70 ਸਾਲਾ ਮ੍ਰਿਤਕ ਬਜ਼ੁਰਗ ਦੀ 'ਕੋਰੋਨਾ' ਰਿਪੋਰਟ ਆਈ ਪਾਜ਼ੇਟਿਵ
Saturday, Jul 18, 2020 - 06:36 PM (IST)
ਦਸੂਹਾ (ਝਾਵਰ)— ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜ਼ਿਲ੍ਹੇ 'ਚ ਜਿੱਥੇ ਪਾਜ਼ੇਟਿਵ ਕੇਸਾਂ ਦਾ ਅੰਕੜਾ 255 ਤੱਕ ਪਹੁੰਚ ਚੁੱਕਾ ਹੈ, ਉਥੇ ਹੀ ਮੌਤਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ। ਹੁਣ ਤੱਕ ਜ਼ਿਲ੍ਹੇ 'ਚ 8 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਦਸੂਹਾ ਦੇ ਇਕ ਮਰੀਜ਼ ਦੀ ਰਿਪੋਰਟ ਉਸ ਦੀ ਮੌਤ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਪਾਈ ਗਈ। ਬੀਤੇ ਦਿਨ ਕੋਰੋਨਾ ਕਾਰਨ ਮਰੇ ਵਿਅਕਤੀ ਦੀ ਪਛਾਣ ਰਘਵੀਰ ਸਿੰਘ ਪੁੱਤਰ ਰਾਜ ਮੱਲ ਵਾਸੀ ਕਿਰਪਾਲ ਕਾਲੋਨੀ ਨਜ਼ਦੀਕ ਗਊਸ਼ਾਲਾ ਦੇ ਰੂਪ 'ਚ ਹੋਈ ਹੈ। ਉਕਤ ਵਿਅਕਤੀ ਦਾ ਬੀਤੇ ਦਿਨ ਸਿਹਤ ਮਹਿਕਮੇ ਦੀ ਟੀਮ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਸਬੰਧੀ ਸਿਵਲ ਹਸਪਤਾਲ ਦਸੂਹਾ ਦੇ ਐੱਸ. ਐੱਮ. ਓ. ਡਾ. ਦਵਿੰਦਰ ਪੁਰੀ ਅਤੇ ਰੈਪਿਡ ਰਿਸਪਾਂਡ ਟੀਮ ਦੇ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਕਾਰਨ ਮਰਿਆ 70 ਸਾਲਾ ਰਘਵੀਰ ਸਿੰਘ ਸ਼ੂਗਰ ਅਤੇ ਦਿਲ ਦੇ ਰੋਗਾਂ ਦਾ ਮਰੀਜ਼ ਸੀ। ਕੁਝ ਦਿਨਾਂ ਤੋ ਜਲੰਦਰ ਦੇ ਇਕ ਨਿੱਜੀ ਹਸਪਤਾਲ 'ਚ ਇਸ ਦਾ ਇਲਾਜ ਚੱਲ ਰਿਹਾ ਸੀ ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲ ਜਲੰਧਰ ਤੋਂ ਮਿਲੀ ਸੂਚਨਾਂ ਅਨੁਸਾਰ ਇਸ ਦੀ ਮੌਤ ਹੋਈ ਹੈ ਅਤੇ ਮੌਤ ਤੋਂ ਬਾਅਦ ਹਸਪਤਾਲ ਦੇ ਮੈਨੇਜਮੈਂਟ ਵੱਲੋਂ ਇਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜੋ ਕੋਰੋਨਾ ਪਾਜ਼ੇਟਿਵ ਪਾਇਆ ਗਿਆ।
ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਐਬੂਲੈਂਸ ਰਾਹੀਂ ਉਸ ਦੀ ਦੇਹ ਨੁੰ ਦਸੂਹਾ ਦੇ ਸ਼ਮਸਾਨਘਾਟ ਵਿਖੇ ਲਿਆਂਦਾ ਗਿਆ। ਇਸ ਮੌਕੇ 'ਤੇ ਸਸਕਾਰ ਸਮੇਂ ਪਰਿਵਾਰਕ ਮੈਂਬਰਾਂ ਨੁੰ ਦੁਰ ਰੱਖਿਆ ਗਿਆ। ਇਸ ਮੌਕੇ ਦਵਿੰਦਰ ਸਿੰਘ ਪੁਰੀ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਨਾ ਘਬਰਾਉਣ ਦੀ ਗੱਲ ਵੀ ਕਹੀ। ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਸਿਹਤ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਰੈਪਿਡ ਰਿਸਪਾਂਸ ਦੀ ਟੀਮ ਮਨਜੀਤ ਸਿੰਘ, ਫਾਰਮਾਸਿਸਟ ਗੋਰਵ ਅਤੇ ਹੋਰ ਡਾਕਟਰਾਂ ਦੀ ਟੀਮ ਵੱਲੋਂ ਇਸ ਦਾ ਸਸਕਾਰ ਕੀਤਾ ਗਿਆ। ਦਸੂਹਾ ਸ਼ਮਸ਼ਾਨਘਾਟ ਦੇ ਮੈਨੇਜਰ ਰਾਕੇਸ਼ ਬੱਸੀ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਸਕਾਰ ਤੋ ਬਾਅਦ ਸ਼ਮਸਾਨਘਾਟ ਨੁੰ ਪੂਰਾ ਸੈਨੇਟਾਈਜ਼ਰ ਕਰਵਾਇਆ ਗਿਆ ।