ਕੋਰੋਨਾ ਨਾਲ ਮਰੇ ਵਿਅਕਤੀ ਦੀ ਦੇਹ ਦਾ ਸਨਮਾਨ ਤੇ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਹੋਵੇ ਸਸਕਾਰ

Friday, Apr 10, 2020 - 05:10 PM (IST)

ਕੋਰੋਨਾ ਨਾਲ ਮਰੇ ਵਿਅਕਤੀ ਦੀ ਦੇਹ ਦਾ ਸਨਮਾਨ ਤੇ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਹੋਵੇ ਸਸਕਾਰ

ਜਲੰਧਰ (ਬੁਲੰਦ) : ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਦੌਰਾਨ ਪਿਛਲੇ ਕੁਝ ਦਿਨਾਂ 'ਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਜਾਂ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਡਰ ਕਾਰਣ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਅੱਗੇ ਨਹੀਂ ਆਉਂਦੇ ਜਾਂ ਫਿਰ ਸ਼ਮਸ਼ਾਨਘਾਟ ਵਿਚ ਕਈ ਲੋਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ 'ਚ ਰੁਕਾਵਟ ਪਾਉਂਦੇ ਹਨ। ਜਲੰਧਰ ਦੇ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ 'ਚ ਵੀਰਵਾਰ ਨੂੰ ਵਾਪਰਿਆ ਮਾਮਲਾ ਇਸ ਦੀ ਤਾਜ਼ਾ ਉਦਾਹਰਨ ਹੈ ਪਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਪਿਛਲੇ ਦਿਨੀਂ ਕੋਵਿਡ-19 ਗਾਈਡਲਾਈਨਜ਼ ਆਫ ਡੈੱਡ ਬਾਡੀ ਮੈਨੇਜਮੈਂਟ ਜਾਰੀ ਕੀਤੀ ਹੈ। ਸਰਕਾਰੀ ਗਾਈਡਲਾਈਨਜ਼ ਅਨੁਸਾਰ ਕਿਸੇ ਵੀ ਮਰੀਜ਼ ਦੀ ਕੋਵਿਡ-19 ਨਾਲ ਮੌਤ ਹੋਣ ਤੋਂ ਬਾਅਦ ਮ੍ਰਿਤਕ ਦੇਹ ਦਾ ਸਨਮਾਨ ਨਾਲ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਜਾਂ ਦਫਨ ਦੀ ਰਸਮ ਅਦਾ ਕੀਤੀ ਜਾਵੇ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਇਹ ਵੀ ਪੜ੍ਹੋ : ਕੋਰੋਨਾ ਦਾ ਅਸਰ : ਜਲ ਪ੍ਰਵਾਹ ਨੂੰ ਤਰਸੀਆਂ ਅਸਥੀਆਂ, ਸ਼ਮਸ਼ਾਨਘਾਟ ਦੇ ਲਾਕਰ ਹੋਏ ਫੁਲ

