ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਨੇ ਕੀਤਾ ਹੰਗਾਮੀ ਕਦਮਾਂ ਦਾ ਐਲਾਨ

Tuesday, Mar 03, 2020 - 10:33 AM (IST)

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਨੇ ਕੀਤਾ ਹੰਗਾਮੀ ਕਦਮਾਂ ਦਾ ਐਲਾਨ

ਜਲੰਧਰ/ਚੰਡੀਗੜ੍ਹ (ਧਵਨ, ਅਸ਼ਵਨੀ)— ਵਿਸ਼ਵ 'ਚ ਕੋਰੋਨਾ ਵਾਇਰਸ ਦੇ ਵਧਦੇ ਹੋਏ ਪ੍ਰਕੋਪ ਨੂੰ ਦੇਖਦੇ ਹੋਏ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਹੰਗਾਮੀ ਕਦਮਾਂ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ 'ਚ ਫਲੂ ਕਾਰਨਰਜ਼ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਇਸ ਮਹਾਮਾਰੀ ਨਾਲ ਕਿਸੇ ਵੀ ਸਮੇਂ ਨਿਬੜਨ ਲਈ ਪ੍ਰਬੰਧ ਕੀਤੇ ਜਾ ਸਕਣ।

ਫਲੂ ਕਾਰਨਰਜ਼ 'ਚ ਸਭ ਸ਼ੱਕੀ ਮਾਮਲਿਆਂ ਦੀ ਜਾਂਚ ਹੋਵੇਗੀ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੇ ਲੋਕਾਂ ਦਾ ਆਉਣਾ-ਜਾਣਾ ਪਾਬੰਦੀ ਹੇਠ ਲਿਆਂਦਾ ਜਾਵੇ ਤਾਂ ਕਿ ਇਹ ਬੀਮਾਰੀ ਹੋਰ ਨਾ ਫੈਲ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬੀਤੇ ਦਿਨ ਕੈਬਨਿਟ ਦੀ ਮੀਟਿੰਗ 'ਚ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਬੀਮਾਰੀ ਬਾਰੇ ਡੂੰਘਾਈ 'ਚ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਸਬੰਧੀ ਮਨਜ਼ੂਰ ਕੀਤੇ ਅਤੇ ਜਾਰੀ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ਦੇ ਤਹਿਤ ਕਿਸੇ ਵੀ ਗੈਰ-ਸਰਕਾਰੀ ਪ੍ਰਯੋਗਸ਼ਾਲਾ ਨੂੰ ਕੋਰੋਨਾ ਵਾਇਰਸ ਦੇ ਨਮੂਨੇ ਲੈਣ ਦੀ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ, ਅਦਾਰਾ ਜਾਂ ਜਥੇਬੰਦੀ ਵਾਇਰਸ ਬਾਰੇ ਜਾਣਕਾਰੀ ਦੇਣ ਲਈ ਕਿਸੇ ਵੀ ਇਲੈਕਟ੍ਰਾਨਿਕ ਜਾਂ ਪ੍ਰਿੰਟ ਮੀਡੀਆ ਦੀ ਵਰਤੋਂ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਕਰ ਸਕੇਗਾ। ਇਸੇ ਤਰ੍ਹਾਂ ਕੋਰੋਨਾ ਵਾਇਰਸ ਸਬੰਧੀ ਕਿਸੇ ਵੀ ਅਫਵਾਹ ਜਾਂ ਗ਼ੈਰ-ਵਿਗਿਆਨਿਕ ਸੂਚਨਾ ਦੇਣ ਨੂੰ ਸਜ਼ਾਯੋਗ ਜੁਰਮ ਬਣਾਇਆ ਗਿਆ ਹੈ।


author

shivani attri

Content Editor

Related News