ਕੋਰੋਨਾ ਆਫ਼ਤ ਦੌਰਾਨ ਆਸ਼ਾ ਵਰਕਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

Wednesday, Sep 16, 2020 - 10:05 PM (IST)

ਕੋਰੋਨਾ ਆਫ਼ਤ ਦੌਰਾਨ ਆਸ਼ਾ ਵਰਕਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਕੋਵਿਡ-19 ਨਾਲ ਸਬੰਧਤ ਕਾਰਜਾਂ ਲਈ ਮਾਨਤਾ ਪ੍ਰਾਪਤ ਸੋਸ਼ਲ ਹੈਲਥ ਐਕਟੀਵਿਸਟਸ (ਆਸ਼ਾ) ਨੂੰ 1500 ਰੁਪਏ ਦਾ ਵਾਧੂ ਮਾਣ ਭੱਤਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਭਰ ਦੇ 20,000 ਤੋਂ ਵੱਧ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰ (17,174 ਪੇਂਡੂ ਆਸ਼ਾ ਵਰਕਰ, 2,532 ਸ਼ਹਿਰੀ ਆਸ਼ਾ ਵਰਕਰ ਅਤੇ 869 ਆਸ਼ਾ ਫੈਸਿਲੀਟੇਟਰ) ਵਲੋਂ ਕੋਵਿਡ-19 ਦੇ ਫੈਲਾਅ ਦੀ ਰੋਕਥਾਮ ਸਬੰਧੀ ਸਹਿਯੋਗ ਦੇਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਮਾਨਤਾ ਦਿੱਤੀ ਹੈ। ਇਸ ਵਿਚ ਕੋਵਿਡ-19 ਦੇ ਫੈਲਾਅ ਅਤੇ ਰੋਕਥਾਮ, ਸੰਪਰਕ ਟਰੇਸਿੰਗ, ਟੈਸਟਿੰਗ ਕਰਵਾਉਣ ਦੀ ਸਹੂਲਤ ਆਦਿ ਨਾਲ ਸਬੰਧਤ ਮੁੱਖ ਪਹਿਲੂਆਂ 'ਤੇ ਘਰ-ਘਰ ਜਾ ਕੇ ਜਾਗਰੂਕਤਾ ਫੈਲਾਉਣਾ ਸ਼ਾਮਲ ਹੈ।

ਇਹ ਵੀ ਪੜ੍ਹੋ :  ਵੱਡੀ ਖ਼ਬਰ : ਹਰਸਿਮਰਤ ਬਾਦਲ ਦੇ ਸਕਦੇ ਹਨ ਕੇਂਦਰੀ ਵਜ਼ੀਰੀ ਤੋਂ ਅਸਤੀਫ਼ਾ!

ਆਸ਼ਾ ਵਰਕਰਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੇ ਸਕ੍ਰੀਨਿੰਗ ਮੁਹਿੰਮ ਤਹਿਤ 50 ਲੱਖ ਤੋਂ ਵੱਧ ਘਰਾਂ ਨੂੰ ਕਵਰ ਕੀਤਾ ਹੈ ਅਤੇ ਲਗਭਗ 2.5 ਕਰੋੜ ਆਬਾਦੀ ਦਾ ਸਰਵੇਖਣ ਕੀਤਾ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰ ਸਿਹਤ ਪ੍ਰਣਾਲੀ ਦੇ ਮਹੱਤਵਪੂਰਣ ਮੈਂਬਰਾਂ ਵਿਚੋਂ ਇਕ ਹਨ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਮੀਨੀ ਪੱਧਰ 'ਤੇ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ :  ਸੁਖਬੀਰ ਦੇ ਅਰਡੀਨੈਂਸ ਬਿੱਲ ਵੋਟਿੰਗ ਵਾਲੇ ਬਿਆਨ 'ਤੇ 'ਤੱਤੇ' ਹੋਏ ਭਗਵੰਤ ਮਾਨ

ਕੋਵਿਡ-19 ਨਾਲ ਸਬੰਧਤ ਵਾਧੂ ਕਾਰਜਾਂ ਦੇ ਮੱਦੇਨਜ਼ਰ ਸੂਬੇ ਵੱਲੋਂ ਆਸ਼ਾ ਵਰਕਰਾਂ ਨੂੰ ਜਨਵਰੀ 2020 ਤੋਂ 1000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵਲੋਂ ਘਰ-ਘਰ ਜਾ ਕੇ ਸਰਵੇਖਣ ਕਰਨ ਲਈ ਆਸ਼ਾ ਵਰਕਰਾਂ ਨੂੰ ਅਪ੍ਰੈਲ ਤੋਂ ਜੂਨ 2020 ਤੱਕ 1500 ਰੁਪਏ ਪ੍ਰਤੀ ਮਹੀਨਾ ਵਾਧੂ ਮਾਣ ਭੱਤਾ ਵੀ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਅਗਸਤ 2020 ਤੱਕ ਆਸ਼ਾ ਵਰਕਰਾਂ ਨੂੰ ਮਾਣ ਭੱਤਾ ਦੇਣ 'ਤੇ ਤਕਰੀਬਨ 25 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਇਹ ਵੀ ਪੜ੍ਹੋ : ਖੇਤੀ ਆਰਡੀਨੈਂਸਾਂ 'ਤੇ ਜਾਖੜ ਦੀ ਕੇਂਦਰ ਨੂੰ ਚਿਤਾਵਨੀ

ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰ ਵਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਕੋਵਿਡ ਯੋਧਾ ਵਜੋਂ ਮਾਨਤਾ ਦਿੰਦਿਆਂ, ਪੰਜਾਬ ਸਰਕਾਰ ਕੋਵਿਡ ਨਾਲ ਸਬੰਧਤ ਵਾਧੂ ਕਾਰਜਾਂ ਲਈ ਜੁਲਾਈ ਮਹੀਨੇ ਤੋਂ 1500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣਾ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਵਾਲੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਨੂੰ 10,000 ਰੁਪਏ ਦੀ ਵਿਸ਼ੇਸ਼ ਸਹਾਇਤਾ ਰਾਸ਼ੀ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੌਮੀ ਸਿਹਤ ਮਿਸ਼ਨ ਦੇ ਡਾਇਰੈਕਟਰ ਨੂੰ ਹਦਾਇਤ ਕੀਤੀ ਕਿ ਉਹ ਹਰ ਮਹੀਨੇ ਦੀ 7 ਤਾਰੀਖ ਤੱਕ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਨੂੰ ਸਮੇਂ ਸਿਰ ਅਦਾਇਗੀਆਂ ਯਕੀਨੀ ਬਣਾਉਣ।

ਇਹ ਵੀ ਪੜ੍ਹੋ :  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬਾਦਲਾਂ ਨੂੰ ਨਸੀਹਤ


author

Gurminder Singh

Content Editor

Related News