ਜਲੰਧਰ ਤੋਂ ਚੰਡੀਗੜ੍ਹ ਜਾਣਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖਬਰ (ਵੀਡੀਓ)

Saturday, Mar 21, 2020 - 07:15 PM (IST)

ਜਲੰਧਰ (ਪੁਨੀਤ)— ਕੋਰੋਨਾ ਵਾਇਰਸ ਦੇ ਪ੍ਰਕੋਟ ਨੂੰ ਵੱਧਦੇ ਦੇਖ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਬੀਤੀ ਸ਼ਾਮ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਵੱਲੋਂ ਸਿਰਫ 50 ਰੂਟਾਂ 'ਤੇ ਬੱਸਾਂ ਚਲਾਉਣ ਦੀ ਸਹੂਲਤ ਦਿੱਤੀ ਗਈ ਸੀ। ਇਸੇ ਤਹਿਤ ਜਿੱਥੇ ਅੱਜ ਕਈ ਥਾਵਾਂ 'ਤੇ ਬੱਸਾਂ ਦੀ ਸੇਵਾ ਬੰਦ ਨਜ਼ਰ ਆਈ, ਉਥੇ ਹੀ ਯਾਤਰੀਆਂ ਦੀ ਸੁਵਿਧਾ ਲਈ ਪਬਲਿਕ ਪੰਜਾਬ ਦੇ ਮੁੱਖ ਰੂਟ ਚਾਲੂ ਵੀ ਰਹੇ। ਜਨਤਾ ਨੂੰ ਆਉਣ-ਜਾਣ 'ਚ ਕੋਈ ਦਿੱਕਤ ਨਾ ਆਵੇ, ਇਸ ਲਈ 50 ਮੁੱਖ ਰੂਟਾਂ 'ਤੇ ਬੱਸਾਂ ਦੀ ਸੁਵਿਧਾ ਜਾਰੀ ਰਹੀ ਅਤੇ 20 ਦੇ ਕਰੀਬ ਯਾਤਰੀਆਂ ਨੂੰ ਬੱਸਾਂ 'ਚ ਭੇਜਿਆ ਗਿਆ। ਇਸ ਦੇ ਨਾਲ ਹੀ ਯਾਤਰੀਆਂ ਨੂੰ ਸੈਨੇਟਾਈਜ਼ਰ ਕਰਵਾ ਕੇ ਭੇਜਿਆ ਜਾ ਰਿਹਾ ਹੈ। 

ਅੱਧੇ ਘੰਟੇ ਬਾਅਦ ਚੱਲ ਰਹੀ ਹੈ ਬੱਸ 
ਜਲੰਧਰ ਦੇ ਡਿਪੂ ਨੰਬਰ-1 ਤੋਂ ਜੀ. ਐੱਮ. ਨਵਰਾਜ ਬਾਤਿਸ਼ ਨੇ ਦੱਸਿਆ ਕਿ ਲੋੜ ਮੁਤਾਬਕ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 50 ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਨੂੰ ਅੱਧੇ ਘੰਟੇ ਬਾਅਦ ਹਰ ਬੱਸ ਨੂੰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ 50 ਫੀਸਦੀ ਦੇ ਹਿਸਾਬ ਨਾਲ ਸਵਾਰੀਆਂ ਹੋ ਜਾਂਦੀਆਂ ਹਨ ਤਾਂ ਬੱਸ ਨੂੰ ਚਲਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਚੰਡੀਗੜ੍ਹ, ਜਲੰਧਰ ਤੋਂ ਅੰਮ੍ਰਿਤਸਰ, ਅੰਬਾਲਾ ਸਮੇਤ ਕਈ ਰੂਟਾਂ 'ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਯਾਤਰਾ ਕਰਨ ਤੋਂ ਬਚਣ ਅਤੇ ਸਿਰਫ ਐਮਰਜੈਂਸੀ 'ਚ ਹੀ ਯਾਤਰਾ ਕਰਨ। 

PunjabKesari

ਡਰਾਈਵਰਾਂ ਨੂੰ ਮਿਲ ਰਹੀ ਹੈ ਸੈਨੇਟਾਈਜ਼ਰ ਦੀ ਸਹੂਲਤ

ਜੀ. ਐੱਮ. ਨਵਰਾਜ ਬਾਤਿਸ਼ ਨੇ ਦੱਸਿਆ ਕਿ ਜਿਹੜੀਆਂ ਦੂਜੇ ਸੂਬਿਆਂ ਤੋਂ ਬੱਸਾਂ ਆ ਰਹੀਆਂ ਹਨ, ਉਨ੍ਹਾਂ ਨੂੰ ਵੀ ਸੈਨੇਟਾਈਜ਼ਰ ਕਰਵਾ ਕੇ ਅਤੇ ਯਾਤਰੀਆਂ ਨੂੰ ਵੀ ਬੱਸਾਂ 'ਚ ਸੈਨੇਟਾਈਜ਼ਰ ਦੀ ਸਹੂਲਤ ਦੇ ਕੇ ਬੱਸਾਂ 'ਚ 20 ਦੇ ਕਰੀਬ ਸਵਾਰੀਆਂ ਬਿਠਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਬੱਸਾਂ 'ਚ ਡਰਾਈਵਰਾਂ ਨੂੰ ਸੈਨੇਟਾਈਜ਼ਰ ਦੀ ਸਹੂਲਤ ਦੇਣ ਦੇ ਨਾਲ-ਨਾਲ ਲਿਕੁਇਡ ਸਾਬਣ ਵੀ ਦਿੱਤਾ ਗਿਆ ਹੈ।  

