ਵਾਹਗਾ-ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਪਰਤੇ 5 ਯਾਤਰੀਆਂ ''ਚੋਂ 3 ਕੋਰੋਨਾ ਪਾਜ਼ੇਟਿਵ

04/02/2020 1:07:19 AM

ਅੰਮ੍ਰਿਤਸਰ, (ਨੀਰਜ)- ਪੂਰੇ ਵਿਸ਼ਵ 'ਚ ਦਹਿਸ਼ਤ ਦਾ ਦੂਜਾ ਨਾਂ ਬਣ ਚੁੱਕੇ ਕੋਰੋਨਾ ਵਾਇਰਸ ਨੇ ਵਾਹਗਾ-ਅਟਾਰੀ ਬਾਰਡਰ 'ਤੇ ਵੀ ਦਸਤਕ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ 29 ਮਾਰਚ ਨੂੰ ਅਟਾਰੀ ਬਾਰਡਰ ਦੇ ਰਸਤੇ ਪਾਕਿਸਤਾਨ ਪਰਤੇ 5 ਯਾਤਰੀਆਂ 'ਚੋਂ 3 'ਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਪਾਕਿ ਰੇਂਜਰਸ ਨੇ ਵਾਹਗਾ-ਅਟਾਰੀ ਬਾਰਡਰ ਦੀ ਜ਼ੀਰੋ ਲਾਈਨ 'ਤੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਅਲਰਟ ਕਰ ਦਿੱਤਾ ਹੈ। ਪਾਕਿ ਰੇਂਜਰਸ ਦੇ ਇਸ ਮੈਸੇਜ ਤੋਂ ਬਾਅਦ ਅਟਾਰੀ ਬਾਰਡਰ 'ਤੇ ਤਾਇਨਾਤ ਸੁਰੱਖਿਆ ਏਜੰਸੀਆਂ ਦੇ ਹੱਥ-ਪੈਰ ਫੁੱਲ ਗਏ ਹਨ। ਅਟਾਰੀ ਬਾਰਡਰ 'ਤੇ ਤਾਇਨਾਤ ਬੀ. ਐੱਸ. ਐੱਫ., ਕਸਟਮ, ਇਮੀਗ੍ਰੇਸ਼ਨ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ ਅਤੇ ਬਾਰਡਰ 'ਤੇ ਤਾਇਨਾਤ ਮੈਡੀਕਲ ਟੀਮ ਨੇ ਸਾਰੀਆਂ ਏਜੰਸੀਆਂ ਦੇ ਅਧਿਕਾਰੀਆਂ ਨੂੰ ਚੈੱਕ ਕੀਤਾ। ਹਾਲਾਂਕਿ ਕਿਸੇ ਵੀ ਏਜੰਸੀ ਦੇ ਅਧਿਕਾਰੀ 'ਚ ਕੋਰੋਨਾ ਦੇ ਲੱਛਣ ਨਹੀਂ ਮਿਲੇ, ਜਿਸ ਨਾਲ ਥੋੜ੍ਹੀ ਰਾਹਤ ਮਿਲੀ ਹੈ।
ਸੂਤਰਾਂ ਅਨੁਸਾਰ ਪਾਕਿਸਤਾਨ ਤੋਂ ਦਿੱਲੀ 'ਚ ਇਕ ਪ੍ਰਾਈਵੇਟ ਹਸਪਤਾਲ 'ਚ ਇਹ ਯਾਤਰੀ ਆਪਣਾ ਇਲਾਜ ਕਰਵਾਉਣ ਵਿਸ਼ੇਸ਼ ਆਗਿਆ ਲੈ ਕੇ ਆਏ ਸਨ, ਜਦੋਂ ਵਾਪਸ ਪਾਕਿਸਤਾਨ ਪਰਤੇ ਤਾਂ ਪਾਕਿਸਤਾਨੀ ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਦਾ ਟੈਸਟ ਕੀਤਾ, ਜਿਸ ਵਿਚ ਇਨ੍ਹਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਪਾਕਿਸਤਾਨ ਤੋਂ ਆਏ ਯਾਤਰੀ ਵਾਪਸੀ ਦੇ ਸਮੇਂ ਕਿਸ ਟਰੇਨ, ਬੱਸ ਅਤੇ ਟੈਕਸੀ 'ਚ ਦਿੱਲੀ ਤੋਂ ਅਟਾਰੀ ਬਾਰਡਰ ਤੱਕ ਆਏ, ਉਸ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੇ ਕਿਨ੍ਹਾਂ ਲੋਕਾਂ ਨਾਲ ਸੰਪਰਕ ਕੀਤਾ, ਇਸ ਦਾ ਹੁਣ ਤੱਕ ਪਤਾ ਨਹੀਂ ਲੱਗਾ। ਪਾਕਿਸਤਾਨ ਆਪਣੇ ਯਾਤਰੀਆਂ 'ਚ ਕੋਰੋਨਾ ਪਾਜ਼ੇਟਿਵ ਹੋਣ ਬਾਰੇ ਸੱਚ ਦੱਸ ਰਿਹਾ ਹੈ ਜਾਂ ਝੂਠ, ਇਸ ਦੀ ਵੀ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


Bharat Thapa

Content Editor

Related News