ਹਰਜੀਤ ਸਿੰਘ ਦਾ ਹੱਥ ਜੋੜਨ ਵਾਲੇ 7 ਡਾਕਟਰਾਂ ਤੇ 108 ਪੁਲਸ ਮੁਲਾਜ਼ਮਾਂ ਦੀ ਡੀ. ਜੀ. ਪੀ. ਐਵਾਰਡ ਲਈ ਚੋਣ

Sunday, May 03, 2020 - 08:01 PM (IST)

ਹਰਜੀਤ ਸਿੰਘ ਦਾ ਹੱਥ ਜੋੜਨ ਵਾਲੇ 7 ਡਾਕਟਰਾਂ ਤੇ 108 ਪੁਲਸ ਮੁਲਾਜ਼ਮਾਂ ਦੀ ਡੀ. ਜੀ. ਪੀ. ਐਵਾਰਡ ਲਈ ਚੋਣ

ਜਲੰਧਰ/ਚੰਡੀਗੜ੍ਹ (ਧਵਨ) : ਕੋਵਿਡ-19 ਖਿਲਾਫ ਜੰਗ 'ਚ ਸ਼ਲਾਘਾਯੋਗ ਸੇਵਾਵਾਂ ਦੇ ਰਹੇ ਪੁਲਸ ਕਰਮਚਾਰੀਆਂ ਅਤੇ ਡਾਕਟਰਾਂ ਦਾ ਸਨਮਾਨ ਕਰਨ ਦੇ ਫੈਸਲੇ ਨੂੰ ਦੇਖਦੇ ਹੋਏ ਪੰਜਾਬ ਪੁਲਸ ਨੇ ਸਬ ਇੰਸਪੈਕਟਰ ਹਰਜੀਤ ਸਿੰਘ ਦਾ ਆਪ੍ਰੇਸ਼ਨ ਕਰਨ ਵਾਲੇ ਪੀ. ਜੀ. ਆਈ. ਚੰਡੀਗੜ੍ਹ ਦੇ 7 ਡਾਕਟਰਾਂ, ਇਕ ਨਰਸ ਅਤੇ ਪੰਜਾਬ ਪੁਲਸ ਦੇ 108 ਜਵਾਨਾਂ ਦੀ ਚੋਣ ਪੰਜਾਬ ਡੀ. ਜੀ. ਪੀ. ਆਨਰ ਐਂਡ ਡਿਸਕ ਐਵਾਰਡ ਲਈ ਕੀਤੀ ਹੈ। ਡੀ. ਜੀ. ਪੀ. ਦਿਨਕਰ ਗੁਪਤਾ ਮੁਤਾਬਕ ਪੀ. ਜੀ. ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਦੇ 4 ਡਾਕਟਰਾਂ ਡਾ. ਮੋਸੀਨਾ ਸੁਬੇਰ, ਡਾ. ਗੌਤਮ ਕਮਪਾਲੀ, ਡਾ. ਅੰਸ਼ੂ ਤਿਵਾੜੀ ਅਤੇ ਡਾ. ਤਾਰੁਸ਼ ਗੁਪਤਾ ਅਤੇ ਪੀ. ਜੀ. ਆਈ. ਦੇ ਐਨੇਥੀਸੀਆ ਵਿਭਾਗ ਦੇ 3 ਡਾਕਟਰਾਂ ਡਾ. ਨਿਧੀ ਪਾਂਡਾ, ਡਾ. ਰਾਸ਼ੀ ਸਰਨਾ ਅਤੇ ਡਾ. ਕੋਨਿਕਾ ਚਿਟੋਰੀਆ ਨੂੰ ਡੀ. ਜੀ. ਪੀ. ਐਵਾਰਡ ਲਈ ਚੁਣਿਆ ਗਿਆ ਹੈ। ਪੀ. ਜੀ. ਆਈ. ਦੇ ਸਟਾਫ ਨੇ ਸਬ ਇੰਸਪੈਕਟਰ ਹਰਜੀਤ ਸਿੰਘ 'ਤੇ ਨਿਹੰਗਾਂ ਵਲੋਂ ਪਟਿਆਲੇ 'ਚ ਕੀਤੇ ਗਏ ਹਮਲੇ ਤੋਂ ਬਾਅਦ 12 ਅਤੇ 14 ਅਪ੍ਰੈਲ ਨੂੰ ਉਨ੍ਹਾਂ ਦੇ ਦੋ ਸਫਲ ਆਪ੍ਰੇਸ਼ਨ ਕੀਤੇ ਸਨ। ਹਰਜੀਤ ਸਿੰਘ ਨੂੰ ਕੁਝ ਦਿਨਾਂ ਬਾਅਦ ਪੀ. ਜੀ. ਆਈ. ਤੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਹਰਜੀਤ ਸਿੰਘ ਦਾ ਇਲਾਜ ਕਰਨ ਵਾਲੀ ਇਕ ਟੀਮ ਨੂੰ ਪਹਿਲਾਂ ਵੀ ਐਵਾਰਡ ਦਿੱਤਾ ਜਾ ਚੁੱਕੀ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਐਲਾਨ, 4 ਮਈ ਤੋਂ ਮੁੜ ਸ਼ੁਰੂ ਹੋਵੇਗਾ ਟੋਲ ਟੈਕਸ

