ਪੰਜਾਬ 'ਚ 'ਕੋਰੋਨਾ' ਦਾ ਕਹਿਰ ਜਾਰੀ, ਗੁਰਦਾਸਪੁਰ 'ਚੋਂ 6 ਨਵੇਂ ਕੇਸ ਆਏ ਸਾਹਮਣੇ (ਵੀਡੀਓ)

Monday, May 04, 2020 - 07:34 PM (IST)

ਗੁਰਦਾਸਪੁਰ (ਵਿਨੋਦ)— ਜ਼ਿਲਾ ਗੁਰਦਾਸਪੁਰ 'ਚੋਂ ਅੱਜ 6 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ। ਇਨ੍ਹਾਂ ਦੀ ਪੁਸ਼ਟੀ ਸਿਵਲ ਸਰਜਨ ਡਾ. ਕਿਸ਼ਨ ਚੰਦ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜੋ 6 ਕੇਸ ਸਾਹਮਣੇ ਆਏ ਹਨ, ਉਨ੍ਹਾਂ 'ਚੋਂ ਇਕ ਮਹਿਲਾ ਨਜ਼ਦੀਕੀ ਪਿੰਡ ਭੂਣ ਦੀ ਹੈ। ਉਕਤ ਔਰਤ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਵਾ ਰਹੀ ਸੀ। ਇਸ ਦੇ ਇਲਾਵਾ ਇਕ ਕੇਸ ਮੁਹੱਲਾ ਸੰਤ 'ਚੋਂ ਸਾਹਮਣੇ ਆਇਆ ਹੈ ਅਤੇ ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਵਾਲਾ ਡਰਾਈਵਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਦਕਿ 3 ਕੇਸ ਨੇੜਲੇ ਪਿੰਡਾਂ ਦੇ ਦੱਸੇ ਜਾ ਰਹੇ ਹਨ।

ਇਥੇ ਦੱਸਣਯੋਗ ਹੈ ਕਿ ਅੱਜ ਦੇ ਮਿਲੇ 6 ਕੇਸਾਂ ਨੂੰ ਮਿਲਾ ਕੇ ਗੁਰਦਾਸਪੁਰ 'ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 35 ਤੱਕ ਪਹੁੰਚ ਗਈ ਹੈ ਜਦਕਿ ਇਨ੍ਹਾਂ 'ਚੋਂ ਸਭ ਤੋਂ ਪਹਿਲਾਂ ਮਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਚੁੱਕੀ ਹੈ।

ਅੱਜ ਇਨ੍ਹਾਂ ਨਵੇਂ ਕੇਸਾਂ ਦੀ ਹੋਈ ਪੁਸ਼ਟੀ ਕਾਰਨ ਸਭ ਤੋਂ ਵੱਡੀ ਚਿੰਤਾਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਹੁਣ ਕੋਰੋਨਾ ਵਾਇਰਸ ਇਸ ਜ਼ਿਲੇ ਦੇ ਆਮ ਲੋਕਾਂ ਤੱਕ ਵੀ ਪਹੁੰਚ ਗਿਆ ਹੈ ਜਦੋਂਕਿ ਇਸ ਤੋਂ ਪਹਿਲਾਂ ਜ਼ਿਲੇ 'ਚ ਪਾਜ਼ੇਟਿਵ ਪਾਏ ਜ਼ਿਆਦਾ ਮਰੀਜ਼ ਉਹ ਸਨ ਜੋ ਸ੍ਰੀ ਹਜ਼ੂਰ ਸਾਹਿਬ ਤੋਂ ਹੀ ਆਏ ਸਨ ਪਰ ਅੱਜ ਸਾਹਮਣੇ ਆਏ ਮਰੀਜ਼ਾਂ 'ਚ ਸਮਾਜ ਸੇਵੀ ਨੌਜਵਾਨ ਅਕਸਰ ਹੀ ਲੋਕਾਂ ਵਿਚ ਵਿਚਰਦਾ ਆ ਰਿਹਾ ਸੀ, ਜਿਸ ਕਾਰਨ ਹੁਣ ਜ਼ਿਲੇ 'ਚ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਉਕਤ ਨੌਜਵਾਨ ਨੂੰ ਇਸ ਵਾਇਰਸ ਦਾ ਸੰਕਰਮਣ ਕਿਥੋਂ ਹੋਇਆ ਹੋਵੇਗਾ ਅਤੇ ਇਸ ਦੇ ਸੰਪਰਕ 'ਚ ਆਉਣ ਵਾਲੇ ਹੋਰ ਕਿੰਨੇ ਲੋਕਾਂ ਤੱਕ ਇਹ ਵਾਇਰਸ ਪਹੁੰਚ ਚੁੱਕਿਆ ਹੋਵੇਗਾ।

ਜਲੰਧਰ ਦੇ ਦੋ ਮਰੀਜ਼ਾਂ ਨੇ ''ਕੋਰੋਨਾ'' ''ਤੇ ਕੀਤੀ ਫਤਿਹ ਹਾਸਲ, ਹਸਪਤਾਲ ਤੋਂ ਮਿਲੀ ਛੁੱਟੀ

ਜ਼ਿਲੇ 'ਚ 35 ਮਰੀਜ਼ਾਂ ਨੂੰ ਹੋ ਚੁੱਕੀ ਹੈ ਪੁਸ਼ਟੀ
ਜ਼ਿਲੇ 'ਚ ਹੁਣ ਤੱਕ 35 ਮਰੀਜ਼ਾਂ ਨੂੰ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 6 ਮਰੀਜ਼ਾਂ ਦੀਆਂ ਰਿਪੋਰਟਾਂ ਅੱਜ ਆਈਆਂ ਹਨ। ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਮਰੀਜ਼ ਕਾਦੀਆਂ ਨੇੜਲੇ ਪਿੰਡ ਦਾ ਹੈ, ਜੋ ਇਸ ਮੌਕੇ ਚੰਡੀਗੜ੍ਹ 'ਚ ਇਲਾਜ ਕਰਵਾ ਰਿਹਾ ਹੈ ਅਤੇ ਉਸ ਦਾ ਟੈਸਟ ਵੀ ਉਥੇ ਹੀ ਕੀਤਾ ਗਿਆ ਸੀ।

ਪੁਲਸ ਨੇ ਸੀਲ ਕੀਤਾ ਸਮਾਜ ਸੇਵੀ ਨੌਜਵਾਨ ਦਾ ਮੁਹੱਲਾ
ਅੱਜ ਸਾਹਮਣੇ ਆਏ ਮਰੀਜ਼ਾਂ ਬਾਰੇ ਇਕੱਤਰ ਵੇਰਵਿਆਂ ਮੁਤਾਬਕ ਗੁਰਦਾਸਪੁਰ ਦੇ ਮੁਹੱਲੇ ਸੰਤ ਨਗਰ ਨਾਲ ਸਬੰਧਤ ਇਕ ਸਮਾਜ ਸੇਵੀ ਨੌਜਵਾਨ ਨੇ ਆਪਣੀ ਮਰਜੀ ਨਾਲ ਹੀ ਸ਼ੱਕ ਦੇ ਆਧਾਰ 'ਤੇ ਸੈਂਪਲ ਦਿੱਤਾ ਸੀ ਪਰ ਅੱਜ ਰਿਪੋਰਟ ਪਾਜ਼ੇਟਿਵ ਆ ਗਈ ਹੈ। ਇਸ ਕਾਰਨ ਪੁਲਸ ਅਤੇ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਉਕਤ ਨੌਜਵਾਨ ਦੇ ਸਿੱਧੇ ਸੰਪਰਕ ਵਿਚ ਆਏ ਕਰੀਬ 16 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ ਜਦੋਂ ਕਿ ਉਸ ਦੇ ਮੁਹੱਲੇ ਸੰਤ ਨਗਰ ਅਤੇ ਬਾਜਵਾ ਕਲੌਨੀ ਨੂੰ ਪੂਰੀ ਤਰ੍ਹਾਂ ਸੀਲ ਕਰ ਕੇ ਸਕਰੀਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਸੀਲ ਕੀਤੇ ਪੀੜ੍ਹਤਾਂ ਦੇ ਪਿੰਡ
ਅੱਜ ਸਾਹਮਣੇ ਆਏ ਪੀੜ੍ਹਤਾਂ 'ਚ ਇਕ 26 ਸਾਲ ਲੜਕੀ ਗੁਰਦਾਸਪੁਰ ਨੇੜਲੇ ਪਿੰਡ ਭੂਣ ਨਾਲ ਸਬੰਧਤ ਹੈ, ਜੋ ਹਿਮਾਚਲ ਪ੍ਰਦੇਸ਼ 'ਚ ਪ੍ਰਾਈਵੇਟ ਨੌਕਰੀ ਕਰਦੀ ਹੈ ਅਤੇ ਪਿਛਲੇ ਮਹੀਨੇ ਦੇ ਅਖੀਰ ਵਿਚ ਉਸ ਦੇ ਪੇਟ ਵਿਚ ਦਰਦ ਹੋਣ ਕਾਰਣ ਉਹ ਹਸਪਤਾਲ ਪਹੁੰਚੀ ਸੀ, ਜਿੱਥੇ ਡਾਕਟਰਾਂ ਨੇ ਉਸ ਦਾ ਕੋਰੋਨਾ ਵਾਇਰਸ ਸਬੰਧੀ ਟੈਸਟ ਕਰਨ ਲਈ ਵੀ ਸੈਂਪਲ ਲਿਆ ਸੀ। ਉਕਤ ਲੜਕੀ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਵੀ ਦਾਖਲ ਰਹੀ ਹੈ। ਅੱਜ ਉਸ ਦੇ ਸੈਂਪਲ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਜਿੱਥੇ ਉਸ ਦਾ ਇਲਾਜ ਸ਼ੁਰੂ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ, ਉਸ ਦੇ ਨਾਲ ਹੀ ਪਿੰਡ ਭੂਣ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਇਕ ਪੀੜ੍ਹਤ ਬਟਾਲਾ ਸਬ ਡਵੀਜਨ ਦੇ ਪਿੰਡ ਦਮੋਦਰ ਦਾ ਵਸਨੀਕ ਦੱਸਿਆ ਜਾ ਰਿਹਾ ਹੈ, ਜਿਸ ਦੇ ਪਿੰਡ ਨੂੰ ਸੀਲ ਕਰ ਕੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਇਕ ਵਿਅਕਤੀ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤ ਲੈ ਕੇ ਆਈ ਬੱਸ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ਅਤੇ 2 ਪੀੜ੍ਹਤ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸੰਗਤ 'ਚ ਸ਼ਾਮਲ ਸਨ, ਜੋ ਕਿਸੇ ਬਾਹਰਲੇ ਜ਼ਿਲੇ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਹੁਸ਼ਿਆਰਪੁਰ: ਸ਼ੱਕੀ ਹਾਲਾਤ 'ਚ ਲਾਪਤਾ ਹੋਏ ਸੇਵਾ ਮੁਕਤ DSP ਦੀ ਲਾਸ਼ ਨਹਿਰ 'ਚੋਂ ਬਰਾਮਦ