ਇਹ ਹਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀਆਂ ਗਾਈਡਲਾਈਨਜ਼-
1. ਕੋਰੋਨਾ ਪੀੜਤ ਵਿਅਕਤੀ ਦੀ ਮੌਤ ਉਪਰੰਤ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਹੀ ਸਬੰਧਤ ਹਸਪਤਾਲ ਤੋਂ ਪ੍ਰਾਪਤ ਕੀਤੀ ਜਾਵੇਗੀ ਅਤੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਪਰਿਵਾਰ ਵੱਲੋਂ ਸਰਕਾਰ ਦੁਆਰਾ ਜਾਰੀ ਗਾਈਡਲਾਈਨਜ਼ ਅਨੁਸਾਰ ਸਰਕਾਰੀ ਗਠਿਤ ਕਮੇਟੀ ਦੀ ਹਾਜ਼ਰੀ 'ਚ ਕਰਨਾ ਲਾਜ਼ਮੀ ਹੋਵੇਗਾ।
2. ਜੇ ਮ੍ਰਿਤਕ ਦਾ ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਸਬੰਧਤ ਹਸਪਤਾਲ ਦੇ ਡਾਕਟਰ, ਮੈਡੀਕਲ ਸੁਪਰਡੈਂਟ ਵੱਲੋਂ ਇਸ ਸਬੰਧੀ ਥਾਣਾ ਅਧਿਕਾਰੀ ਨੂੰ ਲਿਖਤੀ ਸੂਚਨਾ ਭੇਜੀ ਜਾਵੇਗੀ, ਜਿਸ ਤੋਂ ਬਾਅਦ ਸਬੰਧਤ ਥਾਣਾ ਮੁਖੀ ਮ੍ਰਿਤਕ ਨੂੰ ਲਾਵਾਰਸ ਲਾਸ਼ ਐਲਾਨ ਕਰਦਿਆਂ ਅੰਤਿਮ ਸੰਸਕਾਰ ਦੀ ਕਾਰਵਾਈ ਸ਼ੁਰੂ ਕਰੇਗਾ।
3. ਸਬੰਧਤ ਉਪ ਮੰਡਲ ਮੈਜਿਸਟਰੇਟ ਇਸ ਉਦੇਸ਼ ਲਈ ਕਾਰਜਕਾਰੀ ਮੈਜਿਸਟਰੇਟ ਨੂੰ ਤੁਰੰਤ ਡਿਊਟੀ ਮੈਜਿਸਟਰੇਟ ਨਿਯੁਕਤ ਕਰੇਗਾ, ਜੋ ਪੁਲਸ, ਸਿਹਤ ਵਿਭਾਗ ਅਤੇ ਨਗਰ ਨਿਗਮ/ਨਗਰ ਕੌਂਸਲ/ਗ੍ਰਾਮ ਪੰਚਾਇਤ ਵੱਲੋਂ ਗਠਿਤ ਕੀਤੀ ਗਈ ਟੀਮ ਨਾਲ ਤਾਲਮੇਲ ਕਰ ਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਆਪਣੀ ਹਾਜ਼ਰੀ 'ਚ ਕਰਵਾਏਗਾ।
4. ਡਿਊਟੀ ਮੈਜਿਸਟਰੇਟ ਅਤੇ ਮੁੱਖ ਥਾਣਾ ਅਧਿਕਾਰੀ ਮ੍ਰਿਤਕ ਦੇ ਪਰਿਵਾਰ ਨੂੰ ਘੱਟ ਤੋਂ ਘੱਟ ਗਿਣਤੀ 'ਚ ਅੰਤਿਮ ਸੰਸਕਾਰ 'ਚ ਹਾਜ਼ਰ ਹੋ ਕੇ ਅੰਤਿਮ ਰਸਮਾਂ ਨਿਭਾਉਣ ਲਈ ਕਹਿਣਗੇ।
5. ਕੋਰੋਨਾ ਵਾਇਰਸ ਪੀੜਤ ਮ੍ਰਿਤਕ ਦੀ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਹੇਠ ਲਿਖੇ ਅਨੁਸਾਰ ਕਮੇਟੀ ਗਠਿਤ ਕੀਤੀ ਜਾਵੇਗੀ-
* ਡਿਊਟੀ ਮੈਜਿਸਟਰੇਟ ਜੋ ਸਬੰਧਤ ਉਪ ਮੰਡਲ ਮੈਜਿਸਟਰੇਟ ਵੱਲੋਂ ਤਾਇਨਾਤ ਕੀਤਾ ਜਾਵੇਗਾ।
* ਸਬੰਧਤ ਥਾਣੇ ਦਾ ਮੁੱਖ ਅਧਿਕਾਰੀ ਜਾਂ ਉਸ ਵੱਲੋਂ ਅਧਿਕਾਰ ਪ੍ਰਾਪਤ ਥਾਣੇਦਾਰ।
* ਨਗਰ ਨਿਗਮ, ਨਗਰ ਪੰਚਾਇਤ/ਗ੍ਰਾਮ ਪੰਚਾਇਤ ਵੱਲੋਂ ਗਠਿਤ ਕਮੇਟੀ ਦੇ ਮੈਂਬਰ।