ਦਿਨਕਰ ਗੁਪਤਾ ਮੁਤਾਬਕ ਐਵਾਰਡ ਲਈ ਚੁਣੇ ਗਏ 108 ਪੁਲਸ ਜਵਾਨਾਂ ਅਤੇ ਅਧਿਕਾਰੀਆਂ 'ਚ 4 ਏ. ਐੱਸ. ਪੀ., 14 ਡੀ. ਐੱਸ. ਪੀ., 14 ਇੰਸਪੈਕਟਰ, 13 ਸਬ ਇੰਸਪੈਕਟਰ, 21 ਸਹਾਇਕ ਸਬ ਇੰਸਪੈਕਟਰ, 42 ਹੈੱਡ ਕਾਂਸਟੇਬਲ ਸ਼ਾਮਲ ਹਨ ਜੋ ਕਿ ਸੂਬੇ ਦੇ 27 ਮਾਲੀਆ ਅਤੇ ਪੁਲਸ ਜ਼ਿਲਿਆਂ 'ਚ ਫੈਲੇ ਹੋਏ ਹਨ। ਡੀ. ਜੀ. ਪੀ. ਐਵਾਰਡ ਦੀ ਤੀਜੀ ਸੀਰੀਜ਼ 'ਚ 121 ਆਊਟਸਟੈਂਟਿੰਗ ਅਧਿਕਾਰੀਆਂ, ਡਾਕਟਰਾਂ, ਨਰਸਿੰਗ ਸਟਾਫ, ਹਸਪਤਾਲ ਦੇ ਅਟੈਂਡੈਂਡਟਸ ਅਤੇ ਹੋਰ ਲੋਕਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਨੇ ਮਨੁੱਖੀ ਆਧਾਰ 'ਤੇ ਕੋਰੋਨਾ ਵਾਇਰਸ ਖਿਲਾਫ ਜੰਗ 'ਚ ਸਰਬੋਤਮ ਭੂਮਿਕਾ ਅਦਾ ਕੀਤੀ।

ਇਹ ਵੀ ਪੜ੍ਹੋ : ਹੰਦਵਾੜਾ 'ਚ ਸ਼ਹੀਦ ਹੋਇਆ ਮਾਨਸਾ ਦਾ ਰਾਜੇਸ਼, ਪੰਜਾਬ ਸਰਕਾਰ ਨੇ ਕੀਤਾ ਇਹ ਫੈਸਲਾ    

ਡੀ. ਜੀ. ਪੀ. ਮੁਤਾਬਕ ਲੁਧਿਆਣਾ ਗ੍ਰਾਮੀਣ ਦੇ ਪੁਲਸ ਹਸਪਤਾਲ 'ਚ ਤਾਇਨਾਤ ਮੈਡੀਕਲ ਅਫਸਰ ਡਾ. ਅਮਨ ਸ਼ਰਮਾ ਨੇ ਲਗਾਤਾਰ ਪੁਲਸ ਥਾਣੇ ਦੇ ਜਵਾਨਾਂ ਅਤੇ ਅਧਿਕਾਰੀਆਂ ਦਾ ਮੈਡੀਕਲ ਪਰੀਖਣ ਕੀਤਾ ਸੀ, ਇਸ ਲਈ ਉਸ ਦੀ ਸਰਬੋਤਮ ਸੇਵਾ ਨੂੰ ਦੇਖਦੇ ਹੋਏ ਉਸ ਦੀ ਚੋਣ ਕੀਤੀ ਗਈ। ਫਾਜ਼ਿਲਕਾ ਦੀ ਡਾ. ਸੁਨੀਤਾ ਰਾਣੀ ਨੂੰ ਸਿਵਲ ਸਰਜਨ ਨੇ ਨੋਡਲ ਅਫਸਰ ਨਾਲ ਅਟੈਚ ਕੀਤਾ ਸੀ ਅਤੇ ਉਨ੍ਹਾਂ ਨੇ ਕੋਰੋਨਾ ਵਾਇਰਸ ਰੋਗੀਆਂ ਦਾ ਪਤਾ ਲਗਾਉਣ ਲਈ ਉਨ੍ਹਾਂ ਨੂੰ ਕੁਆਰੰਟਾਈਨ ਕਰਨ ਅਤੇ ਸ਼ੱਕੀ ਲੋਕਾਂ ਦੇ ਟੈਸਟ ਕਰਨ 'ਚ ਸ਼ਲਾਘਾਯੋਗ ਯੋਗਦਾਨ ਪਾਇਆ। ਸਿਵਲ ਸਰਜਨ ਦਫਤਰ ਤਰਨਤਾਰਨ 'ਚ ਤਾਇਨਾਤ ਜ਼ਿਲਾ ਮਹਾਮਾਰੀ ਮਾਹਰ ਡਾ. ਬਿਧੀਲੋਰਡ ਸਿੰਘ ਨੇ ਨਿੱਜੀ ਤੌਰ 'ਤੇ ਕੋਰੋਨਾ ਵਾਇਰਸ ਦੇ ਸੈਂਪਲ ਆਪਣੇ ਨਿਰੀਖਣ 'ਚ ਕਰਵਾਏ ਅਤੇ ਜ਼ਮੀਨੀ ਪੱਧਰ ਟੈਸਟ ਕਰਵਾਉਣ 'ਚ ਅਹਿਮ ਯੋਗਦਾਨ ਪਾਇਆ। ਇਸੇ ਤਰ੍ਹਾਂ ਫਰੀਦਕੋਟ ਦੇ ਸਮਾਜ ਸੇਵਕ ਪ੍ਰਵੀਣ ਕੁਮਾਰ ਕਾਲਾ ਨੇ ਐੱਨ. ਜੀ. ਓਜ਼ ਨਾਲ ਤਾਲਮੇਲ ਸਥਾਪਿਤ ਕਰਦੇ ਹੋਏ ਸਾਰਿਆਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕੀਤਾ ਅਤੇ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ, ਤਿਆਰ ਭੋਜਨ ਅਤੇ ਦਵਾਈਆਂ ਮੁਹੱਈਆ ਕਰਵਾਇਆ। ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ''ਚ ਕੋਰੋਨਾ ਵਾਇਰਸ ਕਾਰਨ 21ਵੀਂ ਮੌਤ    

