ਕੋਰੋਨਾ ਵਾਇਰਸ : ਪੰਜਾਬ ਨੇ ਮੌਤ ਦਰ ਨੂੰ 1.3 ਫ਼ੀਸਦੀ ਤੱਕ ਰੋਕਿਆ

Friday, May 29, 2020 - 04:46 PM (IST)

ਕੋਰੋਨਾ ਵਾਇਰਸ : ਪੰਜਾਬ ਨੇ ਮੌਤ ਦਰ ਨੂੰ 1.3 ਫ਼ੀਸਦੀ ਤੱਕ ਰੋਕਿਆ

ਚੰਡੀਗੜ੍ਹ (ਸ਼ਰਮਾ) : ਦੇਸ਼ ਭਰ 'ਚ ਸਭ ਤੋਂ ਵੱਧ 91 ਫ਼ੀਸਦੀ ਰਿਕਵਰੀ ਦਰਜ ਕਰਨ ਤੋਂ ਇਲਾਵਾ, ਪੰਜਾਬ ਮੌਤ ਦਰ ਨੂੰ ਵੀ ਸਭ ਤੋਂ ਘੱਟ 1.3 ਫ਼ੀਸਦੀ ਤੱਕ ਰੋਕਣ 'ਚ ਕਾਮਯਾਬ ਰਿਹਾ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਮੌਤਾਂ ਸਹਿ-ਰੋਗ ਦੇ ਨਤੀਜੇ ਵਜੋਂ ਹੋਈਆਂ ਹਨ। ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਪੰਜਾਬ 'ਚ ਹੁਣ ਤੱਕ 40 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਸੀ। ਇਨ੍ਹਾਂ 'ਚੋਂ 31 ਵਿਅਕਤੀ (77 ਫ਼ੀਸਦੀ) ਅੰਤਰਿਮ ਪੜਾਅ 'ਤੇ ਗੁਰਦੇ, ਕੈਂਸਰ ਅਤੇ ਐੱਚ. ਆਈ. ਵੀ. ਵਰਗੀਆਂ ਗੰਭੀਰ ਬੀਮਾਰੀਆਂ ਤੋਂ ਇਲਾਵਾ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਜੂਝ ਰਹੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਦੇ 23 ਫ਼ੀਸਦੀ ਮਾਮਲਿਆਂ 'ਚ ਮਰੀਜ਼ ਮੁੱਖ ਤੌਰ 'ਤੇ ਦਿਲ ਦੀ ਬਿਮਾਰੀ, ਹਾਈਪਰਟੈਨਸ਼ਨ, ਸ਼ੂਗਰ ਅਤੇ ਮੋਟਾਪਾ ਵਰਗੀਆਂ ਪੁਰਾਣੀਆਂ ਬੀਮਾਰੀਆਂ ਨਾਲ ਸਬੰਧਤ ਸਨ। ਅਜਿਹੇ ਮਾਮਲੇ ਬਹੁਤ ਘੱਟ ਸਨ ਜਿਨ੍ਹਾਂ ਨੂੰ ਕੋਈ ਬੀਮਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਾਮਲਿਆਂ 'ਚ ਉਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ ਜੋ ਪਹਿਲਾਂ ਹੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ ਜਿਸ ਕਾਰਨ ਉਨ੍ਹਾਂ ਦੀ ਮੌਤ ਕੁਦਰਤੀ ਵੀ ਹੋ ਸਕਦੀ ਸੀ।

ਇਹ ਵੀ ਪੜ੍ਹੋ ► ਕੈਪਟਨ ਸਰਕਾਰ ਸਖਤ ਫਰਮਾਨ, ਕੋਰੋਨਾ ਦੇ ਨਿਯਮ ਤੋੜੇ ਤਾਂ ਹੋਵੇਗਾ ਭਾਰੀ ਜੁਰਮਾਨਾ 

ਹੁਣ ਤੱਕ ਰਿਪੋਰਟ ਕੀਤੇ ਕੁੱਲ 2106 ਪਾਜ਼ੇਟਿਵ ਮਾਮਲਿਆਂ 'ਚੋਂ 1918 ਮਰੀਜ਼ ਪਹਿਲਾਂ ਹੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਵਿਗਿਆਨਕ ਅਤੇ ਯੋਜਨਾਬੱਧ ਤਰੀਕੇ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ 'ਚ ਆਏ ਵਿਅਕਤੀਆਂ ਦਾ ਪਤਾ ਲਗਾਉਣ ਦੇ ਨਾਲ-ਨਾਲ ਲਾਕਡਾਊਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਾਰੇ ਗੱਲ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਕੋਵਿਡ-19 ਦੇ ਦੁਗਣੇ ਹੋਣ ਦੀ ਦਰ ਲਗਭਗ 100 ਦਿਨ ਰਹਿ ਗਈ ਹੈ ਜੋ ਕਿ ਬਹੁਤ ਬਿਹਤਰ ਹੈ। ਅਗਰਵਾਲ ਨੇ ਦੱਸਿਆ ਕਿ ਸੂਬੇ ਦੀ ਮੌਤ ਦਰ ਰਾਸ਼ਟਰੀ ਔਸਤ ਮੌਤ ਦਰ (3 ਫ਼ੀਸਦੀ) ਨਾਲੋਂ ਵੀ ਬਹੁਤ ਘੱਟ ਹੈ। ਅਗਰਵਾਲ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਬਹੁਤ ਸਾਰੇ ਮਾਮਲਿਆਂ 'ਚ ਮ੍ਰਿਤਕ ਦੇਹਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ ਕੁਝ ਪਾਜ਼ੇਟਿਵ ਆਏ ਪਰ ਇਹ ਸਾਰੀਆਂ ਮੌਤਾਂ ਕੋਵਿਡ-19 ਮੌਤ ਵਜੋਂ ਲਈਆਂ ਗਈਆਂ, ਜਦੋਂ ਕਿ ਇਹ ਨਮੂਨੇ ਸਿਰਫ਼ ਸੰਭਾਵਤ ਪਾਜ਼ੇਟਿਵ ਮਾਮਲਿਆਂ ਦੇ ਸੰਪਰਕ ਦਾ ਪਤਾ ਲਗਾਉਣ ਲਈ ਲਏ ਗਏ ਸਨ।

ਇਹ ਵੀ ਪੜ੍ਹੋ ► ਬਠਿੰਡਾ 'ਚ 'ਕੋਰੋਨਾ' ਦੀ ਮੁੜ ਦਸਤਕ, 4 ਪਾਜ਼ੇਟਿਵ ਕੇਸ ਆਏ ਸਾਹਮਣੇ 


author

Anuradha

Content Editor

Related News