ਕੋਰੋਨਾ ਵਾਇਰਸ ਦੇ ਲੱਛਣਾਂ ਦਾ ਪਤਾ ਲੱਗਣ ’ਤੇ ਹਸਪਤਾਲ ’ਚੋਂ ਭੱਜਿਆ ਸ਼ੱਕੀ ਮਰੀਜ਼
Thursday, Mar 05, 2020 - 02:36 PM (IST)
ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ ਦੇ ਸਿਵਲ ਹਸਪਤਾਲ ਚ ਉਸ ਸਮੇਂ ਹਫੜਾ-ਤਫੜੀ ਮੱਚ ਗਈ, ਜਦੋਂ ਇਕ ਮਰੀਜ਼ ਕੋਰੋਨਾ ਵਾਇਰਸ ਦੇ ਲੱਛਣਾਂ ਦਾ ਸੁਣਦੇ ਸਾਰ ਹਸਪਤਾਲ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਉਕਤ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਆਇਆ ਸੀ। ਇਲਾਜ ਕਰਵਾਉਣ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੀ ਬੀਮਾਰੀ ਦੇ ਲੱਛਣ ਕੋਰੋਨਾ ਵਾਇਰਸ ਨਾਂ ਦੀ ਬੀਮਾਰੀ ਵਰਗੇ ਹਨ। ਇਸੇ ਕਰਕੇ ਉਸ ਨੂੰ ਹਸਪਤਾਲ ’ਚ ਉਸ ਸਮੇਂ ਤੱਕ ਅੰਡਰਬ੍ਰਿਜ਼ ਰੱਖਿਆ ਜਾਵੇਗਾ, ਜਦੋਂ ਤੱਕ ਉਸ ਦੀ ਰਿਪੋਰਟ ਨਹੀਂ ਆ ਜਾਂਦੀ। ਇਹ ਗੱਲ ਸੁਣਦੇ ਸਾਰ ਉਕਤ ਮਰੀਜ਼ ਹਸਪਤਾਲ ਤੋਂ ਮੌਕੇ ਤੋਂ ਫਰਾਰ ਹੋ ਗਿਆ ਪਰ ਕੁਝ ਸਮੇਂ ਬਾਅਦ ਉਹ ਵਾਪਸ ਵੀ ਆ ਗਿਆ।
ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਉਥੇ ਮੌਜੂਦ ਸਟਾਫ ਮੈਂਬਰਾਂ ਨੇ ਮਰੀਜ਼ ਨੂੰ ਸਮਝਾਉਂਦੇ ਹੋਏ ਕਿਹਾ ਕਿ ਹੋ ਸਕਦਾ ਹੈ ਕਿ ਉਸ ਨੂੰ ਕੋਰੋਨਾ ਵਾਇਰਸ ਨਾ ਹੋਵੇ ਪਰ ਉਸ ਨੂੰ ਆਪਣੇ ਅਤੇ ਦੂਸਰੇ ਲੋਕਾਂ ਦੀ ਭਲਾਈ ਦੇ ਲਈ ਟੈਸਟ ਕਰਵਾਉਣਾ ਚਾਹੀਦਾ ਹੈ, ਜੋ ਬਹੁਤ ਜ਼ਰੂਰੀ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਣ ਤੋਂ ਬਾਅਦ ਉਹ ਵਾਪਸ ਸਿਵਲ ਹਸਪਤਾਲ ਆ ਗਿਆ। ਦੱਸ ਦੇਈਏ ਕਿ ਉਕਤ ਮਰੀਜ਼ ਨੂੰ ਖਾਂਸੀ, ਬੁਖਾਰ ਅਤੇ ਜ਼ੁਕਾਮ ਦੀ ਸ਼ਿਕਾਇਤ ਸੀ ਅਤੇ ਉਹ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਭਾਰਤ ਆਇਆ ਸੀ। ਹਸਪਤਾਲ ਦੇ ਸਟਾਫ ਨੇ ਕਿਹਾ ਕਿ ਜਦੋਂ ਤੱਕ ਉਕਤ ਸ਼ੱਕੀ ਮਰੀਜ਼ ਦੀ ਰਿਪੋਰਟ ਨਹੀਂ ਆ ਜਾਂਦੀ, ਉਸ ਸਮੇਂ ਤੱਕ ਉਹ ਕੁਝ ਨਹੀਂ ਕਹਿ ਸਕਦੇ। ਇਸ ਮਾਮਲੇ ਦੇ ਸਬੰਧ 'ਚ ਹਸਪਤਾਲ ਦਾ ਕੋਈ ਵੀ ਡਾਕਟਰ ਕੁਝ ਵੀ ਬੋਲਣ ਨੂੰ ਤਿਆਰ ਨਹੀਂ।