ਹੁਸ਼ਿਆਰਪੁਰ 'ਚ 'ਕੋਰੋਨਾ' ਬਲਾਸਟ, ਹਜ਼ੂਰ ਸਾਹਿਬ ਤੋਂ ਪਰਤੇ 33 ਸ਼ਰਧਾਲੂ ਕੋਰੋਨਾ ਪਾਜ਼ੇਟਿਵ

Saturday, May 02, 2020 - 07:22 PM (IST)

ਹੁਸ਼ਿਆਰਪੁਰ 'ਚ 'ਕੋਰੋਨਾ' ਬਲਾਸਟ, ਹਜ਼ੂਰ ਸਾਹਿਬ ਤੋਂ ਪਰਤੇ 33 ਸ਼ਰਧਾਲੂ ਕੋਰੋਨਾ ਪਾਜ਼ੇਟਿਵ

ਹੁਸ਼ਿਆਰਪੁਰ (ਮਿਸ਼ਰਾ,ਝਾਵਰ,ਘੁੰਮਣ)— ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਹੁਸ਼ਿਆਰਪੁਰ 'ਚ ਕੋਰੋਨਾ ਦਾ ਬਲਾਸਟ ਹੋਇਆ ਹੈ, ਜਿੱਥੇ ਇਕੋ ਦਿਨ 33 ਪਾਜ਼ੇਟਿਵ ਕੇਸ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂ ਹਨ, ਜਿਨ੍ਹਾਂ 'ਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਨੇ ਵੀਡੀਓ ਰਾਹੀਂ ਫਗਵਾੜਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ

ਇਥੇ ਦੱਸ ਦੇਈਏ ਕਿ ਅੱਜ ਸਵੇਰੇ ਪਹਿਲਾਂ ਦਸੂਹਾ 'ਚ ਇਕ ਕੇਸ ਅਤੇ ਫਿਰ ਟਾਂਡਾ 'ਚ 9 ਪਾਜ਼ੇਟਿਵ ਕੇਸ ਪਾਏ ਗਏ ਅਤੇ ਹੁਣ ਹੁਸ਼ਿਆਰਪੁਰ 'ਚੋਂ 23 ਕੇਸ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 23 ਕੇਸਾਂ 'ਚ ਦਸੂਹਾ ਨਾਲ ਸਬੰਧਤ 11 ਨਵੇਂ ਕੇਸ ਵੀ ਸ਼ਾਮਲ ਹਨ। ਅੱਜ ਮਿਲੇ ਕੁੱਲ 33 ਕੇਸਾਂ ਸਮੇਤ ਹੁਸ਼ਿਆਰਪੁਰ ਜ਼ਿਲੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 44 ਤੱਕ ਪਹੁੰਚ ਗਿਆ ਹੈ। ਸ੍ਰੀ ਹਜ਼ੂਰ ਸਾਹਿਬ ਤੋਂ ਆਏ 157 ਸ਼ਰਧਾਲੂਆਂ ਅਤੇ ਇਨ੍ਹਾਂ ਦੇ ਸੰਪਰਕ 'ਚ ਆਏ ਕੁੱਝ ਲੋਕਾਂ ਨੂੰ ਮਿਲਾ ਕੇ ਕੁੱਲ 192 ਲੋਕਾਂ ਦੇ ਸੈਂਪਲ ਮੈਡੀਕਲ ਕਾਲਜ ਅੰਮ੍ਰਿਤਸਰ ਭੇਜੇ ਗਏ ਸਨ। ਇਨ੍ਹਾਂ 'ਚੋਂ ਹਾਸਲ ਹੋਈ 111 ਦੀ ਰਿਪੋਰਟ ਵਿਚ 33 ਸ਼ਰਧਾਲੂ ਪਾਜ਼ੇਟਿਵ ਆਉਣ ਨਾਲ ਜ਼ਿਲੇ ਵਿਚ ਤਰਥਲੀ ਮੱਚ ਗਈ ਹੈ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਟੈਂਪੂ ਟਰੈਵਲਰ 'ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 3 ਸ਼ਰਧਾਲੂਆਂ ਅਤੇ 1 ਡਰਾਈਵਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਜ਼ਿਲੇ 'ਚ ਹੁਣ ਕੋਰੋਨਾ ਪੀੜਿਤ ਮਰੀਜ਼ਾਂ ਦੀ ਗਿਣਤੀ 44 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਵੱਲੋਂ ਕਈ ਸ਼ੱਕੀ ਮਰੀਜ਼ਾਂ ਨੂੰ ਇਕਾਂਤਵਾਸ ਲਈ ਰਿਆਤ ਬਾਹਰਾ ਕੈਂਪਸ ਚੰਡੀਗੜ੍ਹ ਰੋਡ 'ਤੇ ਰੱਖਿਆ ਗਿਆ ਹੈ। ਐੱਸ. ਡੀ. ਐੱਮ. ਅਮਿਤ ਮਹਾਜਨ ਇਕਾਂਤਵਾਸ 'ਚ ਰੱਖੇ ਗਏ ਸ਼ੱਕੀ ਮਰੀਜ਼ਾਂ ਲਈ ਭੋਜਨ ਅਤੇ ਹੋਰ ਸਹੂਲਤਾਂ ਦੀ ਵਿਵਸਥਾ ਕਰ ਰਹੇ ਹਨ।

