Big Breaking: ਪੰਜਾਬ ਦੇ ਇੰਟਰਨੈਸ਼ਨਲ ਨਸ਼ਾ ਤਸਕਰ ਰਾਜਾ ਕੰਦੌਲਾ ਦੀ ਮੁੰਬਈ ''ਚ ਮੌਤ

Sunday, Jan 25, 2026 - 01:44 PM (IST)

Big Breaking: ਪੰਜਾਬ ਦੇ ਇੰਟਰਨੈਸ਼ਨਲ ਨਸ਼ਾ ਤਸਕਰ ਰਾਜਾ ਕੰਦੌਲਾ ਦੀ ਮੁੰਬਈ ''ਚ ਮੌਤ

ਜਲੰਧਰ/ਨਵਾਂਸ਼ਹਿਰ/ਮੁੰਬਈ (ਵੈੱਬ ਡੈਸਕ)- ਪੰਜਾਬ ਦੇ ਇੰਟਰਨੈਸ਼ਨਲ ਡਰੱਗ ਤਸਕਰ ਰਾਜਾ ਕੰਦੌਲਾ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਾਜਾ ਕੰਦੌਲਾ ਬੰਗਾ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਮੁੰਬਈ 'ਚ ਰਹਿ ਰਹੇ ਰਾਜਾ ਕੰਦੋਲਾ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸ ਦੇਈਏ ਕਿ ਰਾਜਾ ਕੰਦੌਲਾ ਦਾ ਅਸਲੀ ਨਾਮ ਰਣਜੀਤ ਸਿੰਘ ਸੀ। ਉਸ ਦਾ ਨਾਮ ਪੰਜਾਬ ਦੇ ਸਭ ਤੋਂ ਮਸ਼ਹੂਰ ਨਸ਼ੇ ਦੇ ਤਸਕਰਾਂ ਵਿੱਚੋਂ ਇਕ ਸੀ। ਉਸ ਨੂੰ ਜਲੰਧਰ ਦੀ ਇਕ ਵਿਸ਼ੇਸ਼ PMLA (ਮਨੀ ਲਾਂਡਰਿੰਗ) ਕੋਰਟ ਨੇ 200 ਕਰੋੜ ਰੁਪਏ ਦੇ ਨਸ਼ਾ ਰੈਕੇਟ ਮਾਮਲੇ ਵਿੱਚ 9 ਸਾਲ ਦੀ ਸਜ਼ਾ ਸੁਣਾਈ ਸੀ।
ਇਸ ਮਾਮਲੇ 'ਚ ਉਸ ਦੀ ਪਤਨੀ ਰਜਵੰਤ ਕੌਰ ਨੂੰ ਵੀ 3 ਸਾਲ ਦੀ ਸਜ਼ਾ ਮਿਲੀ ਸੀ। 2024 ਵਿੱਚ ਰਾਜਾ ਕੰਦੌਲਾ ਦਾ ਨਾਂ ਆਈਸ ਡਰੱਗ (ਕ੍ਰਿਸਟਲ ਮੇਥ) ਤਸਕਰੀ ਮਾਮਲਾ ਚਰਚਾ ਵਿੱਚ ਰਹਿਆ ਸੀ। ਜੇਲ੍ਹ ਤੋਂ ਛੁੱਟਣ ਮਗਰੋਂ ਉਹ ਪਰਿਵਾਰ ਸਮੇਤ ਮੁੰਬਈ ਚਲਾ ਗਿਆ ਸੀ, ਜਿੱਥੇ ਦਿਲ ਦਾ ਦੌਰੇ ਕਾਰਨ ਉਸ ਦੀ ਮੌਤ ਹੋ ਗਈ। ਰਾਜਾ ਕੰਦੋਲਾ ਮੁਲ ਰੂਪ 'ਚ ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਾ ਦਾ ਰਹਿਣ ਵਾਲਾ ਸੀ। ਉਹ ਕਾਫ਼ੀ ਸਮੇਂ ਲਈ ਅਮਰੀਕਾ ਅਤੇ ਜਿੰਬਾਬਵੇ ਵਰਗੇ ਦੇਸ਼ਾਂ ਵਿੱਚ ਰਿਹਾ, ਜਿੱਥੇ ਉਸ ਨੇ ਨਸ਼ਾ ਤਸਕਰੀ ਦਾ ਅੰਤਰਰਾਸ਼ਟਰੀ ਨੈੱਟਵਰਕ ਬਣਾਇਆ। ਪੰਜਾਬ ਵਾਪਸ ਆਉਣ ਮਗਰੋਂ ਉਸ ਨੇ ਆਪਣੇ ਆਪ ਨੂੰ ਇਕ ਵੱਡੇ ਫਾਰਮਹਾਊਸ ਦੇ ਮਾਲਕ ਵਜੋਂ ਸਥਾਪਤ ਕੀਤਾ।

