ਸਦਮਿਆਂ ਦੇ ਦੌਰ ’ਚ ਮਹਾ-ਸਦਮਾ ‘ਕੋਰੋਨਾ ਵਾਇਰਸ’

04/02/2020 10:42:32 AM

ਡਾ. ਪਰਮਜੀਤ ਸਿੰਘ ਕੱਟੂ
7087320578

ਦੁਨੀਆਂ ਏਨੀ ਤੇਜ਼ੀ, ਖੁਫੀਆ ਤੇ ਚਾਲਬਾਜ਼ੀ ਨਾਲ ਬਦਲ ਰਹੀ ਹੈ ਕਿ ਆਮ ਮਨੁੱਖ ਨੂੰ ਪਤਾ ਹੀ ਨਹੀਂ ਲਗਦਾ, ਕਦੋਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਉਹ ਖਲਾਅ ਵਿਚ ਉਹ ਕਦੋਂ ਲਟਕ ਜਾਂਦਾ ਹੈ ਅਤੇ ਸਦਮੇ ਦਾ ਸ਼ਿਕਾਰ ਹੋ ਜਾਂਦਾ ਹੈ। ਮਨੁੱਖ ਅਤੇ ਵਿਸ਼ਵ ਹਰ ਵੇਲੇ ਕਿਸੇ ਨਾ ਕਿਸੇ ਸਦਮੇ ਦਾ ਸ਼ਿਕਾਰ ਹੀ ਰਹਿੰਦਾ ਹੈ। ਸਦਮਾ ਮਨੁੱਖ ਨੂੰ ਅਤੇ ਵਿਸ਼ਵ ਨੂੰ ਸੁੰਨ ਕਰ ਦਿੰਦਾ ਹੈ। ਜਦੋਂ ਤੁਸੀਂ ਸਦਮੇ ਦਾ ਸ਼ਿਕਾਰ ਹੁੰਦੇ ਹੋ ਤਾਂ ਤੁਹਾਡੀਆਂ ਤਮਾਮ ਗਿਆਨ ਇੰਦਰੀਆਂ ਸੁੰਨ ਹੋ ਜਾਂਦੀਆਂ ਨੇ ਅਤੇ ਤੁਹਾਡੇ ਤੋਂ ਕੋਈ ਵੀ ਆਪਣੀ ਗੱਲ ਮੰਨਵਾ ਸਕਦਾ ਹੈ। ਸਦਮੇ ਦੀ ਕੋਈ ਵੀ ਕਿਸਮ ਹੋ ਸਕਦੀ ਹੈ ਇਹ ਸਰੀਰਕ ਵੀ ਹੋ ਸਕਦਾ ਹੈ, ਮਾਨਸਿਕ ਵੀ ਜਾਂ ਵਿਚਾਰਧਾਰਕ ਵੀ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਜਮਹੂਰੀ ਕਹਾਉਣ ਵਾਲੀਆਂ ਧਿਰਾਂ ਅਕਸਰ ਆਪਣੇ ਵਿਰੋਧੀਆਂ ਨੂੰ ਸਦਮੇ ਦੇ ਕੇ ਆਪਣੀਆਂ ਗੱਲਾਂ ਮੰਗਵਾਉਂਦੀਆਂ ਰਹੀਆਂ ਹਨ। 

ਵਿਸ਼ਵ ਗਲੋਬਲ ਵਾਰਮਿੰਗ, ਆਰਥਿਕ ਮੰਦਵਾੜਾ, ਅੰਤਰਰਾਸ਼ਟਰੀ ਪ੍ਰਵਾਸ, ਗੁਰਬਤ, ਐਟਮੀ ਬੰਬ, ਘੱਟ-ਗਿਣਤੀਆਂ ਦੇ ਸੰਕਟ ਭਰੇ ਕਿੰਨੇ ਸਦਮਿਆਂ ਵਿਚੋਂ ਲੰਘ ਰਿਹਾ ਸੀ। ਐਨ ਏਸੇ ਵੇਲੇ ਕੋਰੋਨਾ ਵਾਇਰਸ ਦਾ ਮਹਾਂ ਸਦਮਾ ਪੂਰੇ ਵਿਸ਼ਵ ਨੂੰ ਝਟਕਾ ਦੇ ਦਿੰਦਾ ਹੈ। ਬਾਕੀ ਸਦਮੇ ਨਿੱਕੇ ਲੱਗਣ ਲੱਗ ਪਏ ਹਨ।

