਤੇ ਸਿਹਤ ਵਿਭਾਗ ਮੌਤ ਦੇ ਕਾਰਨ ਹਾਰਟ ਅਟੈਕ ਹੀ ਮੰਨ ਰਹੀ ਹੈ।
ਸਿਵਲ ਹਸਪਤਾਲ 'ਚ ਕੀਤੇ ਗਏ 5 ਟੈਸਟਾਂ 'ਚੋਂ 2 ਦੀ ਰਿਪੋਰਟ ਆਈ ਪਾਜ਼ੇਟਿਵ
ਸਿਵਲ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਟੈਸਟ ਕਰਨ ਲਈ ਕੁਝ ਦਿਨ ਪਹਿਲਾਂ ਲਾਈ ਗਈ ਮਸ਼ੀਨ 'ਤੇ ਸ਼ਨੀਵਾਰ ਨੂੰ 2 ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਆਈ। ਸਿਹਤ ਵਿਭਾਗ ਹੁਣ ਇਨ੍ਹਾਂ ਦੋਵਾਂ ਰੋਗੀਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਅੰਮ੍ਰਿਤਸਰ ਭੇਜੇ ਗਏ।
ਸ਼ਨੀਵਾਰ ਨੂੰ ਪਾਜ਼ੇਟਿਵ ਆਏ ਰੋਗੀ
ਕਵਿਤਾ (52) ਮਾਡਲ ਹਾਊਸ
ਭਾਨੂ (43) ਮਾਡਲ ਹਾਊਸ
ਅਜਿਤੇਸ਼ (8) ਮਾਡਲ ਹਾਊਸ
ਰਾਧਿਆ (5) ਮਾਡਲ ਹਾਊਸ
ਚੰਦਰ ਸ਼ੇਖਰ (70) ਰੋਜ਼ ਗਾਰਡਨ
ਸ਼ਿਵਾਲੀ (34) ਟੈਗੋਰ ਨਗਰ
ਭੂਮੀ (13) ਟੈਗੋਰ ਨਗਰ
ਅਨੀਤਾ (62) ਬਸਤੀ ਗੁਜ਼ਾਂ
ਰੀਨਾ (23) ਨਿਊ ਗ੍ਰੀਨ ਪਾਰਕ
ਜਲੰਧਰ ਦੀ ਸਥਿਤੀ
ਕੁਲ ਸੈਂਪਲ 9922
ਨੈਗੇਟਿਵ ਆਏ 8827
ਪਾਜ਼ੇਟਿਵ ਆਏ 288
ਮੌਤਾਂ ਹੋਈਆਂ 9
ਇਲਾਜ ਅਧੀਨ 49