ਸਰਕਾਰ 6000 ਕੈਦੀਆਂ ਦੇ ਨਾਲ-ਨਾਲ ਬੰਦੀ ਸਿੰਘਾਂ ਨੂੰ ਵੀ ਕਰੇ ਰਿਹਾਅ : ਦਾਦੂਵਾਲ

Wednesday, Apr 01, 2020 - 05:26 PM (IST)

ਸਰਕਾਰ 6000 ਕੈਦੀਆਂ ਦੇ ਨਾਲ-ਨਾਲ ਬੰਦੀ ਸਿੰਘਾਂ ਨੂੰ ਵੀ ਕਰੇ ਰਿਹਾਅ : ਦਾਦੂਵਾਲ

ਬਠਿੰਡਾ (ਮਨੀਸ਼): ਕੋਰੋਨਾ ਵਾਇਰਸ ਨਾਂ ਦੀ ਬੀਮਾਰੀ ਨੇ ਮਹਾਂਮਾਰੀ ਦਾ ਰੂਪ ਧਾਰਨ ਕੇ ਸੰਸਾਰ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਨਾਲ ਅੱਜ ਗਰੀਬ ਅਮੀਰ ਸਾਰੇ ਮੁਲਕ ਹੀ ਜੂਝ ਰਹੇ ਹਨ। ਕਈ ਦੇਸ਼ਾਂ ਦੇ ਮੰਤਰੀਆਂ ਰਾਜਕੁਮਾਰਾਂ ਅਤੇ ਪ੍ਰਧਾਨ ਮੰਤਰੀਆਂ ਨੂੰ ਵੀ ਇਸ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਹਰ ਮੁਲਕ ਵੱਲੋਂ ਬਚਾਅ ਦੇ ਹੀਲੇ ਕੀਤੇ ਜਾ ਰਹੇ ਹਨ। ਚਾਇਨਾ ਤੋਂ ਸ਼ੁਰੂ ਹੋਈ ਇਹ ਬੀਮਾਰੀ ਸਾਰੇ ਏਸ਼ੀਆ ਅਰਬ ਯੂਰਪ ਅਤੇ ਅਮਰੀਕਾ ਤੱਕ ਪਹੁੰਚ ਚੁੱਕੀ ਹੈ ਅਤੇ ਸਭ ਤੋਂ ਵੱਡੀ ਗਿਣਤੀ 'ਚ ਇਸ ਬਿਮਾਰੀ ਦੇ ਮਰੀਜ਼ ਅਮਰੀਕਾ 'ਚ ਪਾਏ ਜਾ ਰਹੇ ਹਨ ਅਤੇ ਇਟਲੀ 'ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਮਨੁੱਖ ਨਾਲੋਂ ਮਨੁੱਖ ਦੀ ਜਿਸਮਾਨੀ ਦੂਰੀ ਨੂੰ ਇਸ ਬੀਮਾਰੀ ਦੇ ਬਚਾਅ ਵਜੋਂ ਵੇਖਿਆ ਜਾ ਰਿਹਾ ਹੈ, ਜਿਸ ਕਰਕੇ ਪੰਜਾਬ ਸਰਕਾਰ ਨੇ 6000 ਬੰਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਇਸ ਦੇ ਨਾਲ-ਨਾਲ ਪਿਛਲੇ ਲੰਬੇ ਸਮੇਂ ਤੋਂ ਜੇਲਾਂ ਦੀਆਂ ਕਾਲ ਕੋਠੜੀਆਂ 'ਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸੰਘਰਸ਼ ਦੇ ਬੰਦੀ ਯੋਧਿਆਂ ਨੂੰ ਵੀ ਰਿਹਾਅ ਕਰਨਾ ਬਣਦਾ ਹੈ।

ਇਹ ਵੀ ਪੜ੍ਹੋ:ਕੋਰੋਨਾ ਦਾ ਕਹਿਰ : ਕਰਫਿਊ ਦਰਮਿਆਨ ਜਲੰਧਰ 'ਚ ਲਗਾਈ ਗਈ ਸੀ. ਆਰ. ਪੀ. ਐੱਫ.