ਪੁਸਤਕ ‘ਸਦਮਾ ਸਿਧਾਂਤ’ 
‘ਦਿ ਸ਼ੌਕ ਡੌਕਟਰਾਈਨ : ‘ਦਿ ਰਾਈਜ਼ ਔਫ ਡਿਜ਼ਾਸਟਰ ਕੈਪੀਟਲਿਮਜ਼’ ਦਾ ਪੰਜਾਬੀ ਵਿਚ ਅਨੁਵਾਦ ‘ਸਦਮਾ ਸਿਧਾਂਤ : ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ’ ਕੈਨੇਡੀਅਨ ਲੇਖਕ, ਫਿਲਮਕਾਰ, ਸਮਾਜਿਕ ਕਾਰਕੁਨ ਤੇ ਰਾਜਸੀ ਚਿੰਤਕ ਨੈਓਮੀ ਕਲੇਨ ਦੀ 2007 ਵਿਚ ਪ੍ਰਕਾਸ਼ਿਤ ਹੋਈ ਵਿਸ਼ਵ ਪ੍ਰਸਿੱਧ ਖੋਜ ਪੁਸਤਕ ਹੈ। ਨੈਓਮੀ ਕਲੇਨ ਕਾਰਪੋਰੇਟ ਸਰਮਾਏਦਾਰੀ ਦੀਆਂ ਸਮਕਾਲੀ ਕਾਰਵਾਈਆਂ ਦਾ ਪਰਦਾਫਾਸ਼ ਕਰਨ ਲਈ ਸਦਮਿਆਂ ਨੂੰ 3 ਹਿੱਸਿਆਂ ਵਿਚ ਵੰਡਦੀ ਹੈ। ਲੇਖਿਕਾ ਅਨੁਸਾਰ ਪਹਿਲਾ ਸਦਮਾ ਜੰਗਾਂ, ਦਹਿਸ਼ਤਵਾਦੀ ਹਮਲਿਆਂ, ਰਾਜ-ਪਲਟਿਆਂ ਅਤੇ ਕੁਦਰਤੀ ਆਫ਼ਤਾਂ ਦਾ ਹੈ। ਦੂਜਾ ਸਦਮਾ ਪਹਿਲੇ ਸਦਮੇ ਨੂੰ ਆਪਣੀਆਂ ਖੁਫੀਆ ਤੇ ਰਾਜਸੀ ਚਾਲਾਂ ਰਾਹੀਂ ਹੋਰ ਤੀਖਣ ਕਰਕੇ ਬਹੁ-ਕੌਮੀ ਕਾਰਪੋਰੇਸ਼ਨਾਂ ਅਤੇ ਸਿਆਸਤਦਾਨ ਆਪਣੇ ਆਰਥਿਕ-ਰਾਜਸੀ ਹਿੱਤਾਂ ਦੀ ਪੂਰਤੀ ਕਰਦੇ ਹਨ। ਜਦੋਂ ਲੋਕ ਆਪਣੇ ਕੌਮੀ ਅਤੇ ਸਮਾਜਿਕ ਹਿੱਤ ਖ਼ਤਰੇ ਵਿਚ ਆਏ ਦੇਖਕੇ ਇਨ੍ਹਾਂ ਦੀ ਰਾਖੀ ਲਈ ਇਸ ਦਾ ਵਿਰੋਧ ਕਰਨ ਦੇ ਰਾਹ ਪੈਂਦੇ ਹਨ ਤਾਂ ਤੀਜੇ ਸਦਮੇ ਦੇ ਰੂਪ ਵਿਚ ਪੁਲਸ, ਫ਼ੌਜ ਅਤੇ ਜੇਲ੍ਹਾਂ ਦੇ ਤਫ਼ਤੀਸ਼ੀ ਅਧਿਕਾਰੀ ਸਦਮੇ ਤੋਂ ਪੀੜਤ ਸਮਾਜਾਂ ਉਪਰ ਜਬਰ-ਜ਼ੁਲਮ ਕਰਦੇ ਹਨ। ਨੈਓਮੀ ਸੀ.ਆਈ.ਏ. ਵਲੋਂ ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ’ਚ ਤਸੀਹਿਆਂ ਬਾਰੇ ਕਰਵਾਈ ਖੋਜ ਨੂੰ ਆਰੰਭ ਬਿੰਦੂ ਬਣਾਉਂਦੀ ਹੈ। ਫਿਰ ਉਹ ਚਾਰ ਦਹਾਕਿਆਂ ਦੌਰਾਨ ਇੰਡੋਨੇਸ਼ੀਆ, ਚਿੱਲੀ, ਅਰਜਨਟਾਈਨਾ, ਬੋਲੀਵੀਆ, ਉਰੂਗੁਏ, ਪੋਲੈਂਡ, ਰੂਸ, ਦੱਖਣੀ ਅਫ਼ਰੀਕਾ, ਸ੍ਰੀ ਲੰਕਾ, ਥਾਈਲੈਂਡ, ਦੱਖਣੀ ਕੋਰੀਆ, ਇਰਾਕ ਅਤੇ ਹੋਰ ਦੇਸ਼ਾਂ ’ਚ ਵਾਪਰੀਆਂ ਇਤਿਹਾਸਕ ਘਟਨਾਵਾਂ ਦਾ ਵਿਸਥਾਰ ਸਹਿਤ ਤੇ ਤੱਥਪੂਰਨ ਵੇਰਵਾ ਦਿੰਦੀ ਹੋਈ ਇਨ੍ਹਾਂ ਥਾਵਾਂ ‘ਤੇ ਸਦਮਾ ਸਿਧਾਂਤ ਨੂੰ ਅਮਲ ’ਚ ਆਉਂਦਾ ਦਰਸਾਉਂਦੀ ਹੈ। ਲੇਖਿਕਾ ਇਰਾਕ ਵਿਰੁੱਧ ਅਮਰੀਕਾ ਦੀ ਪੂਰੀ ਤਰ੍ਹਾਂ ਨਹੱਕੀ ਤੇ ਧਾੜਵੀ ਜੰਗ ਅਤੇ ਇਰਾਕ ਉੱਪਰ ਕਬਜ਼ੇ ਨੂੰ ਸਦਮਾ ਸਿਧਾਂਤ ਦੀ ਹਿੰਸਾ ਦੀ ਸਿਖ਼ਰ ਕਹਿੰਦੀ ਹੈ।

