ਹੁਸ਼ਿਆਰਪੁਰ 'ਚ ਕੋਰੋਨਾ ਦਾ ਕਹਿਰ ਜਾਰੀ, ਟਾਂਡਾ 'ਚੋਂ ਮੁੜ 4 ਨਵੇਂ ਕੇਸ ਆਏ ਸਾਹਮਣੇ
Saturday, May 30, 2020 - 05:28 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼, ਮੋਮੀ, ਸ਼ਰਮਾ)— ਹੁਸ਼ਿਆਰਪੁਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਫਿਰ ਤੋਂ ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ 'ਚੋਂ 4 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਸ਼ਿਆਰਪੁਰ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 119 ਤੱਕ ਪਹੁੰਚ ਗਿਆ ਹੈ।
ਕੋਰੋਨਾ ਦਾ ਹਾਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) 'ਚ 4 ਹੋਰਨਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਇਲਾਕੇ 'ਚ ਲੋਕਾਂ 'ਚ ਦਹਿਸ਼ਤ ਹੋਰ ਵੱਧ ਗਈ ਹੈ। ਇਸ ਦੇ ਨਾਲ ਹੀ ਪਿੰਡ 'ਚ ਮਰੀਜ਼ਾਂ ਦੀ ਗਿਣਤੀ 18 ਹੋਣ 'ਤੇ ਪ੍ਰਸ਼ਾਸਨ ਵੱਲੋਂ ਪਿੰਡ ਦੇ ਇਲਾਕੇ ਨੂੰ ਕੰਟੇਨਮੈਂਟ ਜ਼ੋਨ 'ਚ ਤਬਦੀਲ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਪਿੰਡ 'ਚ ਕੋਰੋਨਾ ਦੀ ਚੇਨ ਤੋੜਨ ਲਈ ਸਿਹਤ ਵਿਭਾਗ ਦੀਆਂ ਵੱਖ ਟੀਮਾਂ ਵੱਲੋਂ ਅੱਜ ਸਾਰਾ ਦਿਨ ਮਾਸ ਸੈਂਪਲਿੰਗ ਕੀਤੀ ਗਈ, ਜਿਸ 'ਚ ਲਗਭਗ ਪੂਰਾ ਪਿੰਡ ਹੀ ਕਵਰ ਕੀਤਾ ਜਾਵੇਗਾ। ਪਹਿਲੇ ਪੜਾਅ 'ਚ ਲਗਭਗ 59 ਟੈਸਟ ਕੀਤੇ ਗਏ।
ਬੀਤੇ ਦਿਨ ਜ਼ਿਲ੍ਹਾ ਨੋਡਲ ਅਫਸਰ ਸੈਲੇਸ਼ ਕੁਮਾਰ ਦੀ ਫੇਰੀ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਸੂਚੀ ਤਿਆਰ ਕਰ ਰਹੀਆਂ ਸਨ ਅਤੇ ਤਿਆਰ ਕੀਤੀ ਇਸ ਸੂਚੀ ਦੇ ਆਧਾਰ 'ਤੇ ਅੱਜ ਸਵੇਰੇ ਟੈਸਟ ਲਈ ਸੈਂਪਲ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਗਈ।