ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ''ਤੇ ਨੀਟੂ ਸ਼ਟਰਾਂ ਵਾਲਾ ਪੁੱਜਾ ਜੇਲ
Monday, Mar 23, 2020 - 03:07 PM (IST)
ਜਲੰਧਰ (ਵਰੁਣ)— ਕੋਰੋਨਾ ਵਾਇਰਸ 'ਤੇ ਕਥਿਤ ਦੌਰ 'ਤੇ ਦੇਸੀ ਦਵਾਈ ਤਿਆਰ ਕਰਨ ਦਾ ਦਾਅਵਾ ਕਰਦੇ ਹੋਏ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰਨ ਵਾਲੇ ਨੀਟੂ ਸ਼ਟਰਾਂ ਵਾਲੇ ਨੂੰ ਪੁਲਸ ਨੇ ਐਤਵਾਰ ਨੂੰ ਜੇਲ ਭੇਜ ਦਿੱਤਾ ਹੈ। ਨੀਟੂ ਸ਼ਟਰਾਂ ਵਾਲਾ ਨੇ ਪੁਲਸ ਦੀ ਪੁੱਛਗਿੱਛ 'ਚ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਨੌਟੰਕੀ ਕਰਨਾ ਚਾਹੁੰਦਾ ਸੀ ਪਰ ਅਜਿਹੀ ਕੋਈ ਦਵਾਈ ਉਸ ਵਲੋਂ ਨਹੀਂ ਬਣਾਈ ਗਈ ਹੈ। ਨੀਟੂ ਨੇ ਕਿਹਾ ਕਿ ਉਹ ਸਿਰਫ ਸੋਸ਼ਲ ਮੀਡੀਆ 'ਤੇ ਚਰਚਾ 'ਚ ਆਉਣਾ ਚਾਹੁੰਦਾ ਸੀ। ਨੀਟੂ ਸ਼ਟਰਾਂ ਵਾਲਾ ਵੱਲੋਂ ਬਣਾਈ ਗਈ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜ਼ਿਆਦਾਤਰ ਲੋਕ ਨੀਟੂ ਦੇ ਇਸ ਦਾਅਵੇ ਦੀ ਨਿੰਦਿਆ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕ ਕਹਿ ਰਹੇ ਹਨ ਕਿ ਨੀਟੂ ਪਹਿਲਾਂ ਵੀ ਇਸ ਤਰ੍ਹਾਂ ਦੀ ਨੌਟੰਕੀ ਕਰਦਾ ਆਇਆ ਹੈ।
ਦੱਸ ਦੇਈਏੇ ਕਿ ਬੀਤੇ ਦਿਨ ਨੀਟੂ ਨੇ ਇਕ ਵੀਡੀਓ ਬਣਾ ਕੇ ਦਾਅਵਾ ਕੀਤਾ ਸੀ ਕਿ ਉਸ ਨੇ ਕੋਰੋਨਾ ਵਾਇਰਸ ਤੋਂ ਲੈ ਕੇ ਕੈਂਸਰ ਤੇ ਟੀ. ਬੀ. ਵਰਗੀਆਂ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਦੇਸੀ ਦਵਾਈ ਤਿਆਰ ਕਰ ਲਈ ਹੈ। ਉਸ ਨੇ ਦਾਅਵਾ ਕੀਤਾ ਸੀ ਕਿ ਸਿਰਫ ਇਕ ਚਮਚਾ ਦਵਾਈ ਦਾ ਖਾਣ ਨਾਲ ਇਕ ਘੰਟੇ ਦੇ ਅੰਦਰ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ। ਜਿਵੇਂ ਹੀ ਵੀਡੀਓ ਵਾਇਰਲ ਹੋਈ ਤਾਂ ਅਮਿਤ ਤਨੇਜਾ ਨੇ ਡੀ. ਜੀ. ਪੀ. ਤੇ ਪੁਲਸ ਕਮਿਸ਼ਨਰ ਨੂੰ ਆਨਲਾਈਨ ਸ਼ਿਕਾਇਤ ਕਰ ਦਿੱਤੀ। ਸਿਵਲ ਸਰਜਨ ਵੱਲੋਂ ਨੀਟੂ 'ਤੇ ਅਫਵਾਹ ਫੈਲਾਉਣ, ਧੋਖਾ ਕਰਨ ਸਮੇਤ ਕਈ ਧਾਰਾਵਾਂ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਥਾਣਾ ਨੰ. 8 'ਚ ਨੀਟੂ ਸ਼ਟਰਾਂ ਵਾਲੇ ਖਿਲਾਫ ਕੇਸ ਦਰਜ ਕਰਕੇ ਦੇਰ ਰਾਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਬਾਅਦ ਐਤਵਾਰ ਨੂੰ ਉਸ ਨੂੰ ਕੋਰਟ 'ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ ਹੈ।