ਕੋਰੋਨਾ ਵਾਇਰਸ : ਨਾਕੇ ਤੋਂ ਸਿਰਫ਼ 20 ਮੀਟਰ ਦੀ ਦੂਰੀ ’ਤੇ ਸੜਕ ’ਤੇ ਹੀ ਛਲਕਦੇ ਹਨ ਜਾਮ
Friday, Jul 17, 2020 - 07:12 AM (IST)
ਜਲੰਧਰ, (ਸੁਨੀਲ)- ਜਿੱਥੇ ਸਾਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਕਾਰਨ ਦੁਖੀ ਅਤੇ ਪ੍ਰੇਸ਼ਾਨ ਹੈ ਅਤੇ ਲੋਕਾਂ ਦੀ ਪ੍ਰੇਸ਼ਾਨੀ ਘੱਟ ਕਰਣ ਲਈ ਸਰਕਾਰ ਅਤੇ ਪ੍ਰਸ਼ਾਸਨ ਕਾਰਜ ਕਰ ਰਹੇ ਹਨ ਕਿ ਕੋਰੋਨਾ ਸ਼ਹਿਰ ਅਤੇ ਦੇਸ਼ ਵਿਚ ਫੈਲਣ ਤੋਂ ਰੋਕਿਆ ਜਾ ਸਕੇ।
ਉੱਥੇ ਹੀ ਮਕਸੂਦਾਂ ਥਾਣੇ ਅਧੀਨ ਆਉਂਦੇ ਪਿੰਡਾਂ ਦੇ ਸ਼ਰਾਬ ਪੀਣ ਦੇ ਸ਼ੌਕੀਨਾਂ ਨੇ ਤਾਂ ਸੜਕ ਨੂੰ ਹੀ ਬਾਰ ਬਣਾ ਦਿੱਤਾ ਹੋਇਆ ਹੈ ਅਤੇ ਨਿਰਭੈ ਹੋ ਕੇ ਲੋਕ ਸੜਕਾਂ ਉੱਤੇ ਸ਼ਰਾਬ ਅਤੇ ਬੀਅਰ ਪੀਂਦੇ ਨਜ਼ਰ ਆਉਂਦੇ ਹਨ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਠੇਕੇ ਤੋਂ ਸਿਰਫ਼ 20 ਮੀਟਰ ਦੀ ਦੂਰੀ ਉੱਤੇ ਮਕਸੂਦਾਂ ਪੁਲਸ ਦਾ ਨਾਕਾ ਹਰ ਸਮੇਂ ਲਗਾ ਰਹਿੰਦਾ ਹੈ ਪਰ ਲੋਕ ਅਤੇ ਸ਼ਰਾਬ ਦੇ ਠੇਕੇ ਵਾਲਿਆਂ ਨੂੰ ਵੀ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਹੈ । ਸਰਕਾਰ ਨੇ ਤਾਂ ਇਥੇ ਤੱਕ ਹੁਕਮ ਜਾਰੀ ਕੀਤੇ ਹੋਏ ਹਨ ਕਿ ਇਕ ਜਗ੍ਹਾ ਉੱਤੇ 5 ਤੋਂ ਜ਼ਿਆਦਾ ਵਿਅਕਤੀ ਇੱਕਠੇ ਨਾ ਹੋਣ। ਪਿੰਡ ਬੁਲੰਦਪੁਰ ਵਿਚ ਸ਼ਰਾਬ ਪੀਣ ਦੇ ਸ਼ੌਕੀਨ ਤਾਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਿਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਉਂਦੇ ਹਨ। ਸ਼ਰਾਬ ਦੇ ਠੇਕੇ ਕੋਲੋਂ ਪਿੰਡ ਨੂੰ ਜਾਣ ਵਾਲੇ ਲੋਕਾਂ ਨੂੰ ਇਸ ਕਰ ਕੇ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੇ ਤਾਂ ਪਿੰਡ ਦੇ ਸਰਪੰਚ ਨੂੰ ਵੀ ਇਸ ਬਾਰੇ ਸ਼ਿਕਾਇਤ ਕੀਤੀ ਹੈ ।
ਕਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਉੱਤੇ ਹੋਵੇਗੀ ਕਾਨੂੰਨੀ ਕਾੱਰਵਾਈ : ਐੱਸ. ਐੱਚ. ਓ.
ਮਕਸੂਦਾਂ ਥਾਣੇ ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਗਾਇਡਲਾਇੰਸ ਦੀ ਜੇਕਰ ਕੋਈ ਧੱਜੀਆਂ ਉਡਾਉਂਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।