ਸੰਪਰਕ ਕਰਨ 'ਤੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਆਏ ਸਾਰੇ ਮਰੀਜ਼ਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕੁਲ 838 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 555 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 228 ਸੈਂਪਲਾਂ ਦਾ ਰਿਜ਼ਲਟ ਆਉਣਾ ਅਜੇ ਬਾਕੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ 38 ਅਤੇ ਨਵੇਂ ਸੈਂਪਲ ਲਏ ਗਏ ਹਨ।

ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਮੋਰਾਂਵਾਲੀ ਦੀ ਪਾਜ਼ੇਟਿਵ ਮਰੀਜ਼ ਸੁਰਿੰਦਰ ਕੌਰ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਉਸਨੂੰ ਅੱਜ ਘਰ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਦੂਸਹਾ ਦੇ ਪਿੰਡ ਨਾਰਾਇਣਗੜ੍ਹ ਦੇ ਵਾਸੀ ਅਵਤਾਰ ਸਿੰਘ, ਜੋ ਪਿਛਲੇ ਦਿਨੀਂ ਸ੍ਰੀ ਹਜ਼ੂਰ ਸਾਹਿਬ ਤੋਂ ਆਇਆ ਸੀ, ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਉਸਦੇ ਸੰਪਰਕ 'ਚ ਆਏ ਪਿੰਡ ਦੇ ਹੋਰ ਲੋਕਾਂ ਦੇ ਵੀ ਸੈਂਪਲ ਲਏ ਗਏ ਹਨ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ 'ਚ ਰਹਿ ਕੇ ਸਰਕਾਰੀ ਨਿਯਮਾਂ ਦਾ ਪਾਲਣ ਕਰਨ ਤਾਂ ਜੋ ਕੋਰੋਨਾ ਦੀ ਅੱਗੇ ਵਧ ਰਹੀ ਚੇਨ ਨੂੰ ਰੋਕਿਆ ਜਾ ਸਕੇ।

ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦਾ ਅੰਕੜਾ 765 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 764 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਲਗਭਗ 200 ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 106, ਮੋਹਾਲੀ 'ਚ 94, ਪਟਿਆਲਾ 'ਚ 89, ਅੰਮ੍ਰਿਤਸਰ 'ਚ 174, ਲੁਧਿਆਣਾ 'ਚ 102, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 23, ਤਰਨਾਰਨ 15, ਮਾਨਸਾ 'ਚ 13, ਕਪੂਰਥਲਾ 13, ਹੁਸ਼ਿਆਰਪੁਰ 'ਚ 44, ਫਰੀਦਕੋਟ 6, ਸੰਗਰੂਰ 'ਚ 7 ਕੇਸ, ਮੁਕਤਸਰ ਅਤੇ ਗਰਦਾਸਪੁਰ 'ਚ 4-4 ਕੇਸ, ਮੋਗਾ 'ਚ 5, ਬਰਨਾਲਾ 'ਚ 2, ਫਤਿਹਗੜ੍ਹ ਸਾਹਿਬ 'ਚ 6, ਜਲਾਲਾਬਾਦ 4, ਬਠਿੰਡਾ 'ਚ 2 ਰੋਪੜ 'ਚ 5 ਅਤੇ ਫਿਰੋਜ਼ਪੁਰ 'ਚ 22 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।  
ਇਹ ਵੀ ਪੜ੍ਹੋ: ਜਲੰਧਰ: ਵਿਗੜੇ ਨੌਜਵਾਨ ਦੀ ਘਟੀਆ ਕਰਤੂਤ, ਨਾਕੇ ਦੌਰਾਨ ਏ.ਐੱਸ.ਆਈ. 'ਤੇ ਚੜ੍ਹਾਈ ਕਾਰ (ਵੀਡੀਓ)


author

shivani attri

Content Editor

Related News