PunjabKesari

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ 20 ਮਾਰਚ ਦੀ ਰਾਤ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਨੇ ਇਕ ਹੀ ਦਿਨ 'ਚ ਬੱਸਾਂ ਦੀ ਆਵਾਜਾਈ ਦਾ ਇਹ ਫੈਸਲਾ ਬਦਲ ਦਿੱਤਾ ਸੀ। ਸਰਕਾਰ ਨੇ ਹੁਣ ਕਰੀਬ 50 ਰੂਟਾਂ 'ਤੇ ਬੱਸ ਸੇਵਾਵਾਂ ਜਾਰੀ ਰੱਖਣ ਦੀ ਗੱਲ ਕਹੀ ਸੀ। ਪੰਜਾਬ ਆਵਾਜਾਈ ਵਿਭਾਗ ਦੇ ਅਧਿਕਾਰੀ ਦੀ ਮੰਨੀਏ ਤਾਂ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਜ਼ਰੂਰੀ ਕੰਮ ਕਰਨ ਵਾਲਿਆਂ 'ਤੇ ਟੈਕਸੀ ਦੇ ਕਿਰਾਏ ਦਾ ਬੋਝ ਨਾ ਪਵੇ। ਇਨ੍ਹਾਂ ਬੱਸਾਂ 'ਚ 20 ਤੋਂ 25 ਯਾਤਰੀਆਂ ਤੋਂ ਜ਼ਿਆਦਾ ਨਹੀਂ ਬਿਠਾਏ ਜਾਣਗੇ ਅਤੇ ਨਾਲ ਹੀ ਹਰ ਆਉਣ ਵਾਲੇ ਯਾਤਰੀ ਨੂੰ ਸੈਨੇਟਾਈਜ਼ਰ ਵੀ ਦਿੱਤਾ ਜਾਵੇਗਾ। ਇਸ ਦੌਰਾਨ ਜਿਨ੍ਹਾਂ 'ਚ 12 ਤੋਂ ਘੱਟ ਯਾਤਰੀਆਂ/ਮੁਸਾਫਿਰਾਂ ਦੇ ਬੈਠਣ ਦਾ ਸਮਰਥ ਹੈ ਯਾਨੀ ਕਿ ਮੈਕਸੀ ਕੈਬ ਅਤੇ ਮੋਟਰ ਕੈਬ ਨੂੰ ਵੀ ਛੋਟ ਦਿੱਤੀ ਗਈ ਹੈ।

 

PunjabKesari

ਆਵਾਜਾਈ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਸੀ ਕਿ ਮੰਤਰੀ ਸਮੂਹ ਨੇ ਆਪਣੀ ਮੀਟਿੰਗ 'ਚ 19.03. 2020 ਨੂੰ ਪੰਜਾਬ 'ਚ ਕੋਵਿਡ-19 ਦੇ ਫੈਲਣ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ ਸੀ। ਹੁਣ ਕੁਝ ਖਾਸ ਰੂਟ ਨੂੰ ਛੱਡ ਬਾਕੀ ਆਵਾਜਾਈ ਸੇਵਾਵਾ 'ਤੇ ਇਹ ਪਾਬੰਦੀ 20 ਮਾਰਚ 2020 ਦੀ ਅੱਧੀ ਰਾਤ ਤੋਂ ਲਾਗੂ ਹੋਵੇਗੀ ਅਤੇ 31 ਮਾਰਚ 2020 ਤੱਕ ਲਾਗੂ ਰਹੇਗੀ। ਹਾਲਾਂਕਿ ਐਮਰਜੈਂਸੀ ਦੀ ਸਥਿਤੀ 'ਚ ਸੰਬੰਧਤ ਡਿਪਟੀ ਕਮਿਸ਼ਨਰ ਅਤੇ ਸੂਬਾ ਆਵਾਜਾਈ ਕਮਿਸ਼ਨਰ ਨੂੰ ਕਿਸੇ ਵੀ ਸਰਵਜਨਕ ਵਾਹਨ ਨੂੰ ਇਸ ਆਦੇਸ਼ ਨੂੰ ਲਾਗੂ ਕਰਨ ਤੋਂ ਛੋਟ ਦੇਣ ਦਾ ਅਧਿਕਾਰ ਹੈ।

ਇਹ ਪਾਬੰਦੀ ਮਾਲ ਕੈਰੀਅਰ ਅਤੇ ਪ੍ਰਾਈਵੇਟ ਸਰਵਿਸ ਵਾਹਨ ਜਿਵੇ ਫੈਕਟਰੀ, ਸਟਾਫ ਬੱਸਾਂ ਆਦਿ ਨੂੰ ਸ਼ਾਮਲ ਨਹੀਂ ਕਰਦੀ। ਸੁਲਤਾਨਾ ਨੇ ਦੱਸਿਆ ਸੀ ਕਿ ਸਮੂਹ ਮੰਤਰੀਆਂ ਵੱਲੋਂ ਸਰਕਾਰੀ ਦਫਤਰਾਂ 'ਚ ਗੈਰ ਜ਼ਰੂਰੀ ਪਬਲਿਕ ਡਿਲਿੰਗ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਅਤੇ ਡਰਾਈਵਿੰਗ ਟੈਸਟ ਨੂੰ 23.03.2020 ਤੋਂ 31.03.2020 ਤਕ ਅਸਥਾਈ ਤੌਰ 'ਤੇ ਬੰਦ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ।


author

shivani attri

Content Editor

Related News