ਵਿਦੇਸ਼ ਤੋਂ ਆਏ 3 ਯਾਤਰੀਆਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗੇਟਿਵ

Saturday, Mar 14, 2020 - 12:03 AM (IST)

ਅੰਮ੍ਰਿਤਸਰ, (ਦਲਜੀਤ)— ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਵਿਦੇਸ਼ ਤੋਂ ਆਏ 3 ਯਾਤਰੀਆਂ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਸਵਾਈਨ ਫਲੂ ਲੈਬ 'ਚ ਉਕਤ ਯਾਤਰੀਆਂ ਦੇ ਕੀਤੇ ਗਏ ਟੈਸਟ ਨੈਗੇਟਿਵ ਆਏ। ਹਸਪਤਾਲ ਪ੍ਰਸ਼ਾਸਨ ਵੱਲੋਂ ਰਿਪੋਰਟ ਠੀਕ ਆਉਣ 'ਤੇ ਤਿੰਨਾਂ ਯਾਤਰੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਆਈਸੋਲੇਸ਼ਨ ਵਾਰਡ 'ਚ ਅਜੇ ਵੀ ਇਕ ਪਾਜ਼ੇਟਿਵ ਵਿਅਕਤੀ ਅਤੇ ਉਸ ਦੀ ਪਤਨੀ ਅਤੇ 7 ਸਾਲ ਦਾ ਪੁੱਤਰ ਦਾਖਲ ਹੈ। ਮਾਂ ਅਤੇ ਪੁੱਤ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ ਪਰ ਅਹਿਤਿਆਤ ਦੇ ਤੌਰ 'ਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ।

ਜਾਣਕਾਰੀ ਅਨੁਸਾਰ ਵਿਦੇਸ਼ ਤੋਂ ਆਏ ਅੱਧਾ ਦਰਜਨ ਦੇ ਕਰੀਬ ਯਾਤਰੀ ਖੰਘ, ਜ਼ੁਕਾਮ, ਬੁਖਾਰ ਦੀ ਸ਼ਿਕਾਇਤ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤੇ ਗਏ ਹਨ। ਟੈਸਟਿੰਗ ਰਿਪੋਰਟ ਨੈਗੇਟਿਵ ਆਉਣ ਉਪਰੰਤ ਇਨ੍ਹਾਂ ਯਾਤਰੀਆਂ ਨੂੰ ਵਾਰਡ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਗੁਰਦਾਸਪੁਰ, ਤਰਨਤਾਰਨ ਅਤੇ ਮਲੇਸ਼ੀਆ ਦੇ ਰਹਿਣ ਵਾਲੇ ਯਾਤਰੀ ਪਿਛਲੇ ਦਿਨੀਂ ਵਿਦੇਸ਼ ਤੋਂ ਆਏ ਸਨ, ਜਿਨ੍ਹਾਂ 'ਚੋਂ ਤਿੰਨਾਂ ਨੂੰ ਖੰਘ, ਜ਼ੁਕਾਮ ਦੀ ਸ਼ਿਕਾਇਤ ਸੀ। ਸਿਹਤ ਵਿਭਾਗ ਵੱਲੋਂ ਏਅਰਪੋਰਟ 'ਤੇ ਸਕਰੀਨਿੰਗ ਕਰਨ ਉਪਰੰਤ ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਸੀ, ਜਿਨ੍ਹਾਂ ਦੀ ਰਿਪੋਰਟ ਅੱਜ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਦੂਜੇ ਪਾਸੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਪਾਜ਼ੇਟਿਵ ਵਿਅਕਤੀ ਦੀ ਹਾਲਤ 'ਚ ਕਾਫ਼ੀ ਸੁਧਾਰ ਹੋ ਰਿਹਾ ਹੈ।


KamalJeet Singh

Content Editor

Related News