ਪੀੜਤਾਂ ਦੇ ਪਿੰਡਾਂ ਅੰਦਰ ਕਰਫਿਊ 'ਚ ਦਿੱਤੀਆਂ ਛੋਟਾਂ ਖਤਮ
ਉਕਤ ਕੇਸ ਸਾਹਮਣੇ ਆਉਣ ਨਾਲ ਜ਼ਿਲਾ ਮੈਜਿਸਟ੍ਰੇਟ ਨੇ ਉਕਤ ਮਰੀਜ਼ਾਂ ਦੇ ਪਿੰਡਾਂ ਨੂੰ ਸੀਲ ਕਰਨ ਤੋਂ ਬਾਅਦ ਕਰਫਿਊ 'ਚ ਦਿੱਤੀਆਂ ਸਾਰੀਆਂ ਛੋਟਾਂ ਖਤਮ ਕਰ ਦਿੱਤੀਆਂ ਹਨ ਅਤੇ ਇਨ੍ਹਾਂ ਪਿੰਡਾਂ ਨੂੰ ਜਾਣ ਲਈ ਸਿਰਫ ਇਕ ਐਂਟਰੀ ਪੁਆਇੰਟ ਬਣਾ ਦਿੱਤਾ ਗਿਆ ਹੈ। ਸਬੰਧਤ ਪੁਲਸ ਮੁਖੀਆਂ ਨੂੰ ਸੁਰੱਖਿਆ ਅਤੇ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਹੁਣ ਤੱਕ ਸਬੰਧਤ ਸਬ-ਡਿਵੀਜ਼ਨ ਮੈਜਿਸਟ੍ਰੇਟਾਂ ਨੂੰ ਹੋਰ ਕਾਰਵਾਈਆਂ ਕਰਨ ਦੇ ਨਿਰਦੇਸ਼ ਕੀਤੇ ਗਏ ਹਨ। ਸਿਹਤ ਵਿਭਾਗ ਨੇ ਤੁਰੰਤ ਇਨ੍ਹਾਂ ਮਰੀਜ਼ਾਂ ਦੇ ਸਿੱਧੇ ਸੰਪਰਕ ਵਿਚ ਆਏ ਵਿਅਕਤੀਆਂ ਤੋਂ ਸੈਕਿੰਡ ਕੰਟੈਕਟ ਵਾਲੇ ਵਿਅਕਤੀਆਂ ਦਾ ਪਤਾ ਲਗਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ।

ਹਸਪਤਾਲਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਕੀਤਾ ਗੁਰਬਾਣੀ ਸੁਣਨ ਦਾ ਪ੍ਰਬੰਧ
ਕੋਰੋਨਾ ਪੀੜ੍ਹਤ ਮਰੀਜ਼ਾਂ ਸਿਵਲ ਹਸਪਤਾਲ ਗੁਰਦਾਸਪੁਰ, ਬਟਾਲਾ ਅਤੇ ਧਾਰੀਵਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਤਿੰਨਾਂ ਥਾਵਾਂ 'ਤੇ ਹੀ ਮਰੀਜ਼ਾਂ ਲਈ ਗੁਰਬਾਣੀ ਸੁਣਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਵੱਖ-ਵੱਖ ਥਾਵਾਂ 'ਤੇ ਇਕਾਂਤਵਾਸ ਕੀਤੇ ਗਏ ਸ਼ਰਧਾਲੂਆਂ ਲਈ ਵੀ ਗੁਰਬਾਣੀ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਸਵੇਰੇ ਸ਼ਾਮ ਲਾਈਵ ਕੀਰਤਨ ਸੁਨਣ ਦੇ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ: ਵੱਡੀ ਖਬਰ: ਪੰਜਾਬ 'ਚ 24 ਘੰਟਿਆਂ ਦੌਰਾਨ 'ਕੋਰੋਨਾ' ਕਾਰਨ ਹੋਈਆਂ ਚਾਰ ਮੌਤਾਂ


author

shivani attri

Content Editor

Related News