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਕ ਪ੍ਰੈੱਸਨੋਟ ਰਾਹੀਂ ਮੀਡੀਆ ਨਾਲ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਜੇਲਾਂ 'ਚ ਸਜ਼ਾਵਾਂ ਭੁਗਤ ਰਹੇ ਨਸ਼ੇ ਦੇ ਸਮੱਗਲਰ ਅਤੇ ਕ੍ਰਿਮੀਨਲ ਲੋਕਾਂ ਨੂੰ ਵੀ ਪੰਜਾਬ ਸਰਕਾਰ ਜ਼ਮਾਨਤਾਂ ਪੈਰੋਲ ਤੇ ਰਿਹਾਅ ਕਰ ਰਹੀ ਹੈ ਪਰ ਦੂਸਰੇ ਪਾਸੇ ਜਿਹੜੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਨੂੰ ਕਿਉਂ ਨਹੀਂ ਰਿਹਾਅ ਕੀਤਾ ਜਾ ਰਿਹਾ ਜਦੋਂ ਕਿ ਬਰਗਾੜੀ ਇਨਸਾਫ਼ ਮੋਰਚੇ 'ਚ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨੇ ਸਰਕਾਰ ਵੱਲੋਂ ਜਾ ਕੇ ਐਲਾਨ ਵੀ ਕੀਤਾ ਸੀ ਕਿ ਜੋ ਬੰਦੀ ਸਿੰਘ ਪੰਜਾਬ ਸਰਕਾਰ ਦੇ ਦਾਇਰੇ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਤਾਂ ਰਿਹਾਅ ਕੀਤਾ ਹੀ ਜਾਵੇਗਾ ਪਰ ਜਿਹੜੇ ਕੇਂਦਰ ਸਰਕਾਰ ਦੇ ਅਧੀਨ ਆਉਂਦੇ ਹਨ ਉਨ੍ਹਾਂ ਨੂੰ ਰਿਹਾਅ ਕਰਾਉਣ ਲਈ ਵੀ ਭਾਰਤ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਜ਼ਿੰਮੇਵਾਰੀ ਨਿਭਾਈ ਜਾਵੇਗੀ ਪਰ ਡੇਢ ਸਾਲ ਬੀਤਣ ਦੇ ਬਾਵਜੂਦ ਕੈਪਟਨ ਸਰਕਾਰ ਵੱਲੋਂ ਇਸ ਪਾਸੇ ਕੋਈ ਕਦਮ ਨਹੀਂ ਉਠਾਇਆ ਗਿਆ ਅਤੇ ਨਾ ਹੀ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਗਿਆ ਹੈ ਜੋ ਕਿ ਨਿੰਦਣਯੋਗ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੇ ਹੁਣ ਛੇ ਹਜ਼ਾਰ ਬੰਦੀਆਂ ਨੂੰ ਰਿਹਾਅ ਕਰਨ ਹੀ ਲੱਗੇ ਹਨ ਤਾਂ ਇਸਦੇ ਨਾਲ-ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਵੀ ਤੁਰੰਤ ਰਿਹਾਅ ਕਰਵਾਉਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਸਿਹਤਯਾਬੀ ਦੀ ਵੀ ਕੌਮ ਨੂੰ ਬਹੁਤ ਵੱਡੀ ਲੋੜ ਹੈ। ਇਸ ਭਿਆਨਕ ਬੀਮਾਰੀ ਦੇ ਸਮੇਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਮਨੁੱਖੀ ਅਧਿਕਾਰਾਂ ਦੀ ਵੀ ਘੋਰ ਉਲੰਘਣਾ ਹੈ।

ਇਹ ਵੀ ਪੜ੍ਹੋ: ਕੋਰੋਨਾ ਸੰਕਟ 'ਚ ਡਾ. ਧਰਮਵੀਰ ਗਾਂਧੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ (ਵੀਡੀਓ)


author

Shyna

Content Editor

Related News