ਜਨਤਾ ਕਰਫਿਊ ਨੂੰ ਹਰ ਹਾਲ ’ਚ ਕਾਮਯਾਬ ਬਣਾਇਆ ਜਾਵੇਗਾ : ਜ਼ਿਲਾ ਪੁਲਸ ਮੁਖੀ

03/21/2020 3:40:59 PM

ਬਰਨਾਲਾ (ਵਿਵੇਕ ਸਿੰਧਵਾਨੀ) : ਜ਼ਿਲਾ ਪੁਲਸ ਦੁਆਰਾ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਵਲ ਪ੍ਰਸਾਸ਼ਨ ਦੇ ਮੋਢੇ ਨਾਲ ਮੋਢਾ ਜੋੜਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਆਪਣੀ ਸਮਾਜ ਪ੍ਰਤੀ ਡਿਊਟੀ ਨੂੰ ਬੜੇ ਚੰਗੇ ਢੰਗ ਨਾਲ ਨਿਭਾਇਆ ਜਾ ਰਿਹਾ ਹੈ। ਐਸ. ਐਸ. ਪੀ. ਸੰਦੀਪ ਗੋਇਲ ਦੁਆਰਾ ਜਿੱਥੇ ਸ਼ਹਿਰ ਵਿਚ ਕੋਰੋਨਾ ਵਾਇਰਸ ਦੁਆਰਾ ਵੱਡੇ-ਵੱਡੇ ਹੋਰਡਿੰਗ ਲਗਵਾਏ ਗਏ ਹਨ, ਉਥੇ ਹੁਣ ਉਹਨਾਂ ਦੁਆਰਾ ਸ਼ਹਿਰ ਵਿਚ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਚਾਰ ਬੂਥ ਬਣਵਾਏ ਗਏ ਹਨ ਜਿੱਥੇ ਲੋਕਾਂ ਨੂੰ ਇੱਥੇ ਕੋਰੋਨਾ ਵਾਇਰਸ ਤੋਂ ਬਚਣ ਸਬੰਧੀ ਸਾਵਧਾਨੀਆਂ ਰੱਖਣ ਦੀ ਹਿਦਾਇਤ ਦਿੱਤੀ ਜਾਏਗੀ। ਉਥੇ ਸਾਰੇ ਬੂਥਾਂ ’ਤੇ ਸਾਬਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂਕਿ ਬਜ਼ਾਰ ਵਿਚ ਆਉਣ ਵਾਲੇ ਲੋਕ ਸਾਬਣ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਨਾਲ ਧੋ ਸਕਣ। ਜ਼ਿਲਾ ਪੁਲਸ ਮੁਖੀ ਸ੍ਰੀ ਗੋਇਲ ਨੇ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੁਆਰਾ ਚਾਰ ਬੂਥ ਰੇਲਵੇ ਸਟੇਸ਼ਨ ਦੇ ਨਜ਼ਦੀਕ, ਜੌੜੇ ਪੈਟਰੋਲ ਪੰਪਾਂ ਦੇ ਬਾਹਰ, ਐਸ. ਡੀ. ਕਾਲਜ ਦੇ ਨਜ਼ਦੀਕ ਅਤੇ ਵਾਲਮੀਕਿ ਚੌਂਕ ਦੇ ਕੋਲ ਲਗਵਾਏ ਗਏ ਹਨ। ਉਹਨਾਂ ਨੇ ਦੱਸਿਆ ਇਸ ਤੋਂ ਇਲਾਵਾ ਪੁਲਸ ਵੱਲੋਂ ਸਪੀਕਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸਦਾ ਕੰਟਰੋਲ ਰੂਮ ਰੇਲਵੇ ਸਟੇਸ਼ਨ ਦੇ ਬਾਹਰ ਬਣਵਾਏ ਬੂਥ ’ਤ ਕੀਤਾ ਜਾ ਰਿਹਾ ਹੈ ਅਤੇ ਤਿੰਨਾਂ ਬਜ਼ਾਰਾਂ ਸਦਰ ਬਜ਼ਾਰ, ਫਰਵਾਹੀ ਬਜ਼ਾਰ ਤੇ ਹੰਡਿਆਇਆ ਬਜ਼ਾਰ ਵਿਚ ਸਪੀਕਰ ਲਗਵਾਏ ਜਾ ਰਹੇ ਹਨ ਤਾਂਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਪੈਣ ’ਤੇ ਲੋਕਾਂ ਨੂੰ ਦੱਸਿਆ ਜਾ ਸਕੇ ਅਤੇ ਅਫਵਾਹਾਂ ’ਤੇ ਰੋਕ ਲਗਵਾਈ ਜਾ ਸਕੇ।

ਐਤਵਾਰ ਦੇ ਜਨਤਾ ਕਰਫਿਊ ਸਬੰਧੀ ਪੁੱਛੇ ਜਾਣ ’ਤੇ ਉਹਨਾਂ ਨੇ ਕਿਹਾ ਕਿ ਕਲ੍ ਜਨਤਾ ਕਰਫਿਊ ਮੌਕੇ ’ਤੇ ਕਿਸੇ ਨੂੰ ਵੀ ਬਾਹਰ ਆਉਣ ਦੀ ਆਗਿਆ ਨਹੀਂ ਦਿੱਤੀ ਜਾਏਗੀ ਜੇਕਰ ਕਿਸੇ ਨੇ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਰੋਨਾ ਵਾਇਰਸ ਦੇ ਵਿਰੁੱਧ ਲੜਾਈ ਵਿਚ ਸਾਥ ਦੇਣਾ ਸਾਡੀ ਨੈਤਿਕ ਜਿੰਮੇਵਾਰੀ ਵੀ ਹੈ ਅਤੇ ਜੇਕਰ ਸਾਡੇ ਇਕ ਦਿਨ ਘਰ ਬੈਠਣ ਨਾਲ ਕੁਝ ਚੰਗੇ ਨਤੀਜੇ ਆਉਂਦੇ ਹਨ ਤਾਂ ਕੀ ਹਰਜ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਅਸੀਂ ਤੁਹਾਡੀ ਸਹਾਇਤਾ ਲਈ ਆਪਣੇ ਘਰਾਂ ਤੋਂ ਬਾਹਰ ਹਾਂ ਅਤੇ ਤੁਸੀਂ ਆਪਣੇ ਘਰਾਂ ਦੇ ਅੰਦਰ ਰਹਿਕੇ ਸਾਨੂੰ ਸਹਿਯੋਗ ਦੇਵੋ।


Tarsem Singh

Content Editor

Related News