* ਸਬੰਧਤ ਸ਼ਮਸ਼ਾਨਘਾਟ ਦਾ ਉਹ ਕਰਮਚਾਰੀ ਜੋ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਵਾਉਂਦਾ ਹੈ।
* ਪਰਿਵਾਰ ਦੀ ਇੱਛਾ ਅਨੁਸਾਰ ਸਬੰਧਤ ਪਰਿਵਾਰ ਦਾ ਉਹ ਮੈਂਬਰ ਜਿਸ ਨੇ ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨਾ ਹੋਵੇ।
* ਪੰਜਾਬ ਸਰਕਾਰ ਦੇ ਸਿਹਤ ਪਰਿਵਾਰ ਕਲਿਆਣ ਵਿਭਾਗ ਅਨੁਸਾਰ ਸਿਹਤ ਵਿਭਾਗ ਦਾ ਨੁਮਾਇੰਦਾ।
6. ਉਪਰੋਕਤ ਗਠਿਤ ਟੀਮ ਇਸ ਗੱਲ ਦਾ ਪੂਰਾ ਧਿਆਨ ਰੱਖੇਗੀ ਕਿ ਇਹ ਅੰਤਿਮ ਸੰਸਕਾਰ ਰੀਤੀ-ਰਿਵਾਜਾਂ ਅਨੁਸਾਰ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਤਾ ਜਾਵੇਗਾ।
7. ਸਿਵਲ ਸਰਜਨ ਜਲੰਧਰ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਟੀਮ ਦੇ ਸਮੂਹ ਮੈਂਬਰਾਂ ਨੂੰ ਲੋੜ ਅਨੁਸਾਰ ਸੁਰੱਖਿਆਤਮਕ ਕਿੱਟ ਸਪਲਾਈ ਕਰਨਗੇ।
8. ਸਬੰਧਤ ਹਸਪਤਾਲ ਦਾ ਡਾਕਟਰ/ਮੈਡੀਕਲ ਸੁਪਰਡੈਂਟ ਮ੍ਰਿਤਕ ਦੀ ਦੇਹ ਨੂੰ ਵਿਸ਼ੇਸ਼ ਐਂਬੂਲੈਂਸ ਵਿਚ ਸ਼ਮਸ਼ਾਨਘਾਟ ਵਿਚ ਪਹੁੰਚਾਉਣ ਲਈ ਜ਼ਿੰਮੇਵਾਰ ਹੋਵੇਗਾ।
9. ਸਬੰਧਤ ਨਗਰ ਨਿਗਮ, ਨਗਰ ਕੌਂਸਲ ਜ਼ਿਲਾ ਜਲੰਧਰ ਇਸ ਉਦੇਸ਼ ਲਈ ਟੀਮ ਸਮੇਤ ਇਕ ਨੋਡਲ ਅਧਿਕਾਰੀ ਦਾ ਗਠਨ ਕਰੇਗਾ।
10. ਸਬੰਧਤ ਨਗਰ ਨਿਗਮ, ਨਗਰ ਕੌਂਸਲ, ਗ੍ਰਾਮ ਪੰਚਾਇਤ ਵੱਲੋਂ ਗਠਿਤ ਟੀਮ ਅੰਤਿਮ ਸੰਸਕਾਰ ਲਈ ਜ਼ਰੂਰੀ ਸਾਮਾਨ, ਸਮੱਗਰੀ, ਲੱਕੜੀ ਆਦਿ ਮੁਹੱਈਆ ਕਰਵਾਏਗੀ। ਜੇ ਪਰਿਵਾਰ ਇਹ ਪ੍ਰਬੰਧ ਖੁਦ ਕਰਨਾ ਚਾਹੇ ਤਾਂ ਉਸ ਨੂੰ ਇਹ ਅਧਿਕਾਰ ਹੋਵੇਗਾ।
11. ਅਜਿਹੇ ਸ਼ਮਸ਼ਾਨਘਾਟ ਨੂੰ ਪਹਿਲ ਦਿੱਤੀ ਜਾਵੇ ਜਿਥੇ ਇਲੈਕਟ੍ਰਿਕ ਮਸ਼ੀਨ ਜਾਂ ਗੈਸ ਮਸ਼ੀਨ ਦੀ ਸਹੂਲਤ ਹੋਵੇ।
12. ਡਿਪਟੀ ਕਮਿਸ਼ਨਰ ਜਲੰਧਰ ਨੇ ਹੁਕਮ ਦਿੱਤੇ ਹਨ ਕਿ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਜਾਂ ਦਫਨ ਕਰਨ ਲਈ ਕਿਸੇ ਵੀ ਸ਼ਮਸ਼ਾਨਘਾਟ/ਕਬਰਿਸਤਾਨ ਦੀ ਕਮੇਟੀ ਇਨਕਾਰ ਨਹੀਂ ਕਰ ਸਕਦੀ। ਅਜਿਹਾ ਕਰਨ 'ਤੇ ਨਿਯਮਾਂ ਅਨੁਸਾਰ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮੰਗੇ 10 ਹਜ਼ਾਰ 'ਪ੍ਰਾਈਵੇਟ ਸਕਿਓਰਿਟੀ ਗਾਰਡ'      


author

Gurminder Singh

Content Editor

Related News