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਵਿਗੜੇਗਾ ਮੌਸਮ! ਆਵੇਗਾ ਭਾਰੀ ਮੀਂਹ ਤੇ ਤੂਫ਼ਾਨ, ਵਿਭਾਗ ਨੇ ਕੀਤੀ 28 ਤਾਰੀਖ਼ ਤੱਕ ਵੱਡੀ ਭਵਿੱਖਬਾਣੀ

ਮੁੰਬਈ 'ਚ ਕੀਤਾ ਜਾਵੇਗਾ ਰਾਜਾ ਕੰਦੌਲਾ ਦਾ ਅੰਤਿਮ ਸੰਸਕਾਰ
ਪਰਿਵਾਰਕ ਸੂਤਰਾਂ ਮੁਤਾਬਕ ਰਾਜਾ ਕੰਦੋਲਾ ਕਈ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ। ਉਸ ਨੂੰ ਬੀਮਾਰ ਹੋਣ ਕਾਰਨ ਹਸਪਤਾਲ ਲੈ ਜਾਇਆ ਗਿਆ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਦੇ ਲੋਕ ਉਸ ਦੀ ਲਾਸ਼ ਨੂੰ ਮੁੰਬਈ ਸਥਿਤ ਘਰ ਲੈ ਗਏ। ਪਰਿਵਾਰ ਦੇ ਮੁਤਾਬਕ ਉਸ ਦਾ ਅੰਤਿਮ ਸੰਸਕਾਰ ਮੁੰਬਈ ਵਿੱਚ ਹੀ ਕੀਤਾ ਜਾਵੇਗਾ।

2012 'ਚ ਨਸ਼ਾ ਦੇ ਮਾਮਲੇ ਵਿੱਚ ਪਹਿਲੀ ਵਾਰੀ ਫਸਿਆ ਸੀ ਕੰਦੌਲਾ
ਰਾਜਾ ਕੰਦੌਲਾ ਦਾ ਨਾਮ ਪਹਿਲੀ ਵਾਰੀ ਜੂਨ 2012 'ਚ ਉਸ ਸਮੇਂ ਚਰਚਾ ਵਿੱਚ ਆਇਆ, ਜਦੋਂ ਪੰਜਾਬ ਪੁਲਸ ਨੇ 200 ਕਰੋੜ ਰੁਪਏ ਦੇ ਸਿੰਥੇਟਿਕ ਡਰੱਗ ਰੈਕੇਟ ਦਾ ਪਰਦਾਫ਼ਾਸ਼ ਕੀਤਾ। ਇਸ ਦੌਰਾਨ ਪੁਲਸ ਤੋਂ ਬਚਦਿਆਂ ਉਹ ਦਿੱਲੀ ਭੱਜ ਗਿਆ ਸੀ ਪਰ ਅਗਸਤ 2012 ਵਿੱਚ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਦੋ ਦਿਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, DC ਨੇ ਜਾਰੀ ਕੀਤੇ ਹੁਕਮ