ਪੜ੍ਹੋ ਇਹ ਵੀ ਖਬਰ - ਕਰਫਿਊ ਦੌਰਾਨ ਲੋਕ ਘਰਾਂ ‘ਚ ਰਹਿ ਕੇ ਅੱਕੇ ਪਰ ਸੋਸ਼ਲ ਮੀਡੀਆ ਦੀ ਕਰ ਰਹੇ ਹਨ ਸੁਚੱਜੀ ਵਰਤੋਂ      
PunjabKesari

ਸੌਖੀ ਭਾਸ਼ਾ ’ਚ ਕਹਿਣਾ ਹੋਵੇ ਤਾਂ 3 ਤਰ੍ਹਾਂ ਦੇ ਸਦਮੇ ਨੇ – ਵਿਅਕਤੀਗਤ ਸਦਮੇ, ਸਟੇਟ ਦੇ ਸਦਮੇ ਤੇ ਕੁਦਰਤ ਦੇ ਸਦਮੇ। ਇਨ੍ਹਾਂ ਸਦਮਿਆਂ ਦਾ ਲਾਹਾ ਧਨਾਢ ਮੁਲਕ ਅਤੇ ਸਿਆਸਤਦਾਨ ਲੈਂਦੇ ਹਨ।

ਪੜ੍ਹੋ ਇਹ ਵੀ ਖਬਰ - ISIS ਦਾ ਸਿੱਖਾਂ 'ਤੇ ਹਮਲਾ ਅਤੇ ਕਾਬੁਲ 'ਚੋਂ ਗੁਆਚਦੀਆਂ ਸਿੱਖੀ ਦੀਆਂ ਪੈੜਾਂ : ਕਿਸ਼ਤ -1      

ਪੜ੍ਹੋ ਇਹ ਵੀ ਖਬਰ - ਭਾਰਤ ਤੇ ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, ਅਪ੍ਰੈਲ ਦੇ ਪਹਿਲੇ ਹਫ਼ਤੇ ਮਿਲਣਗੇ 2000 ਰੁਪਏ        

