ਰਾਹਤ ਭਰੀ ਖਬਰ: ਤਪਾ ਹਸਪਤਾਲ ਵਲੋਂ ਕੋਰੋਨਾ ਦੇ ਲਏ ਸੈਂਪਲ ਨੈਗੇਟਿਵ ਆਏ

Friday, May 01, 2020 - 04:17 PM (IST)

ਰਾਹਤ ਭਰੀ ਖਬਰ: ਤਪਾ ਹਸਪਤਾਲ ਵਲੋਂ ਕੋਰੋਨਾ ਦੇ ਲਏ ਸੈਂਪਲ ਨੈਗੇਟਿਵ ਆਏ

ਤਪਾ ਮੰਡੀ (ਸ਼ਾਮ,ਗਰਗ): ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ 'ਚ ਸਬ ਡਵੀਜਨਲ ਹਸਪਤਾਲ ਵਿਖੇ ਬਣਾਏ ਫਲੂ ਕਾਰਨਰ ਵਿਚ ਕੋਰੋਨਾ ਵਾਇਰਸ ਤੋਂ ਅਹਿਤਿਆਤ ਵਜੋਂ ਹੁਣ ਤੱਕ 89 ਸੈਂਪਲ ਲਏ ਗਏ ਹਨ, ਜਿੰਨ੍ਹਾਂ 'ਚੋਂ 73 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਆਏ ਹਨ, ਜਦਕਿ 16 ਦਾ ਰਿਜਲਟ ਆਉਣਾ ਬਾਕੀ ਹੈ।

ਡਾ. ਜਸਬੀਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਅਧੀਨ ਇਨਫਲੂਇੰਜਾ ਲਾਈਕ ਇਲਨੈਸ ਘਰ-ਘਰ ਸਰਵੇ ਦੌਰਾਨ ਖਾਂਸੀ, ਜੁਕਾਮ ਤੇ ਬੁਖਾਰ ਦੇ ਮਰੀਜਾਂ, ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਕੋਵਿਡ-19 ਅਧੀਨ ਟੈਸਟ ਫਲੂ ਕਾਰਨਰ ਵਿਖੇ ਕੀਤੇ ਗਏ ਹਨ। ਕੰਨ, ਨੱਕ ਤੇ ਗਲੇ ਦੇ ਮਾਹਰ ਡਾ. ਬਿਕਰਮਜੀਤ ਸਿੰਘ, ਦੰਦਾਂ ਦੇ ਡਾਕਟਰ ਗੁਰਪ੍ਰੀਤ ਕੌਰ,ਐਮਰਜੈਂਸੀ ਮੈਡੀਕਲ ਅਫਸਰ  ਡਾ.ਜਸਵੀਰ ਕੌਰ ਸਿੱਧੂ, ਲੈਬੋਰੇਟਰੀ ਤਕਨੀਸ਼ੀਅਨ ਸੁਮਨਦੀਪ ਸਿੰਘ ਤੇ ਬਲਹਾਰ ਸਿੰਘ ਵਲੋਂ ਸੈਂਪਲ ਲਏ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਾਂਚਿਆ ਗਿਆ ਹੈ। ਜਦਕਿ ਫਲੂ ਕਾਰਨਰ ਵਿਖੇ ਡਾ. ਸਤਿੰਦਰਪਾਲ ਸਿੰਘ ਬੁੱਟਰ ਵਲੋਂ ਮਰੀਜਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਸਖਤ ਚੌਕਸੀ ਵਰਤੀ ਜਾ ਰਹੀ ਹੈ ਅਤੇ ਫਲੂ ਕਾਰਨਰ ਅਤੇ ਫੀਲਡ ਸਟਾਫ ਵਲੋਂ ਰੈਫਰ ਕੀਤੇ ਮਰੀਜ਼ਾਂ ਦੀ ਜਾਂਚ ਉਪਰੰਤ ਰੋਜ਼ਾਨਾ ਸੈਂਪਲ ਲਏ ਜਾ ਰਹੇ ਹਨ। ਐੱਸ.ਐੱਮ.ਓ. ਡਾ.ਜਸਬੀਰ ਸਿੰਘ ਔਲਖ ਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਬਲਾਕ ਦੇ ਪਿੰਡਾਂ 'ਚ 228 ਵਿਅਕਤੀਆਂ ਨੂੰ ਘਰਾਂ 'ਚ 14 ਦਿਨਾਂ ਲਈ ਏਕਾਂਤਵਾਸ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਦੀ ਸਿਹਤ ਬਾਰੇ ਵਿਭਾਗ ਦੇ ਕਰਮਚਾਰੀਆਂ ਵਲੋਂ ਰੋਜਾਨਾ ਦੇਖਰੇਖ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਲਾਕ ਵਿਚ ਮੈਡੀਕਲ ਅਫਸਰ ਦੀ ਅਗਵਾਈ ਵਿਚ ਪੰਜ ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਲੋਂ ਅਜਿਹੇ ਵਿਅਕਤੀਆਂ ਦੀ ਸ਼ਨਾਖਤ ਤੇ ਸਿਹਤ ਦਾ ਚੈਕਅਪ ਵੀ ਕੀਤਾ ਜਾ ਰਿਹਾ।


author

Shyna

Content Editor

Related News