ਅੰਮ੍ਰਿਤਸਰ ਗ੍ਰਾਮੀਣ ਦੇ ਏ. ਐੱਸ. ਆਈ. ਰਫੀ ਮੁਹੰਮਦ ਨੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ। ਇਥੋਂ ਤੱਕ ਕਿ ਉਸ ਨੇ ਆਪਣੀ ਤਨਖਾਹ ਵੀ ਲੋੜਵੰਦ ਲੋਕਾਂ ਲਈ ਭੋਜਨ ਦਾ ਪ੍ਰਬੰਧ ਕਰਨ 'ਚ ਲਗਾ ਦਿੱਤੀ। ਸਬ ਇੰਸਪੈਕਟਰ ਪ੍ਰਭਜੋਤ ਕੌਰ ਨੇ ਲੋਕਾਂ ਦੇ ਅੰਦਰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਕੋਰੋਨਾ ਵਾਇਰਸ ਦੇ ਖਿਲਾਫ ਸੁਰੱਖਿਆਤਮਕ ਉਪਾਅ ਨੂੰ ਲੈ ਕੇ ਜਾਗਰੂਕਤਾ ਪੈਦਾ ਕੀਤੀ ਅਤੇ ਘਰ-ਘਰ ਜਾ ਕੇ ਦਵਾਈਆਂ ਵੰਡੀਆਂ। ਜਲੰਧਰ ਗ੍ਰਾਮੀਣ ਦੀ ਏ. ਐੱਸ. ਪੀ. ਅੰਕੁਰ ਗੁਪਤਾ ਨੇ 24 ਘੰਟੇ ਲੋਕਾਂ ਨੂੰ ਤਿਆਰ ਭੋਜਨ ਅਤੇ ਡ੍ਰਾਈ ਰਾਸ਼ਨ ਉਪਲਬਧ ਕਰਵਾਇਆ। ਕੀਰਤਪੁਰ ਦੇ ਐੱਸ. ਐੱਚ. ਓ. ਸੰਨੀ ਖੰਨਾ ਨੇ ਕੀਰਤਪੁਰ ਸਾਹਿਬ ਖੇਤਰ 'ਚ ਪਿੰਡਾਂ ਨੂੰ ਸੈਲਫ ਆਈਸੋਲੇਸ਼ਨ ਦਾ ਪਾਠ ਪੜ੍ਹਾਇਆ, ਬਟਾਲਾ ਦੇ ਸਪੈਸ਼ਲ ਬ੍ਰਾਂਚ ਦੇ ਡੀ. ਐੱਸ. ਪੀ. ਪ੍ਰੇਮ ਕੁਮਾਰ ਅਤੇ ਗੁਰਦਾਸਪੁਰ ਦੇ ਡੀ. ਐੱਸ. ਪੀ. ਰਾਜੇਸ਼ ਕੱਕੜ ਨੇ ਐੱਨ. ਜੀ. ਓਜ਼ ਨਾਲ ਮਿਲ ਕੇ 2500 ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ। ਅੰਮ੍ਰਿਤਸਰ ਗ੍ਰਾਮੀਣ ਦੇ ਏ. ਐੱਸ. ਆਈ. ਨਰਿੰਦਰ ਸਿੰਘ ਨੇ ਆਪਣੇ ਖੇਤਰ 'ਚ ਅਪ੍ਰਵਾਸੀ ਲੋਕਾਂ ਤੱਕ ਡ੍ਰਾਈ ਰਾਸ਼ਨ ਅਤੇ ਵਾਲੰਟੀਅਰਸ ਦੀ ਮਦਦ ਨਾਲ 500 ਮਾਸਕ ਉਪਲਬਧ ਕਰਵਾਏ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ, ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੋਈ 50    


author

Gurminder Singh

Content Editor

Related News