ਮਹਾਂ-ਸਦਮੇ ਦੇ ਮਹਾਂ-ਪ੍ਰਸ਼ਨ
ਇਹ ਸਿੱਧ ਹੋ ਚੁੱਕਾ ਹੈ ਕਿ ਸਦਮੇ ’ਚੋਂ ਮਨੁੱਖ ਫ਼ੈਸਲਾ ਕਰਨ ਦੀਆਂ ਸ਼ਕਤੀਆਂ ਅਤੇ ਸਮਰੱਥਾ ਖੋਹ ਲੈਂਦਾ ਹੈ ਤਾਂ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਕੋਰੋਨਾ ਵਾਇਰਸ ਦੇ ਸਦਮੇ ਵੇਲੇ ਅਸੀਂ ਕੀ-ਕੀ ਖੋ ਲਵਾਂਗੇ, ਕਿਉਂਕਿ ਇਹ ਤੀਸਰੇ ਵਿਸ਼ਵ ਯੁੱਧ ਵਰਗੀ ਸਥਿਤੀ ਬਣ ਚੁੱਕੀ ਹੈ। ਪਹਿਲੇ ਵਿਸ਼ਵ ਯੁੱਧਾਂ ’ਚ ਅਸੀਂ ਬਹੁਤ ਕੁਝ ਖੋਹਿਆ ਸੀ। ਉਨ੍ਹਾਂ ਸਦਮਿਆਂ ਨੇ ਮਨੁੱਖ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਤਿਹਾਸ ਦੇ ਪ੍ਰੋਫ਼ੈਸਰ ਰਾਬਰਟ ਵੋਲ ਨੇ ਆਪਣੀ ਕਿਤਾਬ ‘1914 ਦੀ ਪੀੜ੍ਹੀ’ ਵਿਚ ਲਿਖਿਆ, “ਜਿਨ੍ਹਾਂ ਨੇ ਇਸ ਯੁੱਧ ਨੂੰ ਵੇਖਿਆ ਸੀ, ਉਹ ਯਕੀਨ ਨਹੀਂ ਕਰ ਸਕਦੇ ਕਿ ਅਗਸਤ 1914 ਤੋਂ ਸੰਸਾਰ ਦਾ ਰੁਖ਼ ਬਦਲ ਗਿਆ ਹੈ।” ਇਤਿਹਾਸਕਾਰ ਨਾਰਮਨ ਕੈਨਟਰ ਲਿਖਦੇ ਹਨ, “ਹਰ ਜਗ੍ਹਾ ਲੋਕਾਂ ਦੇ ਚਾਲਚਲਨ ਦੇ ਸਤਰ, ਜੋ ਪਹਿਲਾਂ ਤੋਂ ਡਿੱਗਣੇ ਸ਼ੁਰੂ ਹੋ ਗਏ ਸਨ, ਹੁਣ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੇ ਹਨ।ਵੱਡੇ-ਵੱਡੇ ਨੇਤਾ ਅਤੇ ਸੈਨਾ ਦੇ ਜਰਨੈਲ ਆਪਣੇ ਅਧੀਨ ਲੱਖਾਂ ਲੋਕਾਂ ਨਾਲ ਇਸ ਤਰ੍ਹਾਂ ਪੇਸ਼ ਆਏ, ਮਾਨੋ ਉਹ ਹਲਾਲ ਕੀਤੇ ਜਾਣ ਵਾਲੇ ਜਾਨਵਰ ਹੋਣ। ਜਦ ਉਨ੍ਹਾਂ ਨੇ ਹੀ ਅਜਿਹਾ ਕੀਤਾ, ਤਾਂ ਭਲਾ ਧਰਮ ਦਾ ਜਾਂ ਸਹੀ-ਗਲਤ ਦਾ ਕਿਹੜਾ ਅਸੂਲ ਆਮ ਲੋਕਾਂ ਨੂੰ ਹਰ ਦਿਨ ਇਕ-ਦੂਸਰੇ ਨਾਲ ਜਾਨਵਰਾਂ ਵਰਗਾ ਸਲੂਕ ਕਰਨ ਤੋਂ ਰੋਕ ਸਕਦਾ ਹੈ? ਪਹਿਲੇ ਵਿਸ਼ਵਯੁੱਧ ਸਮੇਂ ਜਿਸ ਤਰ੍ਹਾਂ ਖ਼ੂਨ ਦੀਆਂ ਨਦੀਆਂ ਵਹਾਈਆਂ ਗਈਆਂ, ਉਸ ਨਾਲ ਇਨਸਾਨ ਦੀ ਜਾਨ ਦੀ ਕੀਮਤ ਇਕਦਮ ਘਟ ਗਈ।”  