ਆਈਸ ਮੈਨ ਦੇ ਨਾਂ ਨਾਲ ਬਦਨਾਮ ਹੋਇਆ ਕੰਦੌਲਾ 
ਰਣਜੀਤ ਸਿੰਘ ਉਰਫ਼ ਰਾਜਾ ਕੰਦੌਲਾ ਨੂੰ ਪੰਜਾਬ ਵਿੱਚ ਆਈਸ ਮੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਕਿਉਂਕਿ ਉਹ ਸਿੰਥੇਟਿਕ ਡਰੱਗਸ (ਜਿਵੇਂ ਆਈਸ ਜਾਂ ਮੈਥੈਂਫੈਟਾਮਾਈਨ) ਦੇ ਗੈਰ-ਕਾਨੂੰਨੀ ਧੰਦੇ ਦਾ ਮਾਸਟਰਮਾਈਂਡ ਸੀ। ਪੁਲਸ ਮੁਤਾਬਕ ਰਾਜਾ ਮੈਥੈਂਫੈਟਾਮਾਈਨ (ਆਈਸ) ਅਤੇ ਹੋਰ ਨਸ਼ੀਲੇ ਪਦਾਰਥ ਬਣਾਉਣ ਲਈ ਦਿੱਲੀ ਅਤੇ ਪੰਜਾਬ ਵਿੱਚ ਗੈਰ-ਕਾਨੂੰਨੀ ਲੈਬ ਚਲਾਉਂਦਾ ਸੀ। ਉਹ ਕੱਚਾ ਮਾਲ ਦਿੱਲੀ ਤੋਂ ਲਿਆਉਂਦਾ ਅਤੇ ਉਸ ਨੂੰ ਰੀਫਾਈਨ ਕਰਕੇ ਵਿਦੇਸ਼ਾਂ ਵਿੱਚ ਸਪਲਾਈ ਕਰਦਾ ਸੀ।

ਪਤਨੀ ਸਣੇ ਪੁੱਤਰ ਦਾ ਨਾਂ ਵੀ ਤਸਕਰੀ 'ਚ ਆਇਆ 
ਕੰਦੌਲਾ ਨਾਲ ਉਸ ਦੀ ਪਤਨੀ ਰਜਵੰਤ ਕੌਰ ਅਤੇ ਪੁੱਤਰ ਬਾਲੀ ਸਿੰਘ ਵੀ ਕਾਨੂੰਨੀ ਮੁਸ਼ਕਿਲਾਂ ਵਿੱਚ ਫਸੇ। ਦੋਹਾਂ ਦਾ ਨਾਂ ਵੀ ਡਰੱਗ ਤਸਕਰੀ ਵਿੱਚ ਆਇਆ। ਰਾਜਾ ਦੀ ਇਕ ਮਹਿਲਾ ਮਿੱਤਰ ਸੋਨੀਆ ਦਾ ਨਾਂ ਵੀ ਇਸ ਮਾਮਲੇ ਵਿੱਚ ਚਰਚਾ ਵਿੱਚ ਰਿਹਾ, ਜੋ ਕਥਿਤ ਤੌਰ 'ਤੇ ਉਸ ਦੇ ਹੋਟਲ ਅਤੇ ਪ੍ਰਾਪਰਟੀ ਕਾਰੋਬਾਰ ਨੂੰ ਵੇਖਦੀ ਸੀ।

ਇਹ ਵੀ ਪੜ੍ਹੋ: Punjab: ਸ਼ਹੀਦ ਦੇ ਪਿਤਾ ਦੇ ਹੌਂਸਲੇ ਨੂੰ ਸਲਾਮ! ਫ਼ੌਜ ਦੀ ਵਰਦੀ ਪਾ ਕੇ ਪੁੱਤ ਜੋਬਨਪ੍ਰੀਤ ਨੂੰ ਦਿੱਤੀ ਅੰਤਿਮ ਵਿਦਾਈ

ਜਲੰਧਰ PMLA 'ਚ ਸੁਣਾਈ ਗਈ ਸੀ 9 ਸਾਲ ਦੀ ਸਜ਼ਾ
ਅਗਸਤ 2024 ਵਿੱਚ ਜਲੰਧਰ ਦੀ ਇਕ ਵਿਸ਼ੇਸ਼ ਕੋਰਟ ਨੇ ਰਾਜਾ ਕੰਦੌਲਾ ਨੂੰ ਈ. ਡੀ. ਵੱਲੋਂ ਦਰਜ ਮਨੀ ਲਾਂਡਰਿੰਗ ਮਾਮਲੇ ਵਿੱਚ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਸ ਦੀ ਪਤਨੀ ਰਜਵੰਤ ਨੂੰ ਵੀ 3 ਸਾਲ ਦੀ ਸਜ਼ਾ ਮਿਲੀ। ਰਾਜਾ ਖ਼ਿਲਾਫ਼ ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿੱਚ ਦਰਜਨਾਂ ਮਾਮਲੇ ਦਰਜ ਕੀਤੇ ਗਏ। ਕੁਝ ਮਾਮਲਿਆਂ ਵਿੱਚ ਰਾਜਾ ਬਰੀ ਵੀ ਹੋ ਚੁੱਕਾ ਹੈ।

ਡਰੱਗ ਤਸਕਰੀ ਦੇ ਕਈ ਮਾਮਲਿਆਂ ਵਿੱਚ ਸੀ ਸ਼ਾਮਲ
ਇਸਦੇ ਇਲਾਵਾ ਰਾਜਾ ਕੰਦੌਲਾ ਕਈ ਡਰੱਗ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਲ ਸੀ, ਜਿਸ ਕਾਰਨ ਉਹ ਪੰਜਾਬ ਦੀਆਂ ਅਦਾਲਤਾਂ ਵਿੱਚ ਪੇਸ਼ ਹੁੰਦਾ ਰਹਿੰਦਾ ਸੀ। ਦਿੱਲੀ ਵਿੱਚ ਬਰਾਮਦ ਡਰੱਗਸ ਦੇ ਮਾਮਲੇ ਵਿੱਚ ਉਸ ਨੂੰ 15 ਸਾਲ ਦੀ ਸਜ਼ਾ ਹੋਈ ਸੀ। ਇਸ ਤਰ੍ਹਾਂ ਰਾਜਾ ਨੂੰ ਦੋ ਮਾਮਲਿਆਂ ਵਿੱਚ ਸਜ਼ਾ ਹੋ ਚੁਕੀ ਹੈ, ਜਦਕਿ ਦੋ ਵਿੱਚ ਉਹ ਬਰੀ ਹੋ ਚੁਕਾ ਹੈ।

ਜਗਦੀਸ਼ ਭੋਲਾ ਡਰੱਗ ਮਾਮਲੇ 'ਚ ਵੀ ਆਇਆ ਸੀ ਨਾਮ
ਰਾਜਾ ਕੰਦੌਲਾ ਦਾ ਨਾਮ ਜਗਦੀਸ਼ ਭੋਲਾ ਡਰੱਗ ਮਾਮਲੇ ਵਿੱਚ ਵੀ ਸਾਹਮਣੇ ਆਇਆ ਸੀ। ਉਸ ਸਮੇਂ ਜਾਂਚ ਏਜੰਸੀਆਂ ਜਗਦੀਸ਼ ਭੋਲਾ ਨੂੰ ਵੱਡੇ ਡਰੱਗ ਨੈੱਟਵਰਕ ਵਿੱਚ ਮੁੱਖ ਕੜੀ ਮੰਨਦੀਆਂ ਸਨ। ਆਈਸ ਡਰੱਗ (ਕ੍ਰਿਸਟਲ ਮੇਥ) ਤਸਕਰੀ ਦੇ ਮਾਮਲਿਆਂ ਵਿੱਚ ਉਸ ਦਾ ਨਾਮ ਕਈ ਵਾਰ ਸਾਹਮਣੇ ਆਇਆ। ਸੂਤਰਾਂ ਮੁਤਾਬਕ ਰਾਜਾ ਕਾਫ਼ੀ ਸਮੇਂ ਤੋਂ ਮੁੰਬਈ ਵਿੱਚ ਰਹਿ ਰਿਹਾ ਸੀ ਅਤੇ ਉਥੋਂ ਹੀ ਆਪਣਾ ਕਾਰੋਬਾਰ ਚਲਾਉਂਦਾ ਸੀ।
ਇਹ ਵੀ ਪੜ੍ਹੋ: ਬਸੰਤ ਪੰਚਮੀ ਵਾਲੇ ਦਿਨ ਜਲੰਧਰ 'ਚ ਵੱਡਾ ਹਾਦਸਾ! ਪਤੰਗ ਲੁੱਟਦਿਆਂ ਡੂੰਘੇ ਟੋਏ 'ਚ ਡਿੱਗਿਆ ਜਵਾਕ, ਹੋਈ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News