ਕੋਰੋਨਾ ਦੇ ਹਾਲਾਤ ਹੋਣ ਲੱਗੇ ਬਦਤਰ, ਗਿੱਦੜਬਾਹਾ ਤੋਂ ਬਾਅਦ ਹੋਰਨਾਂ ਇਲਾਕਿਆਂ 'ਚ ਬੰਦ ਦਾ ਹੋ ਸਕਦੈ ਐਲਾਨ

Saturday, Jun 27, 2020 - 04:35 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਮਾਮਲਿਆਂ ਦੀ ਵਧਦੀ ਆਮਦ ਚੰਗਾ ਸੰਕੇਤ ਨਹੀਂ ਹੈ। 126 ਤੱਕ ਪੁੱਜ ਚੁੱਕਿਆ ਜ਼ਿਲ੍ਹਾ ਦਾ ਕੋਰੋਨਾ ਅੰਕੜਾ ਪ੍ਰਸ਼ਾਸ਼ਨ ਨੂੰ ਠੋਸ ਫ਼ੈਸਲੇ ਲਈ ਮਜਬੂਰ ਕਰਦਾ ਵਿਖਾਈ ਦੇ ਰਿਹਾ ਹੈ। ਜ਼ਿਲ੍ਹੇ ਦੇ ਮਲੋਟ, ਗਿੱਦੜਬਾਹਾ, ਲੰਬੀ ਤੇ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਮਾਮਲਿਆਂ ਦਾ ਗ੍ਰਾਫ ਵੱਧ ਗਿਆ ਹੈ, ਜਿਸਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਮੰਡੀ ਗਿੱਦੜਬਾਹਾ ਨੂੰ ਚਾਰ ਦਿਨਾਂ ਲਈ ਮੁਕੰਮਲ ਲਾਕਡਾਊਨ ਅਧੀਨ ਕਰ ਦਿੱਤਾ ਗਿਆ ਹੈ ਤੇ ਅਜਿਹਾ ਹੀ ਹਾਲ ਆਉਣ ਵਾਲੇ ਸਮੇਂ ਵਿਚ ਜ਼ਿਲ੍ਹੇ ਦੇ ਹੋਰਨਾਂ ਖੇਤਰਾਂ ਦਾ ਵੀ ਹੋ ਸਕਦਾ ਹੈ। 

ਸੂਤਰਾਂ ਮੁਤਾਬਿਕ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਕਿਸੇ ਤਕੜੇ ਫ਼ੈਸਲੇ ਲਈ ਵਿਚਾਰ ਅਧੀਨ ਹੈ, ਕਿਉਂਕਿ ਜ਼ਿਆਦਾਤਰ ਮਾਮਲੇ ਸ਼੍ਰੀ ਮੁਕਤਸਰ ਸਾਹਿਬ ਤੇ ਮਲੋਟ ਤੋਂ ਵੀ ਸਾਹਮਣੇ ਆਏ ਹਨ ਤੇ ਸ਼ਾਇਦ ਲਾਕਡਾਊਨ ਦਾ ਪ੍ਰਭਾਵ ਆਉਣ ਵਾਲੇ ਦਿਨਾਂ ਵਿਚ ਸ੍ਰੀ ਮੁਕਤਸਰ ਸਾਹਿਬ ਤੇ ਮਲੋਟ 'ਤੇ ਹਾਵੀ ਹੋ ਸਕਦਾ ਹੈ। ਹਾਲਾਂਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਵੱਲੋਂ ਕੋਰੋਨਾ ਮੱਦੇਨਜ਼ਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਤੇ ਜਲਦੀ ਹੀ ਲਾਕਡਾਊਨ ਸਬੰਧੀ ਅਗਲੇਰਾ ਫ਼ੈਸਲਾ ਜਨਤਾ ਅੱਗੇ ਆ ਸਕਦਾ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਬਜ਼ੁਰਗ ਔਰਤ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਬਾਬਤ ਲਾਕਡਾਊਨ ਸਬੰਧੀ ਕੋਈ ਠੋਸ ਫ਼ੈਸਲਾ ਸੁਣਾ ਸਕਦਾ ਹੈ।


Gurminder Singh

Content Editor

Related News