ਹੁਣ ਸਵਾਲ ਹੈ ਕਿ ਕੋਰੋਨਾ ਵਾਇਰਸ ਜਿਸ ਨੂੰ ਅਸੀਂ ਮੌਤ ਮੰਨੀ ਬੈਠੇ ਹਾਂ ਇਸ ਸਦਮੇ ’ਚ ਕੌਣ ਕਿਸ ਤੋਂ ਕੀ-ਕੀ ਮਨਵਾ ਲਏਗਾ? ਜੇ ਇਹ ਕੋਈ ਰਾਜਸੀ ਚਾਲ ਸੀ ਤਾਂ ਕੀ ਹੁਣ ਇਹ ਰਾਜਸੀ ਚਾਲ ਨਾਲੋਂ ਵਧੇਰੇ ਕੁਦਰਤੀ ਕਰੋਪੀ ਹੋ ਗਿਆ ਹੈ? ਕੀ ਇਹ ਵਿਸ਼ਵ ਸ਼ਕਤੀਆਂ ਦੀ ਦੌੜ ਦਾ ਕੋਈ ਖਤਰਨਾਕ ਪੜਾਅ ਹੈ? ਕੀ ਅਜਿਹੇ ਮਾਹੌਲ ਬਾਰੇ ਲਿਖੀਆਂ ਗਈਆਂ ਪੁਸਤਕਾਂ ਜਾਂ ਬਣੀਆਂ ਫਿਲਮਾਂ ਮਹਿਜ਼ ਇਤਫਾਕ ਹਨ? ਕੀ ਇਹ ਤੀਜੇ ਵਿਸ਼ਵ ਯੁੱਧ ਵਰਗੀ ਕੋਈ ਹਾਲਤ ਹੈ? ਕੀ ਕੁਝ ਮੁਲਕਾਂ ’ਚ ਇਸ ਦਾ ਬਿਲਕੁਲ ਅਸਰ ਨਾ ਹੋਣਾ ਉਨ੍ਹਾਂ ਦੇ ਵਧੇਰੇ ਤੰਦਰੁਸਤ ਹੋਣ ਦਾ ਕੋਈ ਰਾਜ਼ ਹੈ? ਕੀ ਕੁਦਰਤੀ ਸਰੋਤਾਂ ਨੂੰ ਸਾਹ ਆਉਣ ਵਰਗੀ ਕੋਈ ਹਾਲਤ ਹੈ ਜਾਂ ਮਨੁੱਖ ਦਾ ਕੁਦਰਤ ਉਪਰ ਭਾਰੂ ਪੈ ਜਾਣ ਦਾ ਖਤਰਨਾਕ ਸੰਕੇਤ ਹੈ? ਬਿਨਾਂ ਸ਼ੱਕ ਇਸ ਵੇਲੇ ਬਚਾਅ ਵਿਚ ਹੀ ਬਚਾਅ ਵਾਲੀ ਸਥਿਤੀ ਬਣੀ ਹੋਈ ਹੈ ਪਰ ਗਰੀਬ ਮਨੁੱਖ ਤੇ ਬਜ਼ੁਰਗ ਕਿਸ ਤੋਂ ਬਚਣਗੇ? ਇਸ ਸਦਮੇ ਲਾਹਾ ਕੌਣ ਕੌਣ ਲਵੇਗਾ? 

ਪੜ੍ਹੋ ਇਹ ਵੀ ਖਬਰ - ਸ਼੍ਰੋਮਣੀ ਕਮੇਟੀ ਦੇ ਪ੍ਰਬੰਧਣ ’ਚ ਸਿਆਸੀ ਦਖਲ ਦੀ ਪੜਚੋਲ ਕਰਦੀਆਂ ਦੋ ਮਹੱਤਵਪੂਰਨ ਕਿਤਾਬਾਂ      

ਆਖਰੀ ਗੱਲ 
2013 ਦਾ ਦਿੱਲੀ ਕਲਾ ਮੇਲਾ ਦੇਖਿਆ ਤਾਂ ਆਹ ਤਸਵੀਰ ਵਾਲੀ ਕਲਾ ਕ੍ਰਿਤੀ ਬਹੁਤ ਖਿੱਚ ਪਾ ਰਹੀ ਸੀ, (Installation Artist Chiharu Shiota Casts a Tangled Web of Thread) ਸਾਡਾ ਹਾਲ ਬੇ-ਮਲਾਹੀ ਕਿਨਾਰੇ ਖੜ੍ਹੀ ਕਿਸ਼ਤੀ ਵਰਗਾ ਹੋ ਚੁੱਕਿਐ ਕਿ ਸਾਡੇ ਆਲੇ ਦੁਆਲੇ ਲਹੂ ਰੰਗਾ ਜਾਲ ਪਸਰਿਆ ਹੋਇਆ ਹੈ, ਜਿਸ ’ਤੇ ਚਾਬੀਆਂ ਹੀ ਚਾਬੀਆਂ ਹਨ, ਤਾਲਾ ਪਤਾ ਨਹੀਂ ਕਿੱਥੇ ਖੋ ਗਿਆ।
 


rajwinder kaur

Content Editor

Related News